ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪ੍ਰਸਿੱਧ ਪੰਜਾਬੀ ਨਾਟਕ ‘ਕੋਰਟ ਮਾਰਸ਼ਲ’ ਦਾ ਸ਼ਾਨਦਾਰ ਮੰਚਨ
ਅੰਮ੍ਰਿਤਸਰ, 10 ਦਸੰਬਰ ( ਦੀਪ ਦਵਿੰਦਰ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਸਵਦੇਸ਼ ਦੀਪਕ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪ੍ਰਸਿੱਧ ਪੰਜਾਬੀ ਨਾਟਕ ‘ਕੋਰਟ ਮਾਰਸ਼ਲ’ ਵਿਰਸਾ ਵਿਹਾਰ ਦੇ ਸz: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫਲਤਾਪੂਰਵਕ ਖੇਡਿਆ ਗਿਆ।ਇਸ ਮੌਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਸz: ਪ੍ਰਕਾਸ਼ ਸਿੰਘ ਬਾਦਲ ਵੀ ਅਚਾਨਕ ਨਾਟਕ ਵੇਖਣ ਪੁੱਜੇ। ਉਨ੍ਹਾਂ ਨਾਲ ਸz: ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਪੁਲਿਸ ਕਮਿਸ਼ਨਰ ਸz: ਜਤਿੰਦਰ ਸਿੰਘ ਔਲਖ ਵੀ ਹਾਜ਼ਰ ਸਨ। ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਆਏ ਹੋਏ ਮੁੱਖ ਮਹਿਮਾਨ ਸz: ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਜੀ ਆਇਆ ਨੂੰ ਕਿਹਾ ਤੇ ਉਨ੍ਹਾਂ ਨਾਲ ਆਏ ਕੈਬਨਿਟ ਮੰਤਰੀ ਸz: ਗੁਲਜਾਰ ਸਿੰਘ ਰਣੀਕੇ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਪੁਲਿਸ ਕਮਿਸ਼ਨਰ ਸz: ਜਤਿੰਦਰ ਸਿੰਘ ਔਲਖ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਸ: ਬਾਦਲ ਨੇ ਡੇੜ ਘੰਟੇ ਦਾ ਪੂਰਾ ਨਾਟਕ ‘ਕੋਰਟ ਮਾਰਸ਼ਲ’ ਦੇਖਿਆ ਅਤੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਟਕ ਦਾ ਪ੍ਰਭਾਵ ਲੋਕਾਂ ਤੇ ਸਾਡੇ ਸਿਆਸੀ ਲੋਕਾਂ ਨਾਲੋਂ ਵੀ ਵਧੇਰੇ ਹੁੰਦਾ ਹੈ।ਉਨ੍ਹਾਂ ਨਾਟਕ ਦੇ ਨਿਰਦੇਸ਼ਕ ਕੇਵਲ ਧਾਲੀਵਾਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਕੇਵਲ ਧਾਲੀਵਾਲ ਜਿਹੇ ਕਈ ਹੋਰ ਧਾਲੀਵਾਲਾਂ ਦੀ ਲੋੜ ਹੈ।ਊਨ੍ਹਾਂ ਰੰਗਮੰਚ ਕਲਾਕਾਰਾਂ ਨੂੰ ਸਾਰੇ ਪੰਜਾਬ ਵਿੱਚ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਖਿਲਾਫ ਨਾਟਕ ਪੇਸ਼ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਰੰਗਮੰਚ ਕਲਾਕਾਰਾਂ ਨੂੰ ਹਰ ਤਰਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।