Sunday, December 22, 2024

ਅੰਮ੍ਰਿਤਸਰ ਬੱਸ ਅੱਡੇ ‘ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਲੋਂ ਅਚਨਚੇਤ ਛਾਪਾ

ਆਰਬਿਟ ਸਮੇਤ 20 ਬੱਸਾਂ ਕੀਤੀਆਂ ਜ਼ਬਤ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ ਬਿਊਰੋ) – ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਅੰਮ੍ਰਿਤਸਰ ਬੱਸ ਅੱਡੇ ਅਤੇ ਸਿਟੀ ਸੈਂਟਰ, ਜਿਥੇ ਕਿ ਜਿਆਦਾਤਰ ਯਾਤਰੀ ਬੱਸਾਂ ਪਾਰਕ ਕੀਤੀਆਂ ਜਾਂਦੀਆਂ ਹਨ ਵਿਖੇ ਛਾਪਾ ਮਾਰਿਆ।ਉਨ੍ਹਾਂ ਦਸਤਾਵੇਜ਼ ਦੀ ਘਾਟ ਕਾਰਨ 20 ਵੱਖ-ਵੱਖ ਟਰਾਂਸਪੋਰਟਾਂ ਦੀਆਂ ਬੱਸਾਂ ਜ਼ਬਤ ਕੀਤੀਆਂ, ਜਿੰਨਾ ਵਿਚ ਆਰਬਿਟ ਦੀ ਬੱਸ ਵੀ ਸ਼ਾਮਿਲ ਹੈ।ਵੜਿੰਗ ਨੇ ਸਪੱਸ਼ਟ ਸਬਦਾਂ ਵਿੱਚ ਕਿਹਾ ਕਿ ਸਰਕਾਰੀ ਟੈਕਸ ਦੀ ਚੋਰੀ, ਨਾਜਾਇਜ਼ ਚੱਲਦੀਆਂ ਬੱਸਾਂ ਅਤੇ ਸੀਨਾਜ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜੋ ਵੀ ਬੱਸ ਪੰਜਾਬ ਦੀਆਂ ਸੜਕਾਂ ‘ਤੇ ਚੱਲੇਗੀ, ਟੈਕਸ ਭਰ ਕੇ ਚੱਲੇਗੀ।ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਵਿੱਚ ਕੀਤੀ ਸਖਤੀ ’ਚ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਰੋਕਣਾ ਵੀ ਸ਼ਾਮਿਲ ਹੈ।ਜਿਸ ਨਾਲ ਪਨਬਸ ਅਤੇ ਪੈਪਸੂ ਨੂੰ 40 ਲੱਖ ਰੁਪਏ ਰੋਜਾਨਾ ਦਾ ਲਾਭ ਹੋਇਆ ਹੈ।ਉਨ੍ਹਾਂ ਕਿਹਾ ਕਿ ਕੋਸ਼ਿਸ਼ ਰੋਜ਼ਾਨਾ ਆਮਦਨੀ ਇਕ ਕਰੋੜ ਰੁਪਏ ਵਧਾਉਣ ਦੀ ਹੈ।
                ਵੜਿੰਗ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਟੈਕਸ ਸਬੰਧੀ ਜਾਂਚ ਪੜਤਾਲ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਮੌਜ਼ੂਦਾ ਸਥਿਤੀ, ਜਿਸ ਵਿੱਚ ਵਾਹਨ ਦੀ ਉਮਰ, ਪ੍ਰਦੂਸ਼ਣ ਦਾ ਪੱਧਰ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵਾਹਨ ਦੀ ਛਾਣਬੀਣ ਵੀ ਜਰੂਰੀ ਕਰਨ, ਤਾਂ ਕਿ ਸੜਕਾਂ ‘ਤੇ ਚੱਲਦੇ ਇਹ ਵਾਹਨ ਕਿਸੇ ਦੀ ਜਾਨ ਲਈ ਖਤਰਾ ਨਾ ਬਣਨ।
                 ਟਰਾਂਸਪੋਰਟ ਮੰਤਰੀ ਨੇ ਬੱਸ ਅੱਡੇ ਉਤੇ ਸਫਾਈ ਦੀ ਕਮੀ ਨੂੰ ਲੈ ਕੇ ਅਧਿਕਾਰੀਆਂ ਦਾ ਖਿਚਾਈ ਕੀਤੀ ਅਤੇ ਆਪ ਸਫਾਈ ਕੀਤੀ।ਉਨ੍ਹਾਂ ਕਿਹਾ ਕਿ ਬੱਸ ਸਟੈਂਡ ਵਰਗੀਆਂ ਜਨਤਕ ਥਾਵਾਂ, ਬੱਸਾਂ ਦੀ ਸਫਾਈ ਉਨੀ ਹੀ ਜਰੂਰੀ ਹੈ ਜਿੰਨੀ ਕਿ ਆਪਣੇ ਘਰ ਦੀ।ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ 15 ਦਿਨ ਤੋਂ ਅਸੀਂ ਇਹ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੇ ਚੰਗੇ ਨਤੀਜੇ ਮਿਲਣ ਲੱਗੇ ਹਨ।
          ਸਰਕਾਰੀ ਬੱਸਾਂ ਦੀ ਹਾਲਤ ਸੁਧਾਰਨ ਬਾਰੇ ਪੁੱਛੇ ਜਾਣ ‘ਤੇ ਵੜਿੰਗ ਨੇ ਦੱਸਿਆ ਕਿ ਟਾਟਾ ਮੋਟਰਜ਼ ਨੂੰ 842 ਨਵੀਆਂ ਬੱਸਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਬਾਡੀ ਦੇ ਟੈਂਡਰ ਵੀ ਹੋ ਚੁੱਕੇ ਹਨ।ਆਸ ਹੈ ਕਿ ਮਹੀਨੇ ਤੱਕ ਨਵੀਆਂ ਸਰਕਾਰੀ ਬੱਸਾਂ ਸੜਕਾਂ ‘ਤੇ ਉਤਾਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …