ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ ਤਿੰਨ ਸਾਲਾਂ ਵਿਚ ਪਾਕਿਸਤਾਨ ਵਿਚ 1000 ਦੇ ਕਰੀਬ ਹਿੰਦੂ ਤੇ ਕ੍ਰਿਸਚੀਅਨ ਲੜਕੀਆਂ ਦਾ ਜਬਰਦਸਤੀ ਧਰਮ ਪਰਿਵਰਤਣ ਕਰਕੇ ਉਨ੍ਹਾਂ ਨੂੰ ਇਸਲਾਮ ਕੁਬੂਲ ਕਰਵਾਇਆ ਗਿਆ।ਇਨ੍ਹਾਂ ਵਿਚੋਂ ਕਰੀਬ 700 ਇਸਾਈ ਅਤੇ 300 ਹਿੰਦੂ ਲੜਕੀਆਂ ਸਨ।ਪਾਕਿਸਤਾਨੀ ਹਿੰਦੂ-ਸਿੱਖਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਧਾਰਮਿਕ ਤੇ ਵਿਰਾਸਤੀ ਸਮਾਰਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ‘ਤੇੇ ਇਕਾਂਤਰ ਨਜ਼ਰ ਰੱਖਣ ਵਾਲੇ ਇਤਿਹਾਸਕਾਰ ਤੇ ਖੋਜ਼ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਪੱਤਰਕਾਰਾਂ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਪਰੋਕਤ ਮੁਸਲਮਾਨ ਬਣਾਈਆਂ ਗਈਆਂ ਲੜਕੀਆਂ ਦੀ ਗਿਣਤੀ ਅਸਲ ਵਿਚ ਇਸ ਤੋਂ ਦੋਗੁਣਾ ਜਾਂ ਉਸ ਤੋਂ ਵੀ ਜ਼ਿਆਦਾ ਹੈ, ਪਰੰਤੂ ਦੋਸ਼ੀਆਂ ਦੇ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ਼ ਨਾ ਕੀਤੇ ਜਾਣ ਕਰਕੇ ਧਰਮ ਪਰਿਵਰਤਨ ਦੇ ਸਾਰੇ ਮਾਮਲੇ ਸਾਹਮਣੇ ਨਹੀਂ ਆ ਰਹੇ ਹਨ।
ਸ਼੍ਰੀ ਕੋਛੜ ਦੇ ਅਨੁਸਾਰ ਪਾਕਿਸਤਾਨੀ ਹਿੰਦੂ ਸੁਸਾਇਟੀਆਂ ਨੇ ਪਾਕਿਸਤਾਨੀ ਅਦਾਲਤਾਂ ਵਿਚ ਪੁੱਖਤਾ ਸਬੂਤਾਂ ਸਹਿਤ ਇਹ ਦਾਅਵਾ ਪੇਸ਼ ਕੀਤਾ ਹੈ ਕਿ ਪਾਕਿਸਤਾਨ ਵਿਚ ਹਰ ਮਹੀਨੇ 14 ਤੋਂ 25 ਸਾਲ ਦੀਆਂ 22 ਤੋਂ 25 ਹਿੰਦੂ-ਇਸਾਈ ਲੜਕੀਆਂ ਦਾ ਅਗਵਾ ਕਰਕੇ ਉਨ੍ਹਾਂ ਨੂੰ ਇਸਲਾਮ ਕੁਬੂਲ ਕਰਵਾਇਆ ਜਾ ਰਿਹਾ ਹੈ।ਜਿਸ ਕਾਰਣ ਵਿਸ਼ੇਸ਼ ਤੌਰ ‘ਤੇ ਸਿੰਧ ਸੂਬੇ ਦੇ ਜ਼ਿਆਦਾਤਰ ਹਿੰਦੂਆਂ ਨੇ ਆਪਣੀਆਂ ਲੜਕੀਆਂ ਦੇ ਸਕੂਲ ਕਾਲਜ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।ਉਹਨਾਂ ਦੱਸਿਆ ਕਿ ਸਿੰਧ ਸਹਿਤ ਪਾਕਿਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਅਜਿਹੇ ਸੈਂਕੜੇ ਮਾਮਲੇ ਦਰਜ਼ ਹਨ, ਜਿੱਥੇ ਹਿੰਦੂ ਲੜਕੀਆਂ ਨਾਲ ਬਲਾਤਕਾਰ ਕਰਕੇ ਜਬਰਦਸਤੀ ਉਨ੍ਹਾਂ ਪਾਸੋਂ ਇਸਲਾਮ ਕੁਬੂਲ ਕਰਵਾਇਆ ਗਿਆ।ਇਸ ਵਿਚ ਸਭ ਤੋਂ ਸ਼ਰਮਨਾਕ ਸੱਚ ਇਹ ਹੈ ਕਿ ਕਿਸੇ ਵੀ ਅਦਾਲਤ ਦੇ ਜੱਜ ਨੇ ਅੱਜ ਤੱਕ ਕਿਸੇ ਘੱਟ ਉਮਰ ਹਿੰਦੂ ਲੜਕੀ ਪਾਸੋਂ ਉਸਦੀ ਉਮਰ ਜਾਂ ਉਸਦੀ ਨਿੱਜੀ ਇੱਛਾ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ।ਅਦਾਲਤ ਵਿਚ ਪੇਸ਼ ਕਰਨ ‘ਤੇ ਹਰੇਕ ਹਿੰਦੂ ਲੜਕੀ ਤੋਂ ਜੱਜ ਦਾ ਇਹੋ ਸਵਾਲ ਰਹਿੰਦਾ ਹੈ ਕਿ ਕੀ ਉਸ ਨੂੰ ਕਲਮਾ ਪੜ੍ਹਣਾ ਆਉਂਦਾ ਹੈ?
