ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਵਲੋਂ ਸਾਲ 2022-23 ਦੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਅਤੇ ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਮੁੱਖੀਆਂ ਅਤੇ ਉਪ ਮੁੱਖੀਆਂ ਦੇ ਨਾਲ ਮੀਟਿੰਗ ਕੀਤੀ ਗਈ।ਜਿਸ ਵਿਚ ਬੀਤੇ ਵਿੱਤੀ ਸਾਲ ਦੌਰਾਨ ਨਗਰ ਨਿਗਮ ਵਲੋਂ ਕੀਤੇ ਗਏ ਅਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਜਨਹਿੱਤ ਸਕੀਮਾਂ ਨੂੰ ਜ਼ਮੀਨੀ ਪੱਧਰ ‘ਤੇ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਹਾਸਲ ਕੀਤੀ ਗਈ।
ਮੇਅਰ ਕਰਮਜੀਤ ਸਿੰਘ ਨੇ ਮੀਟਿੰਗ ਵਿਚ ਮੌਜ਼ੂਦ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤਾਂ ਕੀਤੀਆਂ ਕਿ ਪਿਛਲੇ ਸਮਿਆਂ ਦੌਰਾਨ ਮੁਲਾਜ਼ਮਾਂ ਦੀ ਜੋ ਵੀ ਕਾਰਜ਼ਪ੍ਰਣਾਲੀ ਸੀ, ਉਸ ਵਿਚ ਫੌਰੀ ਸੁਧਾਰ ਲਿਆਂਦਾ ਜਾਵੇ।ਕਿਉਂਕਿ ਸਰਕਾਰ ਦੀ ਇਸ ਬਾਰੇ ‘ਜੀਰੋ ਟੋਲਰੈਂਸ ਪਾਲਿਸੀ’ ਹੈ।ਪਬਲਿਕ ਡੀਲਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ।ਉਹਨਾਂ ਕਿਹਾ ਕਿ ਪਬਲਿਕ ਦੀਆਂ ਰੋਜ਼ਾਨਾ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਲਾਜ਼ਮੀ ਬਣਾਇਆ ਜਾਵੇ।ਨਿਗਮ ਸਟਾਫ਼ ਨੂੰ ਵੀ ਹਦਾਇਤ ਕੀਤੀ ਜਾਵੇ ਕਿ ਉਹਨਾਂ ਦੇ ਦਫ਼ਤਰਾਂ ਵਿੱਚ ਜਨਮ ਅਤੇ ਮੌਤ ਦੇ ਸਰਟੀਫਿਕੇਟ, ਟਰੇਡ ਲਾਇਸੈਂਸ, ਪਾਣੀ ਸੀਵਰੇਜ਼ ਦੇ ਬਿੱਲਾਂ ਅਤੇ ਹੋਰ ਕੰਮਾਂ ਲਈ ਆਉਣ ਵਾਲੀ ਪਬਲਿਕ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾਵੇ।
ਨਿਗਮ ਦੇ ਸਿਵਲ ਅਤੇ ਓ ਐਂਡ ਐਮ ਵਿਭਾਗ ਦੇ ਮੁੱਖੀਆਂ ਨੂੰ ਕਿਹਾ ਕਿ ਤਮਾਮ ਤਕਨੀਤੀ ਸਟਾਫ਼ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਰੋਜ਼ਾਨਾ ਦੌਰੇ ਕਰਨ ਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਕੰਮਾਂ ਨੂੰ ਬਿਨ੍ਹਾਂ ਦੇਰੀ ਦੇ ਨੇਪਰੇ ਚਾੜਿਆ ਜਾਵੇ।ਉਹਨਾਂ ਵਿਭਾਗਾਂ ਦੇ ਮੁੱਖੀਆਂ ਨੂੰ ਆਪ ਵੀ ਫੀਲਡ ਵਿੱਚ ਜਾ ਕੇ ਟੈਕਨੀਕਲ ਸਟਾਫ਼ ਵੱਲੋਂ ਕੀਤੇ ਗਏ ਕੰਮਾਂ ਦਾ ਨਰੀਖਣ ਕਰਨ ਲਈ ਕਿਹਾ ।
