ਵਪਾਰ ਵਿਚ ਵਾਧੇ ਲਈ ਵੀਜ਼ਾ ਪ੍ਰਣਾਲੀ ਅਸਾਨ ਕਰਨ ਦੀ ਲੋੜ-ਗਜ਼ਨਵੀ

ਅੰਮ੍ਰਿਤਸਰ, 6 ਦਸੰਬਰ ( ਰੋਮਿਤ ਸ਼ਰਮਾ ) -‘ਦੋਵਾਂ ਮੁਲਕਾਂ ਦਾ ਅਵਾਮ ਦੋਸਤੀ ਚਾਹੁੰਦਾ ਹੈ ਅਤੇ ਇਸ ਮਾਹੌਲ ਨਾਲ ਹੀ ਦੋਵਾਂ ਦੇਸ਼ਾਂ ਦਾ ਭਲਾ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਆਪਣੀ ‘ਈਗੋ’ ਨੂੰ ਛੱਡ ਕੇ ਮਿਲਵਤਰਣ ਵਧਾਉਣ ਲਈ ਅੱਗੇ ਆਉਣ।’ ਉਕਤ ਸ਼ਬਦਾਂ ਦਾ ਪ੍ਰਗਟਾਾਵ ਪਾਈਟੈਕਸ ਵਿਚ ਸ਼ਾਮਿਲ ਹੋਣ ਲਈ ਆਏ ਪਾਕਿਸਤਾਨੀ ਵਫਦ ਦੇ ਲੀਡਰ ਤੇ ਲਾਹੌਰ ਚੈਂਬਰ ਆਫ ਕਾਮਰਸ ਦੇ ਵਾਈਸ ਪ੍ਰਧਾਨ ਸਈਅਦ ਮਹਿਮੂਦ ਗਜਨਵੀਂ ਨੇ ਅੰਮ੍ਰਿਤਸਰ ਦੇ ਵਪਾਰ ਮੰਡਲ ਵੱਲੋਂ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਵਿਚ ਦਿੱਤੇ ਰਾਤ ਦੇ ਖਾਣੇ ਮੌਕੇ ਸੰਬੋਧਨ ਹੁੰਦੇ ਕੀਤਾ। ਉਨਾਂ ਕਿਹਾ ਕਿ ਜੇਕਰ ਅਟਾਰੀ ਰਸਤੇ ਵਪਾਰ ਕਰਨ ਦੀ ਖੁੱਲ ਮਿਲ ਜਾਵੇ, ਤਾਂ ਦੋਵਾਂ ਪੰਜਾਬਾਂ ਲਈ ਆਰਥਿਕ ਖੁਸ਼ਹਾਲੀ ਦਾ ਨਵਾਂ ਰਾਹ ਮਿਲ ਸਕਦਾ ਹੈ। ਉਨਾਂ ਕਿਹਾ ਕਿ ਮੁੰਬਈ ਜਾਂ ਹੋਰ ਸਮੁੰਦਰੀ ਰਸਤੇ ਭਾਰਤ ਨਾਲ ਸਾਨੂੰ ਵਪਾਰ ਕਰਨਾ ਬਹੁਤ ਮੁਸ਼ਿਕਲ ਅਤੇ ਮਹਿੰਗਾ ਪੈਂਦਾ ਹੈ, ਜਦਕਿ ਅਟਾਰੀ ਰਸਤੇ ਵਪਾਰ ਕਰਨਾ ਅਸਾਨ ਅਤੇ ਸਸਤਾ ਪੈਂਦਾ ਹੈ। ਇਸ ਲਈ ਲੋੜ ਹੈ ਕਿ ਅਟਾਰੀ ਬਾਰਡਰ ਤੋਂ ਵਪਾਰ ਦੀ ਪ੍ਰਕ੍ਰਿਆ ਅਸਾਨ ਕੀਤੀ ਜਾਵੇ, ਨੈਗਟਿਵ ਵਸਤਾਂ ਦੀ ਸੂਚੀ ਖਤਮ ਹੋਵੇ ਅਤੇ ਵੀਜ਼ਾ ਅਸਾਨੀ ਨਾਲ ਮਿਲੇ, ਤਾਂ ਹੀ ਵਪਾਰੀ ਕਾਰੋਬਾਰ ਵਧਾਉਣ ਦੀ ਹਿੰਮਤ ਕਰ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਵਹਾਗਾ ਤੋਂ ਰੇਲ ਕਾਰੀਡੋਰ ਅਫਗਾਨਿਸਤਾਨ ਤੱਕ ਵਧਾ ਦਿੱਤਾ ਜਾਵੇ, ਤਾਂ ਯੂਰਪ ਨਾਲ ਵਪਾਰ ਦੇ ਨਵੇਂ ਰਸਤੇ ਖੁੱਲ ਸਕਦੇ ਹਨ ਅਤੇ ਇਹ ਸਮੇਂ ਦੀ ਵੱਡੀ ਲੋੜ ਵੀ ਹੈ। ਉਨਾਂ ਦੱਸਿਆ ਕਿ ਇਸ ਸਾਲ ਪਾਕਿਸਤਾਨ ਤੋਂ 40 ਵੱਖ-ਵੱਖ ਕਾਰੋਬਾਰੀ ਅਦਾਰੇ ਪਾਈਟੈਕਸ ਵਿਚ ਸ਼ਾਮਿਲ ਹੋਏ ਹਨ, ਜਿਸ ਵਿਚ ਲਾਹੌਰ ਦੇ ਨਾਲ-ਨਾਲ ਫੈਸਲਾਬਾਦ ਦੇ ਵਪਾਰੀ ਵੀ ਸ਼ਾਮਿਲ ਹਨ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਪਾਈਟੈਕਸ ਵੱਲੋਂ ਇਸ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਰਾਹਨਾ ਕੀਤੀ। ਉਨਾਂ ਕਿਹਾ ਕਿ ਚਾਹੀਦਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਮੁਲਕਾਂ ਦੀ ਖੁਸ਼ਹਾਲੀ ਲਈ ਦੋਸਤੀ ਦਾ ਹੱਥ ਵਧਾਉਣ। ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਨੇ ਪਾਕਿਸਤਾਨ ਰਸਤੇ ਹੁੰਦੀ ਨਸ਼ੇ ਦੀ ਸਮਗਲਿੰਗ ਰੋਕਣ ਲਈ ਪਾਕਿਸਤਾਨ ਵਾਲੇ ਪਾਸਿਉਂ ਪਹਿਲ ਕਦਮੀ ਕਰਨ ਦੀ ਵਕਾਲਤ ਕੀਤੀ। ਉਨਾਂ ਕਿ ਇਸ ਨਸ਼ੇ ਨਾਲ ਪੰਜਾਬ ਦਾ ਨੌਜਵਾਨ ਮਰ ਰਿਹਾ ਹੈ ਅਤੇ ਲੋੜ ਹੈ ਕਿ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵੀ ਇਸ ਨਾਜਾਇਜ਼ਾ ਕਾਰੋਬਾਰ ਨੂੰ ਰੋਕਣ ਲਈ ਸਾਥ ਦੇਵੇ। ਉਨਾਂ ਵਪਾਰ ਤੇਜ਼ ਕਰਨ ਲਈ ਆਈ ਸੀ ਪੀ ਅਟਾਰੀ ‘ਤੇ ਵੱਡੇ ਸਕੈਨਰ ਲਗਾਉਣ ਦੀ ਵੀ ਮੰਗ ਕੀਤੀ।