ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਮਾਨਾਂਵਾਲਾ ਬ੍ਰਾਂਚ ਵਿਖੇ ਅੱਜ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਮੈਡਮ ਮਨੀਸ਼ਾ ਗੁਲਾਟੀ, ਵੱਲੋਂ ਦੌਰਾ ਕੀਤਾ ਗਿਆ।ਮੈਡਮ ਮਨੀਸ਼ਾ ਗੁਲਾਟੀ ਦਾ ਸਵਾਗਤ ਡਾ: ਇੰਦਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ।ਡਾ: ਇੰਦਰਜੀਤ ਕੌਰ ਨੇ ਕਿਹਾ ਕਿ ਅੱਜ ਭਾਗਾਂ ਵਾਲਾ ਦਿਨ ਹੈ ਜਦ ਪਹਿਲੀ ਵਾਰ ਮਹਿਲਾ ਰਾਜ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਪਿੰਗਲਵਾੜਾ ਪਰਿਵਾਰ ਨੂੰ ਮਿਲਣ ਪਹੁੰਚੀ ਹੈ।ਮੈਡਮ ਮਨੀਸ਼ਾ ਗੁਲਾਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਨਵੇਂ ਸਾਲ ਦੀ ਸ਼ੁਰੂਆਤ ਮਨੁੱਖਤਾ ਦੇ ਇਸ ਮੰਦਰ ਤੋਂ ਆਰੰਭਣਾ ਚਾਹੁੰਦੀ ਸੀ। ਮੇਰੀ ਇਹ ਇੱਛਾ ਪੂਰੀ ਹੋਈ ਹੈ।ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਅਤੇ ਮੌਜੂਦਾ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਜੋ ਅਣਥੱਕ ਕੋਸ਼ਿਸ ਮਨੁੱਖਤਾ ਦੀ ਭਲਾਈ ਲਈ ਕਰ ਰਹੀ ਹੈ, ਉਸ ਸੇਵਾ ਦੀ ਸ਼ਲਾਘਾ ਲਈ ਉਨਾਂ ਪਾਸ ਸ਼ਬਦ ਨਹੀਂ ਹਨ।
ਮੈਡਮ ਮਨੀਸ਼ਾ ਗੁਲਾਟੀ ਨੇ ਮਾਨਾਂਵਾਲਾ ਬ੍ਰਾਂਚ ਦੀਆਂ ਵਾਰਡਾਂ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਕੁੱਝ ਪਲ ਬਿਤਾਏ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਨੂੰ ਮਨੁੱਖਤਾ ਪ੍ਰਤੀ ਪ੍ਰੇਮ ਦੀ ਭਾਵਨਾ ਸਿੱਖਣ ਲਈ ਇੱਕ ਵਾਰ ਪਿੰਗਲਵਾੜਾ ਜ਼ਰੂਰ ਦੇਖਣਾ ਚਾਹੀਦਾ ਹੈ।ਮੈਂ ਭਵਿੱਖ ਵਿੱਚ ਵੀ ਸਮਾਂ ਕੱਢ ਕੇ ਇਥੇ ਆਉਂਦੀ ਰਹਾਂਗੀ।ਮੈਡਮ ਗੁਲਾਟੀ ਨੇ ਇਸ ਮੌਕੇ ਪਿੰਗਲਵਾੜਾ ‘ਚ ਬੰਗਲਾਦੇਸ਼ ਅਤੇ ਹੋਰ ਥਾਵਾਂ ਤੋਂ ਆਪਣਿਆਂ ਘਰਾਂ ਤੋਂ ਵਿਛੜ ਕੇ ਰਹਿ ਰਹੀਆਂ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਜਲਦ ਹੀ ਸਬੰਧਤ ਸਰਕਾਰ ਨੂੰ ਉਨ੍ਹਾਂ ਦੀ ਘਰ ਵਾਪਸੀ ਲਈ ਕਾਰਵਾਈ ਦਾ ਭਰੋਸਾ ਦਿਵਾਇਆ।
ਡਾ: ਇੰਦਰਜੀਤ ਕੌਰ ਨੇ ਮੀਡੀਆ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਨੂੰ ਲਵਾਰਿਸ, ਬੇਸਹਾਰਾ ਬੱਚਿਆ ਅਤੇ ਔਰਤਾਂ ਦੀਆਂ ਮੁਸ਼ਕਿਲਾਂ ਪ੍ਰਤੀ ਸੰਜ਼ੀਦਾ ਹੋਣ ਦੀ ਲੋੜ ਹੈ, ਪਰ ਅਫਸੋਸ ਹੈ ਕਿ ਸਰਕਾਰਾਂ ਵਲੋਂ ਇਹਨਾਂ ਲੋਕਾਂ ਦੇ ਮਸਲਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜੋ ਕਿ ਠੀਕ ਨਹੀਂ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਰੀਬ 1.5 ਲੱਖ ਬੱਚੇ ਗੂੰਗੇ-ਬੋਲੇ ਹਨ, ਗੂੰਗੇ-ਬੋਲੇ ਬੱਚਿਆਂ ਲਈ 22 ਸਕੂਲ ਐਨ.ਜੀ.ਓ ਤੇ ਇਨ੍ਹਾਂ ਵਿਚੋਂ 5 ਸਕੂਲ ਪਿੰਗਲਵਾੜਾ ਸੰਸਥਾ ਚਲਾ ਰਹੀ ਹੈ।ਉਹਨਾਂ ਕਿਹਾ ਕਿ ਹਾਕਮ ਸਰਕਾਰ ਯਤੀਮ ਬੱਚਿਆਂ ਨੂੰ ਰਿਜ਼ਰਵੇਸ਼ਨ ਦੇਵੇ ਅਤੇ ਵਾਤਾਵਰਨ ਨੂੰ ਬਚਾਉਣ ਪ੍ਰਤੀ ਪ੍ਰਭਾਵੀ ਉਪਰਾਲੇ ਕਰੇ ਤਾਂ ਜੋ ਸੰਸਾਰ ਅੰਦਰ ਸ਼ੁੱਧ ਹਵਾ, ਪਾਣੀ ਲੋਕਾਂ ਨੂੰ ਮਿਲਦੇ ਰਹਿਣ।
ਇਸ ਮੌਕੇ ਵਿਜੇ ਕੁਮਾਰ, ਮੋਹਨ ਕੁਮਾਰ, ਡਾ: ਜਗਦੀਪਕ ਸਿੰਘ ਉਪ ਪ੍ਰਧਾਨ, ਰਾਜਬੀਰ ਸਿੰਘ ਟਰੱਸਟੀ ਮੈਂਬਰ, ਹਰਜੀਤ ਸਿੰਘ, ਜੈ ਸਿੰਘ, ਗੁਲਸ਼ਨ ਰੰਜਨ ਤੇ ਯੋਗੇਸ਼ ਸੂਰੀ ਆਦਿ ਹਾਜ਼ਰ ਸਨ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …