ਧਰਨਾਕਾਰੀਆਂ ‘ਤੇ ਪੁਲਿਸ ਵਲੋਂ ਕੀਤਾ ਜਾ ਰਿਹਾ ਤਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਨਾਗਰਾ
ਸਮਰਾਲਾ, 22 ਦਸੰਬਰ (ਪ.ਪ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੂਬਾ ਆਗੂ ਰਾਣਾ ਰਣਬੀਰ ਸਿੰਘ ਸਮਰਾਲਾ ਵਿੱਚ ਕਿਸਾਨ ਮਜ਼ਦੂਰਾਂ ਦੀ ਮੀਟਿੰਗ ਵਿੱਚ ਪਹੁੰਚੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਮੀਟਿੰਗ ਜਥੇਬੰਦੀ ਦੇ 26 ਨਵੰਬਰ ਤੋਂ ਚੱਲ ਰਹੇ 10 ਜ਼ਿਲ੍ਹਿਆਂ ਦੇ ਡੀ.ਸੀ ਦਫ਼ਤਰਾਂ ਅਤੇ ਪੰਜਾਬ ਦੇ 18 ਟੋਲ ਪਲਾਜ਼ਿਆਂ ‘ਤੇ ਚੱਲ ਰਹੇ ਪੱਕੇ ਮੋਰਚੇ ‘ਤੇ ਵਿਚਾਰ ਚਰਚਾ ਕੀਤੀ ਅਤੇ ਸੰਤੋਖ ਸਿੰਘ ਨਾਗਰਾ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਦਿਆਂ ਹੋਇਆਂ ਇਨਕਲਾਬੀ ਵਧਾਈ ਦਿੱਤੀ।ਸੰਤੋਖ ਸਿੰਘ ਨਾਗਰਾ ਵਲੋਂ ਮਿਲੀ ਅਹਿਮ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ ਤੇ ਚੱਲ ਰਹੇ ਮੌਜ਼ੂਦਾ ਅੰਦੋਲਨ ਵਿੱਚ ਡਟ ਕੇ ਹਿੱਸਾ ਲੈਣ ਦਾ ਵਿਸ਼ਵਾਸ਼ ਦਿਵਾਇਆ ਗਿਆ। ਆਗੂਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਦੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਨੂੰ ਲੈ ਕੇ 26 ਸਤੰਬਰ ਤੋਂ ਪੱਕਾ ਮੋਰਚਾ ਲਗਾਤਾਰ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਜ਼ੀਰਾ ਫੈਕਟਰੀ ਅੱਗੇ ਲੱਗੇ ਮੋਰਚੇ ‘ਤੇ ਪ੍ਰਧਾਨ ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ਧਰਨਾਕਾਰੀਆਂ ਤੇ ਪੁਲਿਸ ਵਲੋਂ ਕੀਤਾ ਜਾ ਰਿਹਾ ਤਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਿਸੇ ਵੀ ਕੀਮਤ ਤੇ ਧਰਨਾ ਚੁੱਕਣ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਸੰਦੀਪ ਸਿੰਘ ਰੁਪਾਲੋਂ, ਅਮਰੀਕ ਸਿੰਘ, ਮਨਜੀਤ ਸਿੰਘ ਤੇ ਜਗਤਾਰ ਸਿੰਘ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਆਏ ਹੋਏ ਆਗੂਆਂ ਨੇ ਵੀ ਸੰਬੋਧਨ ਕੀਤਾ, ਜਦਕਿ ਅਮਰਜੀਤ ਸਿੰਘ ਬਾਲਿਓਂ, ਪਰਮਜੀਤ ਸਿੰਘ, ਹਰਚੰਦ ਸਿੰਘ, ਗੁਰਮੀਤ ਸਿੰਘ ਅਤੇ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।