ਪ੍ਰਸਿੱਧ ਪੰਜਾਬੀ ਗਾਇਕ ਮਾਸ਼ਾ ਅਲੀ ਨੇ ਕੀਲੇ ਦਰਸ਼ਕ, 12 ਨਵੰਬਰ ਨੂੰ ਗਾਇਕ ਅਮਨ ਸੰਧੂ ਕਲਾ ਦਾ ਪ੍ਰਦਰਸ਼ਨ
ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਸਾਰਸ ਮੇਲੇ ਵਿੱਚ ਅੱਜ ਉਚੇਚੇ ਤੌਰ ਤੇ ਪੁੱਜੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ ਰਾਜਾਂ ਤੋਂ ਆਏ ਛੋਟੇ ਦਸਤਕਾਰੀ ਵਪਾਰੀਆਂ ਨਾਲ ਗੱਲਬਾਤ ਕੀਤੀ।ਉਨਾਂ ਦੱਸਿਆ ਕਿ ਸਾਰਸ ਮੇਲੇ ਵਿੱਚ ਆਏ ਛੋਟੇ ਦਸਤਕਾਰੀ ਵਪਾਰੀ ਕਾਫ਼ੀ ਉਤਸ਼ਾਹਿਤ ਹਨ ਅਤੇ ਵੱਡੀ ਗਿਣਤੀ ‘ਚ ਲੋਕ ਰੋਜ਼ਾਨਾ ਮੇਲੇ ਵੇਖਣ ਲਈ ਪਹੁੰਚ ਰਹੇ ਹਨ।
ਧਾਲੀਵਾਲ ਨੇ ਸਾਰਸ ਮੇਲੇ ਦਾ ਪੂਰਾ ਦੌਰਾ ਕੀਤਾ ਅਤੇ ਜਿਲ੍ਹਾ ਪ੍ਰਸਾਸ਼ਨ ਦੀ ਤਾਰੀਫ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਵਲੋਂ ਬਾਹਰੋਂ ਆਏ ਵਪਾਰੀਆਂ ਲਈ ਵੀ ਰਹਿਣ ਸਹਿਣ, ਖਾਣ-ਪੀਣ ਆਦਿ ਦੀ ਪੂਰੀ ਵਿਵਸਥਾ ਕੀਤੀ ਗਈ ਹੈ।ਧਾਲੀਵਾਲ ਨੇ ਸਕੂਲੀ ਬੱਚਿਆਂ ਵਲੋਂ ਪੇਸ਼ ਕੀਤੇ ਜਾ ਰਹੇ ਸੱਭਿਆਚਾਰਕ ਪ੍ਰੋਗਰਾਮ ਨੂੰ ਵੀ ਦੇਖਿਆ।ਉਨਾਂ ਲੱਗੇ ਸਟਾਲਾਂ ਦਾ ਨਿਰੀਖਣ ਵੀ ਕੀਤਾ।ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਗੁਰਪ੍ਰੀਤ ਸਿੰਘ ਖਹਿਰਾ ਵੀ ਹਾਜ਼ਰ ਸਨ।
ਸਾਰਸ ਮੇਲੇ ਵਿੱਚ 12 ਨਵੰਬਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਅਮਨ ਸੰਧੂ ਆਪਣੇ ਫਨ ਦਾ ਪ੍ਰਦਰਸ਼ਨ ਕਰਨਗੇ।
ਵਧੀਕ ਡਿਪਟੀ ਕਮਿਸਨਰ ਰਣਧੀਰ ਸਿੰਘ ਮੂਧਲ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਵਪਾਰੀ ਕਾਫ਼ੀ ਉਤਸ਼ਾਹਿਤ ਹਨ ਅਤੇ ਦਿਨ ਪ੍ਰਤੀ ਦਿਨ ਲੋਕਾਂ ਦੀ ਰੌਣਕ ਮੇਲੇ ਵਿਚ ਕਾਫ਼ੀ ਵੱਧ ਰਹੀ ਹੈ ਅਤੇ ਲੋਕ ਕਾਫ਼ੀ ਖਰੀਦਦਾਰੀ ਕਰ ਰਹੇ ਹਨ।ਮੂਧਲ ਨੇ ਦੱਸਿਆ ਕਿ ਬੀਤੀ ਸ਼ਾਮ ਪ੍ਰਸਿੱਧ ਪੰਜਾਬੀ ਗਾਇਕ ਮਾਸ਼ਾ ਅਲੀ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਬੰਨ੍ਹਿਆ ਅਤੇ ਮਹਿਫਲ ਵਿੱਚ ਰੰਗ ਭਰਿਆ।
ਮੂਧਲ ਨੇ ਦੱਸਿਆ ਕਿ ਮੇਲੇ ਦੋਰਾਨ ਵੱਖਰੀ ਸਭਿਆਚਾਰਕ ਸਟੇਜ਼ ਵੀ ਲਗਾਈ ਗਈ ਹੈ, ਜਿਥੇ ਰੋਜਾਨਾਂ ਸਕੂਲੀ ਬੱਚੇ ਆਪਣੀ ਪੇਸ਼ਕਾਰੀ ਦਿੰਦੇ ਹਨ ਅਤੇ ਸ਼ਾਮ ਵੇਲੇ ਪ੍ਰਸਿੱਧ ਪੰਜਾਬੀ ਗਾਇਕਾਂ ਵਲੋ ਆਪਣੀ ਪੇਸ਼ਕਾਰੀ ਦਿੱਤੀ ਜਾਂਦੀ ਹੈ।ਅੱਜ ਦੇ ਮੇਲੇ ਵਿੱਚ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ।