ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਉਦਮ ਬਿਊਰੋ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਾਡਲ ਕੈਰੀਅਰ ਸੈਂਟਰ ਅਧੀਨ ਇੱਕ ਵਿਸ਼ਾਲ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਮੈਗਾ ਜੌਬ ਫੇਅਰ ਵਿੱਚ ਬੈਂਕਿੰਗ, ਇੰਸ਼ੋਰੈਂਸ, ਆਈ.ਟੀ, ਹੈਲਥ ਕੇਅਰ, ਲੌਜਿਸਟਿਕਸ, ਆਪ੍ਰੇਸ਼ਨ ਅਤੇ ਬਿਜ਼ਨਸ ਡਿਵੈਲਪਮੈਂਟ ਤੋਂ ਵੱਖ-ਵੱਖ ਸੈਕਟਰਾਂ ਦੀਆਂ 27 ਕੰਪਨੀਆਂ ਨੇ ਭਾਗ ਲਿਆ।ਇਨ੍ਹਾਂ ਕੰਪਨੀਆਂ ਵਿੱਚ +2, ਆਈ.ਟੀ.ਆਈ, ਡਿਪਲੋਮਾ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਰਗੇ ਵੱਖ-ਵੱਖ ਪਿਛੋਕੜ ਵਾਲੇ ਵਿਦਿਆਰਥੀਆਂ ਸ਼ਾਮਲ ਸਨ।ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ 1387 ਵਿਦਿਆਰਥੀਆਂ ਨੇ ਮੇਲੇ ਵਿੱਚ ਭਾਗ ਲਿਆ।415 ਵਿਦਿਆਰਥੀਆਂ ਨੂੰ ਇਨ੍ਹਾਂ ਕੰਪਨੀਆਂ ਵਲੋਂ ਨੌਕਰੀ ਚੁਣਿਆ ਗਿਆ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਨੌਕਰੀ ਮੇਲੇ ਦੀ ਸਫ਼ਲਤਾ `ਤੇ ਖਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਭਾਗ ਦੀ ਪ੍ਰਸੰਸਾ ਕੀਤੀ।ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਨੌਕਰੀ ਮੇਲੇ ਦਾ ਦੌਰਾ ਕੀਤਾ ਅਤੇ ਕੰਪਨੀ ਦੇ ਅਧਿਕਾਰੀਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਡਾ. ਬੀ.ਐਸ ਬਾਜਵਾ, ਪ੍ਰੋ. ਇੰਚਾਰਜ਼ (ਪਲੇਸਮੈਂਟ) ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿੱਚ ਅਜਿਹੇ ਨੌਕਰੀ ਮੇਲੇ ਲਗਾਉਂਦੇ ਰਹਾਂਗੇ।ਅਮਿਤ ਚੋਪੜਾ, ਸਹਾਇਕ ਡਾ. ਪਲੇਸਮੈਂਟ ਅਫਸਰ ਨੇ ਦੱਸਿਆ ਕਿ ਮਾਡਲ ਕੈਰੀਅਰ ਸੈਂਟਰ ਦੀ ਸਥਾਪਨਾ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਯੂਨੀਵਰਸਿਟੀ ਵਿਖੇ ਡਾਇਰੈਕਟੋਰੇਟ ਆਫ ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਵੱਲੋਂ ਕੀਤੀ ਗਈ ਹੈ।ਇਹ ਕੇਂਦਰ ਇਸ ਖੇਤਰ ਦੇ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਅਤੇ ਰੋਜ਼ਗਾਰ ਮੇਲੇ ਦੇ ਆਯੋਜਨਾਂ ਲਈ ਕੰਮ ਕਰਦਾ ਰਹੇਗਾ।