ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨ – ਰਿਟਰਨਿੰਗ ਅਫ਼ਸਰ
ਸੰਗਰੂਰ, 13 ਜੂਨ (ਜਗਸੀਰ ਲੌਂਗੋਵਾਲ) – ਸੰਗਰਰ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ 23 ਜੂਨ ਨੂੰ ਹੋਣੀ ਤੈਅ ਹੋਈ ਹੈ।ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਵਾਲੇ ਦਿਨ ਵੋਟਰਾਂ ਦੀ ਪਛਾਣ ਲਈ ਏਪਿਕ ਵੋਟਰ ਕਾਰਡ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਦੇ ਫੈਸਲੇ ਮੁਤਾਬਕ ਹੋਰ ਅਧਿਕਾਰਤ ਪਛਾਣ ਪੱਤਰ ਵੀ ਮਨਜ਼ੂਰ ਹੋਣਗੇ।
ਜੋਰਵਾਲ ਨੇ ਦਸਿਆ ਕਿ ਏਪਿਕ ਵੋਟਰ ਕਾਰਡ ਨਾ ਹੋਣ ਦੀ ਸੂਰਤ `ਚ ਵੀ ਵੋਟਰ ਆਪਣੀ ਵੋਟ ਪਾ ਸਕੇਗਾ ਬਸ਼ਰਤੇ ਕਿ ਉਸ ਕੋਲ ਆਪਣੀ ਪ੍ਰਮਾਣਿਕਤਾ ਦਰਸਾਉਣ ਲਈ ਅਧਿਕਾਰਤ ਪਛਾਣ ਪੱਤਰ ਮੌਜ਼ੂਦ ਹੋਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਕੋਲ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਮਗਨਰੇਗਾ ਜਾਬ ਕਾਰਡ, ਬੈਂਕ ਜਾਂ ਡਾਕਖ਼ਾਨੇ ਵਲੋਂ ਜਾਰੀ ਫੋਟੋ ਵਾਲੀ ਪਾਸਬੁੱਕ, ਲੇਬਰ ਵਿਭਾਗ ਦੀ ਸਕੀਮ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਸਰਕਾਰੀ/ਅਰਧ ਸਰਕਾਰੀ ਸ਼ਨਾਖਤੀ ਕਾਰਡ ਆਦਿ ਪਛਾਣ ਪੱਤਰ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਐਨ.ਪੀ.ਆਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਸਮਾਰਟ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਜਾਰੀ ਪਛਾਣ ਪੱਤਰ ਅਤੇ ਯੂਨੀਕ ਦਿਵਿਆਂਗ ਆਈ.ਡੀ ਵਿਚੋਂ ਕੋਈ ਇੱਕ ਦਸਤਾਵੇਜ਼ ਹੋਣਾ ਲਾਜ਼ਮੀ ਹੈ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਭਾਵੇਂ ਕਿ ਸਾਰੇ ਵੋਟਰਾਂ ਨੂੰ ਆਪਣੀਆਂ ਵੋਟਾਂ ਦਾ ਭੁਗਤਾਨ ਕਰਨ ਸਮੇਂ ਆਪਣੀ ਪਛਾਣ ਦਰਸਾਉਣ ਲਈ ਉਨ੍ਹਾਂ ਦੇ ਫੋਟੋ ਵੋਟਰ ਪਛਾਣ ਪੱਤਰ ਜਾਰੀ ਕੀਤੇ ਗਏ ਹਨ ਪ੍ਰੰਤੂ ਕਈ ਵਾਰ ਵੋਟਰ ਆਈ.ਡੀ ਕਾਰਡ `ਚ ਕੋਈ ਛੋਟੀ ਜਿਹੀ ਊਣਤਾਈ ਹੋਣ ਦੇ ਬਾਵਜੂਦ ਵੋਟਰਾਂ ਦੇ ਦੂਸਰੇ ਅਧਿਕਾਰਤ ਪਛਾਣ ਪੱਤਰਾਂ ਦੇ ਅਧਾਰ `ਤੇ ਵੋਟ ਪੁਆਉਣ ਦੀ ਆਗਿਆ ਹੋਵੇਗੀ।ਅਜਿਹਾ ਹੋਣ `ਤੇ ਪੋਲਿੰਗ ਬੂਥ `ਚ ਵੋਟਰ ਦੀ ਸਬੰਧਤ ਪਛਾਣ ਪੱਤਰ ਨੂੰ ਦਰਜ ਕੀਤਾ ਜਾਵੇਗਾ ਪ੍ਰੰਤੂ ਅਜਿਹਾ ਵੋਟਰ ਆਪਣੀ ਵੋਟ ਆਪਣੇ ਵੋਟਰ ਆਈ.ਡੀ ਕਾਰਡ ਦੇ ਅਧਾਰ `ਤੇ ਕਿਸੇ ਦੂਜੇ ਪੋਲਿੰਗ ਬੂਥ `ਤੇ ਨਹੀਂ ਪਾ ਸਕੇਗਾ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੋਟਾਂ ਤੋਂ ਪੰਜ ਦਿਨ ਪਹਿਲਾਂ ਵੋਟਰਾਂ ਤੱਕ ਵੋਟ ਸੂਚਨਾ ਪਰਚੀਆਂ ਵੀ ਪਹੁੰਚਾਈਆਂ ਜਾਣਗੀਆਂ ਜਿਨ੍ਹਾਂ ‘ਤੇ ਵੋਟ ਨੰਬਰ ਅਤੇ ਹੋਰ ਵੇਰਵੇ ਦਰਜ਼ ਹੋਣਗੇ ਪਰ ਇਹ ਪਰਚੀਆਂ ਵੋਟ ਪਛਾਣ ਪੱਤਰ ਵਜੋਂ ਵਰਤੀਆਂ ਨਹੀਂ ਜਾ ਸਕਣਗੀਆਂ।