ਸ਼੍ਰੀ ਕੋਛੜ ਨੇ ਕਿਹਾ ਕਿ ਇਸਲਾਮਿਕ ਦੇਸ਼ ਹੋਣ ਕਰਕੇ ਪਾਕਿਸਤਾਨ ਵਿਚ ਰਹਿਣ ਵਾਲਾ ਸ਼ਾਇਦ ਹੀ ਕੋਈ ਅਜਿਹਾ ਹਿੰਦੂ-ਸਿੱਖ ਜਾਂ ਇਸਾਈ ਹੋਵੇਗਾ, ਜਿਸ ਨੂੰ ਕਲਮਾ ਪੜ੍ਹਣਾ ਨਾ ਆਉਂਦਾ ਹੋਵੇ।ਉਹਨਾਂ ਦੱਸਿਆ ਕਿ ਜੱਜ ਦੇ ਸਾਹਮਣੇ ਹਿੰਦੂ ਲੜਕੀ ਦੁਆਰਾ ਜਵਾਬ ‘ਹਾਂ’ ਵਿਚ ਦੇਣ ‘ਤੇ ਉਸ ਨੂੰ ਅਗਵਾਕਾਰਾਂ ਦੇ ਨਾਲ ਭੇਜ ਦਿੱਤਾ ਜਾਂਦਾ ਹੈ ਅਤੇ ਜਵਾਬ ਵਿਚ ‘ਨਹੀਂ’ ਕਹਿਣ ‘ਤੇ ਉਸ ਨੂੰ ਸਰਕਾਰੀ ਜੇਲ੍ਹ ਦੇ ਮਹਿਲਾ-ਘਰ ਵਿਚ ਭੇਜ ਦਿੱਤਾ ਜਾਂਦਾ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਫ਼ਰਿਆਦ ਕਰਨ ਵਾਲੇ ਹਿੰਦੂਆਂ ਨੂੰ ਇਨਸਾਫ਼ ਨਹੀਂ ਮਿਲਦਾ।
ਸ਼੍ਰੀ ਕੋਛੜ ਨੇ ਦੱਸਿਆ ਕਿ ਪਾਕਿਸਤਾਨੀ ਮੁਸਲਿਮ ਸੈਮਿਨਰੀਜ਼ ਦੁਆਰਾ ਨੌਜਵਾਨ ਮੁਸਲਮਾਨਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਗੈਰ-ਮੁਸਲਿਮ ਅਤੇ ਵਿਸ਼ੇਸ਼ ਤੌਰ ‘ਤੇ ਕਿਸੇ ਹਿੰਦੂ ਲੜਕੀ ਨੂੰ ਇਸਲਾਮ ਕੁਬੂਲ ਕਰਵਾਉਣ ‘ਤੇ ਹਜ਼-ਏ-ਅਕਬਰੀ ਦੇ ਸਮਾਨ ਸਵਾਬ ਮਿਲਦਾ ਹੈ।ਉਹਨਾਂ ਦੱਸਿਆ ਕਿ ਹਿੰਦੂ ਲੜਕੀਆਂ ਨੂੰ ਅਗਵਾ ਕਰਨ ‘ਤੇ ਜੇਕਰ ਉਹ ਇਸਲਾਮ ਕੁਬੂਲ ਕਰਨ ਤੋਂ ਇਨਕਾਰ ਕਰਦੀਆਂ ਹਨ ਤਾਂ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਜਾਨੋ ਮਾਰੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਉਹ ਲੜਕੀਆਂ ਉਨ੍ਹਾਂ ਦੇ ਕਬਜ਼ੇ ਵਿਚੋਂ ਨਿਕਲ ਕੇ ਭੱਜ ਨਾ ਸਕਣ ਅਤੇ ਮੀਡੀਆ ਦੇ ਸਾਹਮਣੇ ਆਪਣਾ ਮੂੰਹ ਨਾ ਖੋਲ ਸਕਣ, ਇਸ ਸਭ ਦੇ ਲਈ ਉਨ੍ਹਾਂ ਨੂੰ ਬਲੈਕ ਮੇਲ ਕਰਨ ਲਈ ਉਨ੍ਹਾਂ ਨੂੰ ਬੇ-ਆਬਰੂ ਕਰਕੇ ਉਨ੍ਹਾਂ ਦੀਆਂ ਅਸ਼ਲੀਲ ਫ਼ਿਲਮਾਂ ਵੀ ਬਣਾਈਆਂ ਜਾਂਦੀਆਂ ਹਨ।
ਉਹਨਾਂ ਦੱਸਿਆ ਕਿ ਪਿੱਛਲੇ ਦਿਨੀਂ ਸਿੰਧ ਸੂਬੇ ਵਿੱਚ ਰਹਿੰਦੀ ਇਕ ਦਲਿਤ ਹਿੰਦੂ ਮਹਿਲਾ ਰੇਸ਼ਮਾ ਬਾਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਕੁੱਝ ਮੁਸਲਮਾਨ ਲੜਕੇ ਉਸਦੀ 14 ਸਾਲਾਂ ਪੁੱਤਰੀ ਕੁਮਾਰੀ ਨੂੰ ਉਸ ਦੇ ਘਰੋਂ ਅਗਵਾ ਕਰਨ ਆਏ ਤਾਂ ਉਸ ਨੇ ਉਨ੍ਹਾਂ ਨੂੰ ਈਸ਼ਵਰ ਦਾ ਵਾਸਤਾ ਦਿੰਦੇ ਹੋਏ ਕੁਮਾਰੀ ਨੂੰ ਛੱਡ ਦੇਣ ਲਈ ਕਿਹਾ।ਜਿਸ ‘ਤੇ ਇਕ ਅਗਵਾਕਾਰ ਨੇ ਜਵਾਬ ਦਿੱਤਾ-”ਕਾਫ਼ਿਰ ਨਾਪਾਕ ਔਰਤ।ਅੱਲ੍ਹਾ ਬੋਲ ਅੱਲ੍ਹਾ।ਤੇਰੀ ਬੇਟੀ ਕੋ ਅੱਲ੍ਹਾ ਨੇ ਚੁਣਾ ਹੈ।ਹਮ ਉਸੇ ਕਲਮਾ ਪੜ੍ਹਾ ਕਰ ਪਾਕ ਕਰ ਦੇਂਗੇ ਔਰ ਫਿਰ ਸ਼ਾਇਦ ਕਿਸੀ ਮੁਸਲਿਮ ਲੜਕੇ ਸੇ ਇਸ ਕੀ ਸ਼ਾਦੀ ਭੀ ਕਰਵਾ ਦੇਂ।ਸ਼ੁੱਕਰੀਆ ਅਦਾ ਕਰ ਹਮਾਰਾ।ਅਗਰ ਤੂਨੇ ਕਿਸੀ ਸੇ ਸ਼ਿਕਾਇਤ ਕੀ ਤੋ ਤੇਰਾ ਔਰ ਤੇਰੀ ਬੇਟੀ ਕਾ ਗਲਾ ਘੋਟ ਦੇਂਗੇ।ਕਾਫ਼ਿਰ ਮੁਨਕਿਰ ਕੋ ਮਾਰ ਕਰ ਸਵਾਬ ਮਿਲੇਗਾ।
ਸ਼੍ਰੀ ਕੋਛੜ ਨੇ ਕਿਹਾ ਕਿ ਭਾਵਂੇ ਕਿ ਪਾਕਿਸਤਾਨ ਵਿਚ ਰਹਿੰਦੇ ਹਿੰਦੂ-ਸਿੱਖ ਪਰਿਵਾਰਾਂ ਦੀ ਹਿਫ਼ਾਜ਼ਤ ਕਰਨਾ ਪਾਕਿਸਤਾਨ ਸਰਕਾਰ ਦੀ ਜਿੰਮੇਦਾਰੀ ਹੈ, ਪਰੰਤੂ ਪਾਕਿਸਤਾਨ ਇਸ ਵਿਚ ਪੂਰੀ ਤਰ੍ਹਾਂ ਨਾਲ ਨਾਕਾਮ ਰਿਹਾ ਹੈ।ਇਸ ਲਈ ਹੁਣ ਭਾਰਤ ਸਹਿਤ ਹੋਰਨਾਂ ਦੇਸ਼ਾਂ ਨੂੰ ਮਾਨਵਤਾ ਦੇ ਆਧਾਰ ‘ਤੇ ਪਾਕਿਸਤਾਂਨ ਨਾਲ ਸਖ਼ਤੀ ਨਾਲ ਗੱਲਬਾਤ ਕਰਨੀ ਹੋਵੇਗੀ ਤਾਂਕਿ ਉਥੇ ਰਹਿ ਰਹੇ ਘੱਟ ਗਿਣਤੀ ਹਿੰਦੂ-ਸਿੱਖਾਂ ਦਾ ਭਵਿਖ ਸੁਰੱਖਿਅਤ ਕੀਤਾ ਜਾ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …