ਮੁੱਖ ਸੰਸਦੀ ਸਕੱਤਰ ਦੇਸਰਾਜ ਧੁੱਗਾ, ਜਥੇਦਾਰ ਲੰਗਾਹ ਤੇ ਡੀ.ਸੀ. ਤ੍ਰਿਖਾ ਨੇ ਕੀਤਾ ਉਦਘਾਟਨ
ਬਟਾਲਾ, 20 ਨਵੰਬਰ (ਨਰਿੰਦਰ ਬਰਨਾਲ) – ਪਸ਼ੂ ਪਾਲਣ ਵਿਭਾਗ ਵੱਲੋਂ 2 ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂਧਨ ਮੇਿਲਾ ਅਤੇ ਦੁੱਧ ਚੁਆਈ ਮੁਕਾਬਲੇ ਅੱਜ ਸ਼ਾਨੋ-ਸ਼ੌਕਤ ਨਾਲ ਬਟਾਲਾ ਦੀ ਮਾਲ ਮੰਡੀ ਵਿਖੇ ਸ਼ੁਰੂ ਹੋ ਗਏ ਹਨ। ਇਸ ਪਸ਼ੂਧਨ ਚੈਪੀਂਅਨਸ਼ਿਪ ਦਾ ਉਦਘਾਟਨ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ, ਸਾਬਕਾ ਮੰਤਰੀ ਸ. ਸੁੱਚਾ ਸਿੰਘ ਲੰਗਾਹ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਪਸ਼ੂਧਨ ਚੈਪੀਂਅਨਸ਼ਿਪ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਮੇਲੇ ‘ਚ ਆਏ ਪਸ਼ੂ ਪਾਲਕਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਹੁੰਦਿਆਂ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਡੇਅਰੀ ਧੰਦੇ ਵੱਲ ਪ੍ਰੇਰਤ ਕਰਨ ਲਈ ਹਰ ਜ਼ਿਲ੍ਹੇ ਇਹ ਪਸ਼ੂਧਨ ਚੈਪੀਂਅਨਸ਼ਿਪ ਕਰਾਈ ਜਾ ਰਹੀ ਹੈ। ਉਨਾਂ ਕਿਹਾ ਕਿ ਬਟਾਲਾ ਦੇ ਇਸ ਪਸ਼ੂਧਨ ਮੁਕਾਬਲੇ ‘ਚ ਪਸ਼ੂਆਂ ਦੀਆਂ 50 ਵੱਖ-ਵੱਖ ਸ਼੍ਰੇਣੀਆਂ ਦੇ ਨਸਲ ਮੁਕਾਬਲੇ ਅਤੇ ਮੱਝਾਂ, ਗਾਵਾਂ, ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਭਲਕੇ 5.50 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਸ੍ਰੀ ਧੁੱਗਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਜੇਤੂ ਮਾਘੀ ਮੇਲੇ ‘ਤੇ ਮੁਕਤਸਰ ਵਿਖੇ ਲੱਗ ਰਹੇ ਰਾਸ਼ਟਰੀ ਪਸ਼ੂਧਨ ਮੁਕਾਬਲੇ ‘ਚ ਬਾਗ ਲੈਣਗੇ ਜਿਥੇ ਜੇਤੂਆਂ ਨੂੰ 1.50 ਕਰੋੜ ਰੁਪਏ ਇਨਾਮ ਦਿੱਤੇ ਜਾਣਗੇ। ਇਸ ਮੌਕੇ ਸ੍ਰੀ ਧੁੱਗਾ ਨੇ ਐਲਾਨ ਕੀਤਾ ਕਿ ਬਟਾਲਾ ਦੀ ਪਸ਼ੂ ਮੰਡੀ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ ਤਾਂ ਜੋ ਇਹ ਮੰਡੀ ਪਸ਼ੂ ਪਾਲਕਾਂ ਲਈ ਇੱਕ ਪ੍ਰਮੁੱਖ ਵਪਾਰਕ ਸਥਾਨ ਬਣ ਸਕੇ।
ਸਹਾਇਕ ਧੰਦਿਆਂ ਦੀ ਲੋੜ ‘ਤੇ ਜੋਰ ਦਿੰਦਿਆਂ ਸ੍ਰੀ ਧੁੱਗਾ ਨੇ ਕਿਹਾ ਕਿ ਅਜੋਕੇ ਸਮੇਂ ‘ਚ ਕਿਸਾਨ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ‘ਚ ਚੋਖਾ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੇਅਰੀ ਧੰਦੇ ਸਮੇਤ ਵੱਖ-ਵੱਖ ਧੰਦਿਆਂ ਨੂੰ ਉਤਸ਼ਾਹਤ ਕਰਨ ਲਈ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਹ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਰਾਹੀਂ ਸਬਸਿਡੀ ‘ਤੇ ਕਰਜ਼ੇ ਵੀ ਦਿੱਤੇ ਜਾ ਰਹੇ ਹਨ। ਸ੍ਰੀ ਧੁੱਗਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਡੇਅਰੀ ਦਾ ਧੰਦਾ ਸਹਾਇਕ ਧੰਦੇ ਨਾਲੋਂ ਮੁੱਖ ਧੰਦੇ ਦੇ ਰੂਪ ‘ਚ ਉਭਰਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਡੇਅਰੀ ਫਾਰਮ ਸਮੇਤ ਵੱਖ-ਵੱਖ ਸਹਾਇਕ ਧੰਦੇ ਸ਼ੁਰੂ ਕਰਨ ਅਤੇ ਵੱਧ ਤੋਂ ਵੱਧ ਆਰਥਿਕ ਲਾਭ ਉਠਾਉਣ।
ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਵੀ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਹਾਇਕ ਧੰਦੇ ਹੀ ਕਿਸਾਨੀ ਨੂੰ ਲਾਹੇਵੰਦਾ ਧੰਦਾ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਤਕਨੀਕੀ ਯੁੱਗ ਹੈ ਅਤੇ ਸਾਨੂੰ ਕਾਮਯਾਬ ਹੋਣ ਲਈ ਮਾਹਿਰਾਂ ਦੀਆਂ ਸ਼ਿਫਾਰਸ਼ਾਂ ਨੂੰ ਅਪਨਾਉਣਾ ਚਾਹੀਦਾ ਹੈ। ਸ. ਲੰਗਾਹ ਨੇ ਕਿਹਾ ਕਿ ਸੂਬਾ ਸਰਕਾਰ ਨੇ ਡੇਅਰੀ ਧੰਦੇ ਨੂੰ ਉਤਸ਼ਾਹਤ ਕਰਨ ਲਈ ਜੋ ਕਦਮ ਚੁੱਕੇ ਹਨ ਉਹ ਆਪਣੇ ਆਪ ‘ਚ ਮਿਸਾਲ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਹੱਥੀ ਮਿਹਨਤ ਕਰਨ ਅਤੇ ਫਸਲਾਂ ਦੇ ਮੰਡੀਕਰਨ ਵੱਲ ਵੀ ਖੁਦ ਧਿਆਨ ਦੇਣ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਬਟਾਲਾ ਦੀ ਮਾਲ ਮੰਡੀ ‘ਚ ਇਹ ਚੌਥਾ ਸਲਾਨਾ ਪਸ਼ੂਧਨ ਮੇਲਾ ਹੈ ਅਤੇ ਇਸ ਵਾਰ ਰਿਕਾਰਡ 2500 ਤੋਂ ਵੱਧ ਪਸ਼ੂ ਪਾਲਕ ਇਨ੍ਹਾਂ ਮੁਕਾਬਲਿਆਂ ‘ਚ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪਸ਼ੂਧਨ ਮੇਲੇ ਦੌਰਾਨ ਕਿਸਾਨਾਂ ਅਤੇ ਮੁਕਾਬਿਲਆਂ ‘ਚ ਹਿੱਸਾ ਲੈਣ ਵਾਲੇ ਪਸ਼ੂ ਦੇ ਰਹਿਣ ਦੇ ਖਾਸ ਪ੍ਰਬੰਧ ਕੀਤੇ ਹੋਏ ਹਨ। ਡਾ. ਤ੍ਰਿਖਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਅਰੀ ਧੰਦੇ ਨੂੰ ਉਤਸ਼ਾਹਤ ਕਰਨ ਲਈ ਵੱਖ-ਵੱਖ ਯੋਜਨਾਵਾਂ ਤਹਿਤ ਨੌਜਵਾਨਾਂ ਨੂੰ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਵਨ ਕੁਮਾਰ ਗਾਂਧੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਮੇਲੇ ਦੌਰਾਨ ਘੋੜੀਆਂ ਦੇ ਨਾਚ ਖਿੱਚ ਦਾ ਕੇਂਦਰ ਬਣੇ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਬਟਾਲਾ ਸ. ਅਰਵਿੰਦਰਪਾਲ ਸਿੰਘ, ਸੱਭਿਆਚਾਰਕ ਕਮੇਟੀ ਦੇ ਕੋਆਰਡੀਨੇਟਰ ਡਾ. ਪਰਮਜੀਤ ਸਿੰਘ ਕਲਸੀ, ਸੀਨੀਅਰ ਵੈਟਰਨਰੀ ਅਫਸਰ ਬਟਾਲਾ ਡਾ. ਸਰਬਜੀਤ ਸਿੰਘ ਰੰਧਾਵਾ, ਡਾ. ਕੁਲਦੀਪ ਮਹਾਜਨ, ਡਾ: ਸ਼ਾਮ ਸਿੰਘ, ਡਾ: ਸੁਧੀਰ, ਡਾ: ਗੁਰਦੇਵ ਸਿੰਘ, ਡਾ: ਜਸਵਿੰਦਰ ਸਿੰਘ, ਡਾ: ਹਰਪ੍ਰੀਤ ਸਿੰਘ, ਡਾ: ਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਸ਼ੂ ਪਾਲਕ, ਕਿਸਾਨ ਅਤੇ ਦਰਸ਼ਕ ਹਾਜ਼ਰ ਸਨ।