ਦੁਕਾਨਦਾਰਾਂ ਤੇ ਰੇਹੜ ਫੜੀ ਵਾਲਿਆਂ ਵਲੋਂ ਸੜਕਾਂ/ਫੁੱਟਪਾਥਾਂ ‘ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ
ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਅਤੇ ਏ.ਸੀ.ਪੀ ਟਰੈਫਿਕ ਅੰਮ੍ਰਿਤਸਰ ਵਲੋਂ ਟਰੈਫਿਕ ਦੇ ਸਾਰੇ ਜ਼ੋਨ ਇੰਚਾਰਜ਼ਾਂ ਅਤੇ ਸਟਾਫ ਨਾਲ ਦਫ਼ਤਰ ਟਰੈਫਿਕ ਪੁਲਿਸ ਅੰਮ੍ਰਿਤਸਰ ਅਤੇ ਭੰਡਾਰੀ ਪੁੱਲ ਵਿਖੇ ਮੀਟਿੰਗ ਕੀਤੀ ਗਈ।ਉਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਹੋਣ ਕਾਰਨ ਸ਼ਹਿਰ ਵਿੱਚ ਆਮ ਨਾਲੋਂ ਜਿਆਦਾ ਟਰੈਫਿਕ ਹੋ ਜਾਂਦੀ ਹੈ।ਜਿਸ ਕਾਰਨ ਟਰੈਫਿਕ ਜ਼ਾਮ ਲਗਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।ਟਰੈਫਿਕ ਜ਼ਾਮ ਤੋਂ ਨਿਜ਼ਾਤ ਲਈ ਟਰੈਫਿਕ ਸਟਾਫ ਨੂੰ ਹੋਰ ਮਿਹਨਤ ਤੇ ਲਗਨ ਨਾਲ ਟਰੈਫਿਕ ਚਲਾਉਣ ਲਈ ਹਦਾਇਤਾਂ ਦਿੱਤੀਆਂ ਤਾਂ ਜੋ ਟਰੈਫਿਕ ਨਿਰਵਿਘਨ ਚੱਲ ਸਕੇ।
ਇਸ ਤੋਂ ਇਲਾਵਾ ਟਰੈਫਿਕ ਸਟਾਫ ਵਲੋਂ ਸੁਲਤਾਨਵਿੰਡ ਚੌਕ ਤੇ ਸ਼ਹੀਦਾਂ ਸਾਹਿਬ ਤੋਂ ਚਾਟੀਵਿੰਡ ਚੌਕ ਅਤੇ ਬੁਲਾਰੀਆ ਪਾਰਕ ਤੋਂ ਵਾਪਸ ਸੁਲਤਾਨਵਿੰਡ ਚੌਕ ਤੋਂ 100 ਫੁੱਟ ਚੌਕ ਤੱਕ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋ ਸੜਕਾਂ/ਫੁੱਟਪਾਥਾਂ ਪਰ ਕੀਤੇ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਦੁਪਹਿਰ 3.00 ਤੋ 5.00 ਸ਼ਾਮ ਤੱਕ ਇੰਚਾਰਜ਼ ਟਰੈਫਿਕ ਜ਼ੋਨ ਵਲੋਂ ਨਗਰ ਨਿਗਮ ਦੇ ਕਰਮਚਾਰੀਆਂ, ਮੁੱਖ ਅਫਸਰ ਥਾਣਾ ਬੀ-ਡਵੀਜਨ ਅੰਮ੍ਰਿਤਸਰ ਨਾਲ ਜੁਆਇੰਟ ਅਪ੍ਰੇਸ਼ਨ ਚਲਾਇਆ ਗਿਆ।ਇਸ ਦੌਰਾਨ ਦੁਕਾਨਦਾਰਾਂ ਅਤੇ ਰੇਹੜ ਫੜੀ ਵਾਲਿਆਂ ਵਲੋਂ ਸੜਕਾਂ/ਫੁੱਟਪਾਥਾਂ ਉਪਰ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ ਅਤੇ ਅਪੀਲ ਕੀਤੀ ਗਈ ਕਿ ਦਿਵਾਲੀ ਦੇ ਤਿਉਹਾਰ ਕਰਕੇ ਸੜਕਾਂ ਉਪਰ ਭੀੜ ਕਾਫੀ ਜਿਆਦਾ ਵਧ ਜਾਣ ਕਰਕੇ ਉਹ ਆਪਣੀਆਂ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਉਪਰ ਨਾ ਰੱਖਣ ਅਤੇ ਆਵਾਜਾਈ ਨੂੰ ਸਹੀ ਢੰਗ ਨਾਲ ਚਲਾਉਣ ‘ਚ ਪ੍ਰਸਾਸ਼ਨ ਦਾ ਸਹਿਯੋਗ ਕਰਨ ।