ਉਨ੍ਹਾਂ ਨਾਟਕ ਵਿੱਚ ਕਲਾਕਾਰਾਂ ਵੱਲੋਂ ਨਿਭਾਏ ਕਿਰਦਾਰਾਂ ਦੀ ਵੀ ਸ਼ਲਾਘਾ ਕੀਤੀ ਤੇ ਵਿਰਸਾ ਵਿਹਾਰ ਵੱਲੋਂ ਭੇਟ ਕੀਤੀ ਸ਼ਾਲ ਉਨ੍ਹਾਂ ਮੁੜ ਨਾਟਕ ਦੇ ਨਿਰਦੇਸ਼ਕ ਕੇਵਲ ਧਾਲੀਵਾਲ ਨੂੰ ਭੇਟ ਕਰਕੇ ਸਨਮਾਨਤ ਕੀਤਾ।
ਨਾਟਕ ਕੋਰਟ ਮਾਰਸ਼ਲ ਦੀ ਕਹਾਣੀ ਅਨੁਸਾਰ ਇਸ ਨਾਟਕ ਵਿੱਚ ਇਕ ਸਿੱਧੇ-ਸਾਧੇ ਅਨੁਸ਼ਾਸ਼ਨ ਵਿੱਚ ਰਹਿਣ ਵਾਲੇ ਸੈਨਾ ਦੇ ਜਵਾਨ ਰਾਮਚੰਦਰ ਦਾ ਕੋਰਟ ਮਾਰਸ਼ਲ ਹੁੰਦਾ ਹੈ।ਜੋ ਆਪਣੇ ਇੱਕ ਅਫ਼ਸਰ ਨੂੰ ਗੋਲੀ ਮਾਰਕੇ ਮਾਰ ਦਿੰਦਾ ਹੈ ਤੇ ਦੂਜੇ ਨੂੰ ਜਖ਼ਮੀ ਕਰ ਦਿੰਦਾ ਹੈ। ਕੋਰਟ ਮਾਰਸ਼ਲ ਦੇ ਦੌਰਾਨ ਇੱਕ ਦਿਲ ਕੰਬਾ ਦੇਣ ਵਾਲੇ ਸੱਚ ਦਾ ਪਤਾ ਲਗਦਾ ਹੈ ਕਿ ਹਾਲੇ ਵੀ ਅਸੀਂ ਸਾਮੰਤਵਾਦ ਤੇ ਰੂੜੀਵਾਦ ਤੋਂ ਉਪਰ ਨਹੀਂ ਉਠ ਸਕੇ, ਦੇਸ਼ ਦਾ ਸੰਵੀਧਾਨ ਭਾਵੇਂ ਸਾਨੂੰ ਬਰਾਬਰ ਦਾ ਅਧਿਕਾਰ ਤਾਂ ਦੇਂਦਾ ਹੈ, ਪਰ ਸੋਚਣ ਦੇ ਲੈਵਲ ਤੇ ਵੀ ਅਸੀਂ ਆਪਣੇ ਤੋਂ ਹੇਠਲੇ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਤਿਆਰ ਨਹੀਂ।ਜਦੋਂ ਵਿਵਸਥਾ ਜਾਤ-ਪਾਤ ਤੋਂ ਉਪਰ ਨਾਂ ਉਠੇ, ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਤਾਂ ਉਸ ਵੇਲੇ ਕੋਈ ਜਵਾਨ ਰਾਮਚੰਦਰ ਗੋਲੀ ਚਲਾਉਣ ਲਈ ਮਜ਼ਬੂਰ ਹੋ ਜਾਂਦਾ ਹੈ।ਇਸ ਨਾਟਕ ਵਿੱਚ ਪਵੇਲ ਸੰਧੂ, ਜਸਵੰਤ ਸਿੰਘ ਜੱਸ, ਪਵਨਦੀਪ, ਗੁਰਤੇਜ ਮਾਨ, ਮਨਜਿੰਦਰ ਅਨਜਾਨ, ਵਿਸ਼ੂ ਸ਼ਰਮਾ, ਗੁਰਕਿਰਤ ਸੰਧੂ, ਰਾਜਿੰਦਰ ਨਾਗੀ, ਪ੍ਰਿੰਸ ਮਹਿਰਾ, ਵਿਕਾਸ ਜੋਸ਼ੀ, ਪਲਵਿੰਦਰ ਪ੍ਰਿੰਸ, ਆਦਿ ਕਲਾਕਾਰਾ ਨੇ ਆਪਣੀ ਬੁਲੰਦ ਅਦਾਕਾਰੀ ਨਾਲ ਨਾਟਕ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਸ੍ਰੀਮਤੀ ਅਨੀਤਾ ਦੇਵਗਨ, ਸ੍ਰੀਮਤੀ ਅਰਵਿੰਦਰ ਕੌਰ ਧਾਲੀਵਾਲ, ਗੁਰਿੰਦਰ ਮਕਨਾ, ਸੁਮੀਤ ਸਿੰਘ, ਟੀ. ਐਸ. ਰਾਜਾ, ਮਨਮੋਹਨ ਢਿੱਲੋਂ ਹਰਮਨਪ੍ਰੀਤ ਸਿੰਘ ਸੀਏ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਤੇ ਸਰੋਤੇ ਹਾਜ਼ਰ ਸਨ।