ਵਿਦਿਆਰਥਣਾਂ ਹਾਸਲ ਕੀਤੇ ਸੋਨੇ ਦੇ 8, ਚਾਂਦੀ 10 ਅਤੇ ਕਾਂਸੇ ਦੇ 7 ਤਮਗੇ
ਅੰਮ੍ਰਿਤਸਰ, 25 ਨਵੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਐਥਲੈਟਿਕਸ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਦਾ ਪ੍ਰਦਰਸ਼ਨ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਇੰਟਰ ਕਾਲਜ ਮੁਕਾਬਲੇ ਵਿੱਚ 87 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੀ ਉਕਤ ਟੀਮ ਨੇ ਇਸ ਮੁਕਾਬਲੇ ਵਿੱਚ 8 ਸੋਨੇ, 10 ਚਾਂਦੀ ਅਤੇ 7 ਕਾਂਸੇ ਦੇ ਤਮਗੇ ਜਿੱਤਕੇ ਪਹਿਲਾ ਸਥਾਨ ਹਾਸਲ ਕਰਦਿਆ ਕਾਲਜ ਦਾ ਨਾਂਅ ਰੌਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਇਸ ਸਫ਼ਲਤਾ ‘ਤੇ ਖੁਸ਼ੀ ਪ੍ਰਗਟਾਉਂਦਿਆ ਕਿਹਾ ਕਿ ਉਕਤ ਮੁਕਾਬਲੇ ਵਿੱਚ ਨਵਜੀਤ ਕੌਰ ਢਿੱਲੋਂ ਨੇ ਸ਼ਾਟਪੁੱਟ ਵਿੱਚ 15.03 ਮੀਟਰ ਦੂਰੀ ਅਤੇ ਡਿਸਕਸ ਥਰੋਅ ਵਿੱਚ 54.43 ਮੀਟਰ ਦੀ ਦੂਰੀ ਦਾ ਸ਼ਾਨਦਾਰ ਰਿਕਾਰਡ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਟੀਮ ਦੀਆਂ 6 ਵਿਦਿਆਰਥਣਾਂ ਨਵਜੀਤ ਕੌਰ, ਇੰਦਰਜੀਤ ਕੌਰ, ਖੁਸ਼ਪ੍ਰੀਤ ਕੌਰ, ਸੁਮਨ ਬਾਲਾ, ਅਮਰਬੀਰ ਕੌਰ ਅਤੇ ਕਿਰਨਪਾਲ ਕੌਰ ਮੈਗਲੋਰ ਵਿਖੇ ਹੋਣ ਜਾ ਰਹੇ ‘ਆਲ ਇੰਡੀਆ ਇੰਟਰਵਿਸਟੀ ਕੈਂਪ’ ਲਈ ਚੁਣੀਆਂ ਗਈਆਂ ਹਨ।
ਡਾ. ਮਾਹਲ ਨੇ ਇਸ ਮੌਕੇ ਕਾਲਜ ਦੇ ਅਧਿਆਪਕ ਮੁੱਖੀ ਸੁਖਦੀਪ ਕੌਰ, ਕੋਚ ਸ: ਰਣਕੀਰਤ ਸਿੰਘ, ਸ: ਕੁਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਇਸ ਉਪਲਬੱਧੀ ‘ਤੇ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਨੂੰ ਅਗਾਂਹ ਭਵਿੱਖ ਵਿੱਚ ਵੀ ਵੱਡੇ ਪੱਧਰ ਦੀਆਂ ਉਪਲਬੱਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।