Monday, December 23, 2024

ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾਸਰੋਤ – ਐਸ.ਐਸ.ਪੀ

ਪਰੇਡ ਵੱਲੋਂ ਸ਼ਹੀਦਾਂ ਨੂੰ ਸਲਾਮੀ ਅਤੇ ਉਨਾਂ ਦੇ ਪਰਿਵਾਰਾਂ ਦਾ ਹੋਇਆ ਸਨਮਾਨ

ਪਠਾਨਕੋਟ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪੁਲਿਸ ਵੱਲੋਂ ਅੱਜ ਐਸ.ਐਸ.ਪੀ ਸੁਰਿੰਦਰਾ ਲਾਂਬਾ ਦੀ ਅਗਵਾਈ ਵਿਚ ਪੁਲਿਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ।ਜ਼ਿਲ੍ਹਾ ਤੇ ਸੈਸ਼ਨ ਜੱਜ ਮੁਹੰਮਦ ਗੁਲਜਾਰ, ਐਡੀਸ਼ਨਲ ਸ਼ੈਸ਼ਨ ਜੱਜ (ਫੈਮਲੀ ਕੋਰਟ) ਪ੍ਰਿਤਪਾਲ ਸਿੰਘ, ਕਮਲਦੀਪ ਸਿੰਘ ਢਿੱਲੋਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਪਠਾਨਕੋਟ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ ਗੜ੍ਹਾ, ਸਵਤੰਤਰ ਕੁਮਾਰ ਮੁਰਗਈ ਸਾਬਕਾ ਉਪ ਕੁਲਪਤੀ ਗੁਰੂਕੁਲ ਕਾਂਗੜੀ ਹਰੀਦਵਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਸਲਾਮ ਕੀਤਾ ਗਿਆ।
ਐਸ.ਐਸ.ਪੀ ਸੁਰਿੰਦਰਾ ਲਾਂਬਾ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿਚੋਂ ਕਾਲੇ ਦੌਰ ਦਾ ਖ਼ਾਤਮਾ ਕਰ ਕੇ ਸ਼ਾਂਤੀ ਦੀ ਬਹਾਲੀ ਕਰਨ ਵਿਚ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਬਹਾਦਰੀ ਭਰੀ ਗਾਥਾ ਲਾਮਿਸਾਲ ਅਤੇ ਅਭੁੱਲ ਹੈ।ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾਸਰੋਤ ਹੈ ਅਤੇ ਸਾਨੂੰ ਹਰ ਪਲ ਇਹ ਯਾਦ ਕਰਵਾਉਂਦੀ ਹੈ ਕਿ ਦੇਸ਼ ਨੂੰ ਜੇਕਰ ਸਾਡੀ ਵੀ ਕੁਰਬਾਨੀ ਦੀ ਲੋੜ ਪਵੇ ਤਾਂ ਕਦੇ ਵੀ ਪਿੱਛੇ ਨਹੀਂ ਹਟਾਂਗੇ।ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਨੇੜੇ ਹਾਟ ਸਪਰਿੰਗਜ਼ ਵਿਖੇ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ ਵਿਚ 1960 ਤੋਂ ਅੱਜ ਦੇ ਦਿਨ ਨੂੰ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਅਤੇ ਹੋਰ ਮਹਿਮਾਨਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਭੇਂਟਾਂ ਦੇ ਕੇ ਸਨਮਾਨਿਤ ਕੀਤਾ ਗਿਆ।
                   ਇਸ ਮੌਕੇ ਮੌਜ਼ੂਦ ਐਸ.ਪੀ (ਡੀ) ਪ੍ਰਭਜੋਤ ਸਿੰਘ ਵਿਰਕ, ਐਸ.ਪੀ (ਹੈਡਕੁਆਟਰ) ਮਨੋਜ ਠਾਕੁਰ, ਐਸ.ਪੀ ਜੀ.ਐਸ ਸਾਂਗਾ ਤੇ ਹੋਰ ਪੁਲਿਸ ਅਧਿਕਾਰੀਆਂ ਅਤੇ ਸ਼ਹੀਦ ਪਰਿਵਾਰ ਸਮਿਤੀ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਸ਼ਰਧਾਂਜਲੀ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …