ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਯਾਦਗਰ ਭਵਨ ਚੱਬਾ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ।
ਜਿਸ ਵਿੱਚ ਸਰਬਸੰਮਤੀ ਨਾਲ ਕੀਤੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਮੁਕਤ ਕਰਾਇਆ ਸੀ।ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਦੱਸੇ ਰਾਹ ‘ਤੇ ਚੱਲ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਭਾਰਤ ਨੂੰ ਕਾਰਪੋਰੇਟ ਤੋਂ ਮੁਕਤ ਕਰਾਉਣ ਦੇ ਰੂਪ ਵਿੱਚ ਅਹਿਦ ਲੈ ਕੇ ਮਨਾਉਣਾ ਚਾਹੀਦਾ ਹੈ।ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਦੀਵਾਲੀ ਵਾਲੇ ਦਿਨ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਪਰਤੇ ਸਨ, ਤਾਂ ਲੋਕਾਂ ਨੇ ਦੀਪ ਜਲਾ ਕੇ ਖੁਸ਼ੀ ਮਨਾਈ ਸੀ।ਪਰ ਅੱਜ ਦੀ ਮੋਦੀ ਸਰਕਾਰ ਖੇਤੀ ਸੈਕਟਰ ਸਮੇਤ ਪੂਰੇ ਦੇਸ਼ ਨੂੰ ਕਾਰਪੋਰੇਟ ਹਵਾਲੇ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਬਨਵਾਸ ਦੇਣਾ ਚਾਹੁੰਦੀ ਹੈ।ਸੋ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਇਸ ਘੋਲ ਨੂੰ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਫ਼ਸਲਾਂ ਦੀ ਐਮ.ਐਸ.ਪੀ ਦੀ ਗਰੰਟੀ ਤੱਕ ਜਾਰੀ ਰੱਖਣ ਦਾ ਅਹਿਦ ਲਿਆ ਜਾਵੇ ਅਤੇ ਇਹ ਦਿਹਾੜਾ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇ।ਕਿਸਾਨ ਆਗੂਆਂ ਨੇ ਭਾਰੀ ਮੀਂਹ ਅਤੇ ਗੜ੍ਹੇਮਾਰੀ ਨਾਲ ਤਬਾਹ ਹੋਏ ਝੋਨੇ ਦਾ ਮੁਆਵਜ਼ਾ ਅਤੇ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿੱਧਵਾਂ, ਰਣਜੀਤ ਸਿੰਘ ਕਲੇਰਬਾਲਾ, ਸਤਨਾਮ ਸਿੰਘ ਮਾਨੋਚਾਹਲ ਆਦਿ ਆਗੂ ਵੀ ਮੀਟਿੰਗ ਵਿੱਚ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …