ਸਾਰਾ ਇਲਾਕਾ ਹੋਇਆ ਗਮਗੀਨ -ਫੌਜ ਅਤੇ ਸਿਵਲ ਦੇ ਉੱਚ ਅਧਿਕਾਰੀ ਵੀ ਪਹੁੰਚੇ
ਪੰਜਾਬ ਸਰਕਾਰ ਵੱਲੋਂ ਸਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ, 9 ਲੱਖ ਰੁਪਏ, ਇੱਕ ਪਲਾਟ ਅਤੇ ਪਿੰਡ ਵਿੱਚ ਸ਼ਹੀਦ ਦੀ ਯਾਦ ‘ਚ ਗੇਟ ਬਨਾਉਣ ਦਾ ਐਲਾਨ
ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਅੱਤਵਾਦੀਆਂ ਵੱਲੋਂ ਉੜੀ ਸੈਕਟਰ ਦੇ ਮੋਹਰਾ ਗੰਜ ਏਰਂੀਏ ਵਿਚ ਕੀਤੇ ਗਏ ਹਮਲੇ ਵਿਚ ਸੈਨਾ ਦੇ ਇੱਕ ਲੈਫਟੀਨੈਟ ਕਰਨਲ ਸੰਪਲਕ ਕੁਮਾਰ ਸਮੇਤ 5 ਫੌਜੀ ਜਵਾਨ ਵੀ ਸਹੀਦ ਹੋ ਗਏ ਸਨ, ਜਿਨ੍ਹਾਂ ਵਿਚ ਬਠਿੰਡੇ ਜਿਲ੍ਹੇ ਦੇ ਪਿੰਡ ਸੂਚ ਦਾ ਇੱਕ ਫੌਜੀ ਨੌਜਵਾਨ ਸੁਖਵਿੰਦਰ ਸਿੰਘ ਵੀ ਸਾਮਿਲ ਸੀ।ਜਿਨਾਂ ਦਾ ਅੱਜ ਉਨ੍ਹਾਂ ਦੇ ਪਿੰਡ ਸੂਚ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਫੌਜ ਅਤੇ ਸਿਵਲ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਅੰਤਮ ਸੰਸਕਾਰ ਮੌਕੇ ਸਹੀਦ ਜਵਾਨ ਦੀ ਮ੍ਰਿਤਕ ਦੇਹ ਨੂੰ ਕਰਨਲ ਰਾਮ ਪ੍ਰਕਾਸ ਦੀ ਅਗਵਾਈ ਫੌਜ ਦੀ ਟੁਕੜੀ ਨੇ ਹਥਿਆਰ ਉੱਲਟੇ ਕਰਕੇ ਸਲਾਮੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸਹੀਦ ਜਵਾਨ ਦੇ ਅੰਤਮ ਦਰਸ਼ਨਾਂ ਲਈ ਪਹੁੰਚੇ ਹੋਏ ਸਨ। ਇਸ ਮੌਕੇ ਪਹੁੰਚੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਸਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 9 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਸਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ,ਇੱਕ ਪਲਾਟ ਅਤੇ ਪਿੰਡ ਤੇ ਮੁੱਖ ਰਸਤੇ ਤੇ ਸਹੀਦ ਸੁਖਵਿੰਦਰ ਸਿੰਘ ਦੀ ਯਾਦ ਵਿਚ ਗੇਟ ਬਨਾਉਣ ਦਾ ਵੀ ਐਲਾਨ ਕੀਤਾ।ਇਸ ਮੌਕੇ ਆਮ ਆਦਮੀ ਪਾਰਟੀ ਦੀ ਆਗੂ ਬਲਜਿੰਦਰ ਕੌਰ ਤੋਂ ਇਲਾਵਾ ਐਸ.ਡੀ.ਐਮ ਮੋੜ ਪਰਮਦੀਪ ਸਿੰਘ, ਡੀ ਐਸਪੀ ਜਨਕ ਸਿੰਘ, ਨਇਬ ਤਹਿਸੀਲਦਾਰ ਗੁਰਮੇਲ ਸਿੰਘ ਵੀ ਹਾਜ਼ਰ ਸਨ।
ਇਹ ਗੱਲ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਦਾ ਜਨਮ 11 ਜੁਲਾਈ 1983 ਨੂੰ ਹੋਇਆ ਸੀ ਅਤੇ 16 ਫਰਬਰੀ 2003 ਨੂੰ ਫੌਜ ਵਿੱਚ ਭਰਤੀ ਹੋਇਆ ਸੀ। ਇਸ ਸਮੇ ਜੰਮੂ-ਕਸ਼ਮੀਰ ਵਿੱਚ 31 ਫੀਲਡ ਰੈਜੀਮੈਂਟ ਬਤੌਰ ਲਾਂਸ ਨਾਇਕ ਤਾਇਨਾਤ ਸੀ।ਉਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੇ ਅਗਲੇ ਹਫਤੇ 12 ਦਸੰਬਰ ਨੂੰ ਛੁੱਟੀ ਆਉਣਾ ਸੀ।ਅੱਜ ਜਦੋਂ ਉਹ ਸਾਥੀਆਂ ਸਮੇਤ ਉੜੀ ਸੈਕਟਰ ਦੇ ਮੋਹਰਾ ਗੰਜ ਏਰੀਏ ਵਿੱਚ ਰਾਤ ਦੀ ਡਿਉਟੀ ਕਰ ਰਿਹਾ ਸੀ, ਸਵੇਰ ਦੇ 3 ਵਜੇ 6 ਅੱਤਵਾਦੀਆਂ ਵੱਲੋਂ ਕੀਤੇ ਫਿਦਾਈਨ ਹਮਲੇ ਵਿੱਚ ਸੁਖਵਿੰਦਰ ਸਿੰਘ ਸਮੇਤ 5 ਫੌਜੀ ਜਵਾਨ ਸ਼ਹੀਦ ਹੋ ਗਏ।ਇਸ ਹਮਲੇ ਤੋਂ ਕੁੱਝ ਘੰਟੇ ਪਹਿਲਾਂ ਉਸ ਦੀ ਫੋਨ ‘ਤੇ ਘਰਦਿਆਂ ਨਾਲ ਗੱਲ ਵੀ ਹੋਈ ਸੀ।ਸੁਖਵਿੰਦਰ ਸਿੰਘ, ਪਿਤਾ ਹਰਨੇਕ ਸਿੰਘ ਤੇ ਮਾਤਾ ਕਰਨੈਲ ਕੌਰ ਦੇ 3 ਲੜਕਿਆਂ ਵਿੱਚੋਂ ਸਭ ਤੋਂ ਛੋਟਾ ਸੀ।ਉਸ ਦਾ ਪਿਤਾ ਕਾਫੀ ਬਜੁੱਰਗ ਤੇ ਮਾਨਸਕ ਤੌਰ ‘ਤੇ ਵੀ ਕਮਜੋਰ ਹੈ।ਸੁਖਵਿੰਦਰ ਸਿੰਘ ਦਾ ਚਾਰ ਕੁ ਸਾਲ ਪਹਿਲਾਂ ਵਿਆਹ ਹੋਇਆ ਸੀ, ਉਸਦੇ ਕੋਈ ਬੱਚਾ ਨਹੀਂ ਹੈ।