ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਯੂਨੀਵਰਸਿਟੀ ਵਿਖੇ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੇ ਆਖ਼ਰੀ ਦਿਨ ਕਰਵਾਏ ਗਏ ਕਵੀ ਦਰਬਾਰ ਦੌਰਾਨ ਕਿਹਾ ਕਿ ਜ਼ਿੰਦਗੀ ਦੇ ਤਜ਼ਰਬੇ ਸ਼ਬਦਾਂ ਵਿੱਚ ਢਲ ਕੇ ਕਵਿਤਾ ਰਾਹੀਂ ਪੇਸ਼ ਹੁੰਦੇ ਹਨ ਅਤੇ ਕਵਿਤਾ ਮਨੁੱਖ ਦੇ ਅਸਤਿੱਤਵੀ ਸਰੋਕਾਰਾਂ ਨੂੰ ਸੁਹਜਾਤਮਕ ਅਤੇ ਬੋਧਾਤਮਕ ਦੋਹਾਂ ਧਰਾਤਲਾਂ `ਤੇ ਸਿਰਜਣਾਤਮਕ ਅਭੀਵਿਅਕਤੀ ਪ੍ਦਾਨ ਕਰਨ ਵਾਲਾ ਕਲਾ ਰੂਪ ਹੈ।ਇਸ ਲਈ ਮਨੁੱਖ ਦੀ ਜ਼ਿੰਦਗੀ ਕਵਿਤਾ ਬਿਨਾਂ ਅਧੂਰੀ ਰਹਿੰਦੀ ਹੈ।ਪੋ੍. ਦੂਆ ਨੇ ਆਪਣੀਆਂ ਕੁਝ ਕਾਵਿ-ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬ ਸਰਕਾਰ ਅਤੇ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੇ ਆਖਰੀ ਸਮਾਗਮ ਕਵੀ ਦਰਬਾਰ ਦੀ ਪ੍ਰਧਾਨਗੀ ਨਾਮਵਰ ਕਵਿਤਰੀ ਸ੍ਰੀਮਤੀ ਅਰਤਿੰੰਦਰ ਸੰਧੂ ਨੇ ਕੀਤੀ।ਪੋ੍. ਅਨੀਸ਼ ਕੁਮਾਰ ਦੂਆ ਨੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਕਵੀ ਬਖ਼ਤਾਵਰ ਸਿੰਘ ਆਈ.ਏ.ਐਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ ਤੇ ਕਿਹਾ ਕਿ ਯੂਨੀਵਰਸਿਟੀ ਵਿੱਚ ਜਿਥੇ ਆਲੋਚਨਾਤਮਕ ਭਾਸ਼ਣ ਕਰਵਾਏ ਜਾਂਦੇ ਹਨ, ਉਥੇ ਵਿਦਿਆਰਥੀਆਂ ਦਾ ਸਿਰਜਣਾਤਮਕ ਸਾਹਿਤਕਾਰਾਂ ਨਾਲ ਸਿੱਧਾ ਸੰਪਰਕ ਅਤੇ ਸੰਵਾਦ ਵੀ ਅਹਿਮ ਪੱਖ ਹੈ।ਸਿਰਜਣਾ ਅਤੇ ਆਲੋਚਨਾ ਇਕ- ਦੂਜੇ ਦੇ ਪੂਰਕ ਹਨ ਅਤੇ ਕਵਿਤਾ ਨਿਰੋਲ ਕਲਪਨਾਸ਼ੀਲ ਕਾਰਜ ਨਹੀਂ ਹੈ ਸਗੋਂ ਇਸ ਵਿੱਚ ਬੌਧਿਕਤਾ ਦੇ ਅੰਸ਼ ਵੀ ਸ਼ਾਮਲ ਹੁੰਦੇ ਹਨ।ਕਵੀ ਸਮਾਜ ਅਤੇ ਸਭਿਆਚਾਰ ਨੂੰ ਨਾ ਕੇਵਲ ਚਿਤਰਨ ਬਲਕਿ ਬਦਲਣ ਦੇ ਵੀ ਸਮਰੱਥ ਹੁੰਦਾ ਹੈ।
ਬਖ਼ਤਾਵਰ ਸਿੰਘ ਨੇ ਸੂਫ਼ੀਆਨਾ ਰੰਗਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ।ਸ੍ਰੀਮਤੀ ਅਰਤਿੰੰਦਰ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਭਾਗ ਨੂੰ ਅਜਿਹੇ ਸਮਾਗਮ ਉਲੀਕਣ ਲਈ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਮੁਸ਼ਾਇਰੇ ਵਿੱਚ ਪੇਸ਼ ਸਾਰੀਆਂ ਕਵਿਤਾਵਾਂ ਜੀਵਨ ਦੇ ਵਿਭਿੰਨ ਪਹਿਲੂਆਂ ਨਾਲ ਸਬੰਧਤ ਹਨ।
ਇਸ ਮੁਸ਼ਾਇਰੇ ਵਿੱਚ ਨਾਮਵਰ ਸ਼ਾਇਰ ਡਾ. ਮੋਹਨ ਲਾਲ, ਜਗਤਾਰ ਗਿੱਲ, ਸੁਰਿੰਦਰ ਮਕਸੂਦਪੁਰੀ, ਜਸਵੰਤ ਧਾਪ, ਬਲਜਿੰਦਰ ਮਾਂਗਟ, ਹਰਮੀਤ ਆਰਟਿਸਟ, ਕਮਲਪ੍ਰੀਤ, ਮਨੀਸ਼, ਅਕਾਸ਼ਬੀਰ ਅਤੇ ਉਮਰਬੀਰ ਨੇ ਬੜੇ ਹੀ ਸੰਵੇਦਨਸ਼ੀਲ ਤੇ ਸੰਜ਼ੀਦਾ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਕੀਤਾ।ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ।ਮੰਚ-ਸੰਚਾਲਨ ਦੀ ਡਾ. ਹਰਿੰਦਰ ਕੌਰ ਨ ਕੀਤਾ।
ਇਸ ਮੌਕੇ ਡਾ. ਰਿਹਾਨ ਹਸਨ, ਡਾ. ਮੇਘਾ ਸਲਵਾਨ, ਪਵਨ ਕੁਮਾਰ, ਡਾ. ਕੰਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਬੁੱਟਰ, ਖੋਜ-ਵਿਦਿਆਰਥੀ ਤੇ ਹੋਰ ਵਿਦਿਆਰਥੀ ਵੱੀ ਹਾਜ਼ਰ ਸਨ।