Monday, December 23, 2024

ਡਿਪਟੀ ਕਮਿਸ਼ਨਰ ਵੱਲੋ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਉ ਮੀਟਿੰਗ

ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਤੋਂ ਨਜਾਇਜ ਕਬਜ਼ੇ ਹਟਾਏ ਜਾਣ ਤੇ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ – ਬਰਾੜ

PPN0912201407

ਫਾਜ਼ਿਲਕਾ 9 ਦਸੰਬਰ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਵੱਲੋ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮਿੱਖਿਆ ਅਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਨੋਰਥ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ । ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਵੱਲੋਂ ਵਿਭਾਗ ਦੇ ਕੰਮਾਂ ਅਤੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਮਾਂਬੰਧ ਸੇਵਾਵਾਂ ਦਾ ਰੀਵਿਊ ਕੀਤਾ ਗਿਆ । ਇਸ ਤੋਂ ਇਲਾਵਾ ਮੀਟਿੰਗ ਵਿਚ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ, ਬਕਾਇਆ ਕੇਸਾਂ ਅਤੇ ਸੜਕ ਸੁਰੱਖਿਆ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ ।
ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਜਿਸਟਰੀ ਫੀਸ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਲੋਕਾ ਨੂੰ ਜ਼ਮੀਨ ਦੇ ਸਾਂਝੇ ਖਾਤਿਆਂ ਦੀਆਂ ਰਜ਼ਾਮੰਦਗੀ ਤਕਸੀਮਾ ਲਈ ਵੱਧ ਤੋਂ ਵੱਧ ਪ੍ਰੇਰਿਆ ਜਾਵੇ ਅਤੇ ਤਕਸੀਮ ਦੇ ਪੈਡਿੰਗ ਪਏ ਕੇਸ ਵੀ ਜਲਦੀ ਨਿਪਟਾਏ ਜਾਣ ਅਤੇ ਸਟਂੈਪ ਡਿਊਟੀ ਵਿਚ ਵਾਧਾ ਕੀਤਾ ਜਾਵੇ ।ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਮਾਂਬੰਧ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਲਈ ਬਨਾਏ ਗਏ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਮਿੱਥੇ ਸਮੇਂ ਵਿਚ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਅਧਿਕਾਰੀ ਇਸ ਕੰਮ ਵਿਚ ਕੋਤਾਹੀ ਕਰੇਗਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਜੁਰਮਾਨਾਂ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਨੇ ਮਾਲ ਵਿਭਾਗ ਦੇ ਕੰਮਾਂ, ਬੈਂਕਾਂ ਦੇ ਕਰਜ਼ਿਆਂ ਦੀਆਂ ਰਿਕਵਰੀਆਂ, ਆਬਿਆਨਾ, ਚੌਕੀਦਾਰਾ, ਖਾਨਗੀ ਤਕਸੀਮਾਂ, ਗਿਰਦਾਵਰੀ ਦੇ ਬਕਾਇਆ ਕੇਸਾਂ, ਇੰਤਕਾਲ ਆਦਿ ਦੀ ਸਮੀਖਿਆ ਵੀ ਕੀਤੀ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਨੂੰ ਮਾਲ ਵਿਭਾਗ ਦੇ ਕੰਮਾਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀ ਆਉਣੀ ਚਾਹੀਦੀ ਅਤੇ ਇਸ ਸਬੰਧੀ ਅਨੁਸ਼ਾਸ਼ਨਹੀਣਤਾਂ ਬਰਦਾਸ਼ਤ ਨਹੀ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਇਸ ਮੌਕੇ ਫਰਦ ਕੇਂਦਰਾਂ, ਸੁਵਿਧਾ ਕੇਂਦਰਾਂ, ਸੇਵਾ ਦਾ ਅਧਿਕਾਰ ਕਨੂੰਨ, ਅਧਾਰ ਕਾਰਡਾਂ ਦੀ ਪ੍ਰਗਤੀ ਅਤੇ ਮਾਲ ਵਿਭਾਗ ਦੇ ਰਿਕਾਰਡ ਦੇ ਕੰਪਿਉਟਰੀਕਰਨ ਆਦਿ ਦੀ ਵੀ ਸਮੀਖਿਆ ਕੀਤੀ ।