ਸ਼ਹਿਰ ਦੀ ਸਫਾਈ ਵਿਵਸਥਾ ਬਾਰੇ ਮੇਅਰ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸੈਨੀਟੇਸ਼ਨ ਸਟਾਫ ਆਪਣਾ ਕੰਮ ਪੂਰੀ ਮਿਹਨਤ ਨਾਲ ਕਰਨ ਅਤੇ ਅਧਿਕਾਰੀ ਵੀ ਮੌਕੇ ‘ਤੇ ਉਹਨਾਂ ਦਾ ਕੰਮ ਚੈਕ ਕਰਨ।ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਰੋਜ਼ਾਨਾ ਸੁਚਾਰੂ ਢੰਗ ਨਾਲ ਕਰਵਾਈ ਜਾਵੇ।ਨਗਰ ਨਿਗਮ ਦੀਆਂ ਮੁਹੱਲਿਆਂ ‘ਚ ਜਿਨ੍ਹੀਆਂ ਵੀ ਮੈਡੀਕਲ ਡਿਸਪੈਂਸਰੀਆਂ ਹਨ, ਉਹਨਾਂ ਨੂੰ ਰੈਗੂਲਰ ਕਰਕੇ ਪਬਲਿਕ ਨੂੰ ਸਿਹਤ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣ।
ਉਹਨਾਂ ਰਿਕਵਰੀ ਨਾਲ ਸਬੰਧਤ ਵਿਭਾਗਾਂ ਨੂੰ ਨਵੇਂ ਵਿੱਤੀ ਸਾਲ ਦੌਰਾਨ ਮਿਥੇ ਗਏ ਟੀਚਿਆਂ ਅਨੁਸਾਰ ਰਿਕਰਵਰੀ ਕਰਨ ਲਈ ਵਿਉਂਤਬੰਧੀ ਕਰਨ ਲਈ ਕਿਹਾ।ਫਾਇਰ ਬਿਗ੍ਰੇਡ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਕਮਰਸ਼ੀਅਲ, ਇੰਡਸਟ੍ਰੀਅਲ ਤੇ ਵਿਦਿਅਕ ਅਦਾਰਿਆਂ ਦਾ ਸਰਵੇਖਣ ਕਰਕੇ ਨਿਯਮਾਂ ਅਨੁਸਾਰ ਬਣਦੇ ਫਾਇਰ ਸੇਫਟੀ ਪ੍ਰਬੰਧ ਲਾਜ਼ਮੀ ਕੀਤੇ ਜਾਣ।
ਅੰਤ ‘ਚ ਮੇਅਰ ਰਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕੀਤੀ ਜਾਵੇ, ਕਰਮਚਾਰੀਆਂ ਦੀ ਹਾਜ਼ਰੀ ਨਿਯਮਤ ਕੀਤੀ ਜਾਵੇ ਅਤੇ ਕੰਮ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵਿਰੁੱਧ ਸਖ਼ਤ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿਚ ਨਿਗਰਾਨ ਇੰਜੀ. ਦਪਿੰਦਰ ਸੰਧੂ, ਸੰਦੀਪ ਸਿੰਘ, ਸਤਿੰਦਰ ਕੁਮਾਰ, ਕਾਰਜਕਾਰੀ ਇੰਜੀ. ਐਸ.ਐਸ ਮੱਲ੍ਹੀ, ਰਜਿੰਦਰ ਸਿਘ ਮਰੜੀ, ਪਰਦੀਪ ਸਲੂੂਜਾ, ਸਕੱਤਰ ਵਿਸ਼ਾਲ ਵਧਾਵਨ, ਸੁਸ਼ਾਂਤ ਭਾਟੀਆ, ਦਲਜੀਤ ਸਿੰਘ, ਰਜਿੰਦਰ ਸ਼ਰਮਾ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਡਾ: ਕਿਰਨ ਕੁਮਾਰ, ਡਾ: ਮੁਨੀਸ਼ ਸ਼ਰਮਾ, ਡੀ.ਸੀ.ਐਫ.ਏ ਮਨੂੰ ਸ਼ਰਮਾ, ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ, ਨਿਗਮ ਯੋਜਨਾਕਾਰ ਆਈ.ਪੀ.ਐਸ ਰੰਧਾਵਾ, ਲਾਅ ਅਫ਼ਸਰ ਅੰਮ੍ਰਿਤਪਾਲ ਸਿੰਘ, ਵਿਗਿਆਪਨ ਸੁਪਰਡੰਟ ਪੁਸ਼ਪਿੰਦਰ ਸਿੰਘ, ਸੁਪਰਡੈਂਟ ਸਤਪਾਲ ਸਿੰਘ ਆਦਿ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …