ਕੇਂਦਰੀ ਗ੍ਰਹਿ ਮੰਤਰੀ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਨੂੰ ਦਖਲ ਦੇਣ ਦੀ ਕੀਤੀ ਮੰਗ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਮੱਧ ਪ੍ਰਦੇਸ਼ ਦੇ ਦੇਵਾਸ ਜਿਲ੍ਹੇ ਦੇ ਪਿੰਡ ਬਾਗਲੀ ਵਿੱਚ ਸਿਕਲੀਗਰ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੇਅਰਮੈਨ ਘੱਟਗਿਣਤੀ ਕਮਿਸ਼ਨ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਹੈ।ਜਿਸ ਵਿੱਚ ਉਨਾਂ ਕਿਹਾ ਹੈ ਕਿ ਸਿਕਲੀਗਰ ਭਾਈਚਾਰਾ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ।
ਉਨਾਂ ਕਿਹਾ ਕਿ ਇਸ ਸਮੇਂ ਮੱਧ ਪ੍ਰਦੇਸ਼ ਦੇ ਦੇਵਾਸ ਜਿਲ੍ਹੇ ਦੇ ਬਾਗਲੀ ਪਿੰਡ ਵਿੱਚ ਇਕ ਮਾਮੂਲੀ ਝਗੜੇ ਨੂੰ ਲੈ ਕੇ ਸਿੱਖ ਭਾਈਚਾਰੇ ਨਾਲ ਸਬੰਧਿਤ ਸਿਕਲੀਗਰ ਭਾਈਚਾਰੇ ਦੇ ਮੈਂਬਰਾਂ ਦੀ ਬੁਰੀ ਤਰ੍ਹਾਂ ਕੱਟਮਾਰ ਕੀਤੀ ਗਈ।ਕਈਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ।ਸਿਕਲੀਗਰ ਭਰਾਵਾਂ ਦਾ ਕੁੱਝ ਅਨਸਰਾਂ ਵਲੋਂ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਉਨਾਂ ਦੀਆਂ ਕੁੱਝ ਮਾਵਾਂ-ਭੈਣਾਂ ਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਅਤੇ ਅੱਜ ਵੀ ਉਹ ਜੰਗਲਾਂ ਵਿੱਚ ਲੁਕਣ ਲਈ ਮਜ਼ਬੂਰ ਹਨ।ਖਿਆਲਾ ਨੇ ਕਿਹਾ ਕਿ ਉਥੋਂ ਦਾ ਪੁਲਿਸ ਪ੍ਰਸਾਸ਼ਨ ਸਿਕਲੀਗਰ ਭਾਈਚਾਰੇ `ਤੇ ਹੋ ਰਹੇ ਜ਼ੁਲਮਾਂ ਨੂੰ ਮੂਕ ਦਰਸ਼ਕ ਬਣ ਕੇ ਦੇਖ ਹੈ।ਜਿਸ ਕਰਕੇ ਸਿੱਖ ਕੌਮ ਵਿੱਚ ਡੂੰਘੀ ਚਿੰਤਾ ਹੈ।ਸਿੱਖ ਸਿਕਲੀਗਰ ਭਾਈਚਾਰੇ ਦੇ ਕੁੱਝ ਆਗੂਆਂ ਨੇ ਪਿੰਡ ਬਗਲੀ ਦੇ ਸਿਕਲੀਗਰ ਭਾਈਚਾਰੇ ਅਤੇ ਉਨ੍ਹਾਂ ਦੀਆਂ ਨੂੰਹਾਂ-ਭੈਣਾਂ ਨਾਲ ਹੋ ਰਹੀ ਬੇਇਨਸਾਫ਼ੀ ਬਾਰੇ ਸਥਾਨਕ ਪੁਲਿਸ ਪ੍ਰਸਾਸ਼ਨ ਨਾਲ ਗੱਲ ਕਰਕੇ ਉਨ੍ਹਾਂ ਪੁਲਿਸ ਪ੍ਰਸਾਸ਼ਨ ਤੋਂ ਸਿਕਲੀਗਰਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ।ਪਰ ਨਾ ਤਾਂ ਪੁਲਿਸ ਉਨ੍ਹਾਂ ਦੀ ਕੋਈ ਗੱਲ ਸੁਣ ਰਹੀ ਹੈ ਅਤੇ ਨਾ ਹੀ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
. ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮਾਮਲੇ ’ਚ ਤੁਰੰਤ ਦਖ਼ਲ ਦਿੰਦਿਆਂ ਮੱਧ ਪ੍ਰਦੇਸ਼ ਦੇ ਪਿੰਡ ਬਾਗਲੀ ਦੇ ਸਿਕਲੀਗਰ ਸਿੱਖਾਂ ਨੂੰ ਇਨਸਾਫ਼ ਦੇਣ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।