ਜਿਲ੍ਹਾ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਜਿਲ੍ਹੇ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਉਨ੍ਹਾਂ ਬਾਰਡਰ ਏਰੀਆ ਵਿਕਾਸ ਪ੍ਰੋਜੈਕਟ, ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾਂ, ਸਵਰਨ ਜਯੰਤੀ, ਗ੍ਰਾਮ ਯੋਜਨਾ ਸਮੇਤ ਵੱਖ ਵੱਖ ਕੇਂਦਰੀ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ । ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਅੰਦਰ ਚਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿਚ ਪੂਰਾ ਕੀਤਾ ਜਾਵੇ ਅਤੇ ਇਨ੍ਹਾਂ ਕੰਮਾਂ ਵਿਚ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਜਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਦੇ ਸਾਰੇ ਸ਼ਹਿਰਾਂ ਲਈ ਟ੍ਰੈਫ਼ਿਕ ਪਲਾਨ ਤਿਆਰ ਕੀਤਾ ਜਾਵੇ ਅਤੇ ਰੇਹੜੀਆਂ ਅਤੇ ਵਾਹਣਾਂ ਦੀ ਪਾਰਕਿੰਗ ਲਈ ਵਿਸ਼ੇਸ਼ ਥਾਂਵਾ ਨਿਸ਼ਚਿਤ ਕੀਤੀਆਂ ਜਾਣ।ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਕਾਰਜਕਾਰੀ ਇੰਜੀਨੀਅਰ ਰਾਸ਼ਟਰੀ ਰਾਜ ਮਾਰਗ ਨਾਲ ਮਿਲ ਕੇ ਰਾਸ਼ਟਰੀ ਰਾਜ ਮਾਰਗ ਦੇ ਕਿਨਾਰਿਆਂ ਤੋਂ ਨਜਾਇਜ ਕਬਜੇ ਹਟਾਉਣਗੇ।ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਜਿਲ੍ਹੇ ਅੰਦਰ ਸਿੱਖਿਆ ਸੰਸਥਾਵਾਂ, ਆਮ ਲੋਕਾਂ, ਟਰੱਕ ਅਤੇ ਟੈਂਪੂ ਯੂਨੀਅਨਾਂ ਵਿਚ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਸੜਕ ਦੁਰਘਟਨਾਂਵਾ ਨੂੰ ਰੋਕਿਆ ਜਾ ਸਕੇ।ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਤੇ ਹੋਰ ਸਿੱਖਿਆ ਸੰਸਥਾਂਵਾਂ ਦੀਆਂ ਬੱਸਾਂ, ਵੈਨਾਂ ਆਦਿ ਦੇ ਫਿਟਨੈਸ ਸਰਟੀਫਿਕੇਟ ਲਏ ਜਾਣ ਅਤੇ ਡਾਟਾਬੇਸ ਰਿਕਾਰਡ ਤਿਆਰ ਕੀਤਾ ਜਾਵੇ ਤਾਂ ਜੋ ਅਣਸੁਖਾਵੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ । ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸ਼੍ਰੀ ਸੁਭਾਸ਼ ਖਟਕ ਐਸ.ਡੀ.ਐਮ. ਫਾਜਿਲਕਾ, ਸ.ਗੁਰਜੀਤ ਸਿੰਘ ਐਸ.ਡੀ.ਐਮ ਜਲਾਲਾਬਾਦ, ਸ੍ਰੀ ਰਾਜਪਾਲ ਐਸ.ਡੀ.ਐਮ ਅਬੋਹਰ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ(ਜ), ਸ. ਪਰਮਜੀਤ ਸਿੰਘ ਸਹੋਤਾ ਜਿਲ੍ਹਾ ਮਾਲ ਅਫਸਰ, ਸ.ਜਸਵੰਤ ਸਿੰਘ ਢਿੱਲੋਂ ਡੀ.ਟੀ.ਓ. ਸਮੇਤ ਮਾਲ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply