ਅੰਮ੍ਰਿਤਸਰ 7 ਦਸੰਬਰ (ਪ੍ਰੀਤਮ ਸਿੰਘ) – ਨਾਦ ਪ੍ਰਗਾਸੁ ਵੱਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਜਨਮ ਦਿਨ ਮੌਕੇ ਸੰਸਥਾ ਦੇ ਵਿਹੜੇ ਵਿਚ ‘ਵਿਸ਼ੇਸ਼ ਸਮਾਗਮ’ ਕਰਵਾਇਆ ਗਿਆ।ਇਸ ਮੌਕੇ ਭਾਈ ਵੀਰ ਸਿੰਘ ਦੀ ਬਹੁਪੱਖੀ ਸਖਸ਼ੀਅਤ ਨੂੰ ਉਨ੍ਹਾਂ ਦੇ ਅਧਿਆਤਮ ਅਤੇ ਗਿਆਨ ਸ਼ਾਸਤਰੀ ਅਨੁਭਵ ਦੇ ਸਾਂਝੇ ਸੁਮੇਲ ਨੂੰ ਅਕਾਦਮਿਕਤਾ ਵਿਚ ਗੰਭੀਰਤਾ ਸਹਿਤ ਅਧਿਐਨ ਕਰਨ ‘ਤੇ ਵਿਚਾਰਾਂ ਕੀਤੀਆਂ ਗਈਆਂ।ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ, ਡਾ. ਹਰਚੰਦ ਸਿੰਘ ਬੇਦੀ ਨੇ ਕੀਤੀ ਅਤੇ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਪ੍ਰੋਫੈਸਰ, ਡਾ. ਗੁਲਜ਼ਾਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਪਹਿਲੇ ਸੈਸ਼ਨ ਵਿਚ ਸਮਾਗਮ ਦੇ ਸ਼ੁਰੂਆਤ ਅਮਨਦੀਪ ਸਿੰਘ, ਗੁਰਦੇਵ ਸਿੰਘ, ਗੁਰਬਾਜ ਸਿੰਘ ਸ਼ਬਦ ਗਾਇਨ ਤੋਂ ਬਾਅਦ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਗਾਇਨ ਕੀਤਾ ਗਿਆ। ਦੂਜੇ ਸੈਸ਼ਨ ਵਿਚ ਜੋਗਿੰਦਰ ਸਿੰਘ, ਮਨਿੰਦਰਜੀਤ ਕੌਰ ਅਤੇ ਨਾਦ ਪ੍ਰਗਾਸੁ ਦੇ ਖੋਜਾਰਥੀਆਂ ਵੱਲੋਂ ਭਾਈ ਵੀਰ ਸਿੰਘ ਦੀ ਸਿੱਖ ਚਿੰਤਨ ਨੂੰ ਦੇਣ ਵਿਸ਼ੇ ‘ਤੇ ਪਰਚੇ ਪੜ੍ਹੇ ਗਏ।ਡਾ. ਬੇਦੀ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਨਾਦ ਪ੍ਰਗਾਸੁ ਵੱਲੋਂ ਸਿਰਜਣਾ ਦੇ ਚਿੰਤਨ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਅਕਾਦਮਿਕ ਸਰਗਰਮੀਆਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਨੇ ਲਗਾਤਾਰ 40 ਸਾਲ ਸਾਹਿਤ ਰਚਨਾ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਗੁਰਬਾਣੀ ਨੁੰ ਕੇਵਲ ਵਿਗਿਆਨਕ ਸੰਦਾਂ ਨਾਲ ਨਹੀਂ ਸਮਝਿਆ ਜਾ ਸਕਦਾ ਉਵੇਂ ਹੀ ਭਾਈ ਵੀਰ ਸਿੰਘ ਦੇ ਚਿੰਤਨ ਨੂੰ ਕੇਵਲ ਆਧੁਨਿਕ ਸਾਹਿਤਕ ਮਾਪਦੰਡਾਂ ਨਾਲ ਨਹੀਂ ਸਮਝਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਕਾਦਮਿਕਤਾ ਨੇ ਆਪਣੇ ਮਾਨਸਿਕ ਉਲਾਰਾਂ ਕਾਰਨ ਭਾਈ ਵੀਰ ਸਿੰਘ ਦੇ ਚਿੰਤਨ ਨੂੰ ਧਾਰਮਿਕ ਵਰਗ ਵਿਚ ਦੀ ਸ਼ੇ੍ਰਣੀ ਵਿਚ ਰੱਖ ਕੇ ਹਾਸ਼ੀਏ ‘ਤੇ ਕਰ ਦਿੱਤਾ।
ਆਪਣੇ ਸੰਬੋਧਨ ਵਿਚ ਡਾ. ਗੁਲਜ਼ਾਰ ਸਿੰਘ ਕੰਗ ਨੇ ਕਿਹਾ ਕਿ ਭਾਈ ਵੀਰ ਸਿੰਘ ਨੂੰ ਸਿਰਫ ਇਕ ਸਾਹਿਤਕਾਰ ਵਜੋਂ ਹੀ ਸਮਝਿਆ ਗਿਆ ਹੈ ਜਦੋਂਕਿ ਉਨ੍ਹਾਂ ਦੇ ਬਾਕੀ ਸਾਹਿਤ ਚਿੰਤਨ ਦੀਆਂ ਬਹੁ-ਪਰਤੀ ਦਿਸ਼ਾਵਾਂ ਨੂੰ ਅਕਾਦਮਿਕਤਾ ਵਿਚ ਵਿਚਾਰਿਆ ਵੀ ਨਹੀਂ ਗਿਆ। ਪਰ ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਨਾਦ ਪ੍ਰਗਾਸੁ ਸੰਸਥਾ ਇਸ ਉਦਮ ਲਈ ਕਾਰਜਸ਼ੀਲ ਹੈ।ਮਨਿੰਦਰਜੀਤ ਕੌਰ ਨੇ ਕਿਹਾ ਕਿ ਭਾਈ ਵੀਰ ਸਿੰਘ ਦੇ ਚਿੰਤਨ ਵਿਚੋਂ ਪਦਾਰਥ ਦੀ ਦੈਵੀ ਅਨੁਭੂਤੀ ਅਤੇ ਮਨੁੱਖੀ ਦੇਹ ਦੀ ਦਿੱਬਤਾ ਦਾ ਸੰਤੁਲਨ ਸਾਂਝੇ ਰੂਪ ਵਿਚ ਵਿਦਮਾਨ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਦਾ ਦੈਵੀ ਅਨੁਭਵ ਜਿੰਨਾ ਚਿਰ ਆਪਣੇ ਗਿਆਨ ਸ਼ਾਸਤਰੀ ਸੰਰਚਨਾਵਾਦੀ ਪ੍ਰਬੰਧ ਨਹੀਂ ਉਸਾਰਦਾ ਓਨਾ ਚਿਰ ਉਸ ਦਾ ਸਗਲ ਵਿਗਾਸ ਸੰਭਵ ਨਹੀਂ ਹੈ ਅਤੇ ਉਸਦੀ ਸਭਿਅਤਾ ਦੀ ਘਾੜਤ ਵੀ ਨਹੀਂ ਹੋ ਸਕਦੀ।ਜੋਗਿੰਦਰ ਸਿੰਘ ਨੇ ਸੰਸਥਾ ਦੇ ਕਾਰਜਖੇਤਰ ਦੀ ਇਸ ਵਿਸ਼ੇਸ਼ਤਾ ਵੱਲ ਧਿਆਨ ਦਿਵਾਇਆ ਕਿ ਇਹ ਸੰਸਥਾ ਸਿਰਫ ਭਾਰਤੀ ਚਿੰਤਨ ਨੂੰ ਹੀ ਨਹੀਂ ਸਗੋਂ ਸਮੁੱਚੀ ਵਿਸ਼ਵ ਦੇ ਅਕਾਦਮਿਕ ਖੇਤਰ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਯੋਜਨਾਵਾਂ ਉਲੀਕ ਰਹੀ ਹੈ ਅਤੇ ਭਵਿੱਖ ਵਿਚ ਸਾਹਿਤ, ਧਰਮ, ਦਰਸ਼ਨ ਆਦਿ ਅਨੁਸ਼ਾਸਨਾਂ ਦਾ ਸੁਭਾਅ ਵਿਸ਼ਵ ਵਿਆਪੀ ਬਣਾਉਣ ਵੱਲ ਰੁਚਿਤ ਹੈ।
ਨਾਦ ਪ੍ਰਗਾਸੁ ਤੋਂ ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਖਾਲਸਾ ਕਾਲਜ ਤੋਂ ਪ੍ਰੋ. ਗੁਰਬਖਸ਼ ਸਿੰਘ ਅਤੇ ਪ੍ਰੋ. ਨਵਤੇਜ ਸਿੰਘ ਨੇ ਪ੍ਰੋ. ਬੇਦੀ ਅਤੇ ਪ੍ਰੋ. ਕੰਗ ਨੂੰ ਨਾਦ ਪ੍ਰਗਾਸੁ ਵੱਲੋਂ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਤੋਂ ਪ੍ਰੋ. ਜਸਵੰਤ ਸਿੰਘ, ਮੁਕੇਰੀਆ ਤੋਂ ਜੋਗਿੰਦਰ ਸਿੰਘ ਅਤੇ ਰਜਿੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾ ਦੇ ਖੋਜਾਰਥੀ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …