Friday, July 19, 2024

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ‘ਬੈਸਟ ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨ

ਛੀਨਾ ਨੇ ਅਮਰੀਕਾ ਸਥਿਤ ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਦਾ ਐਵਾਰਡ ਦੇਣ ਲਈ ਕੀਤਾ ਧੰਨਵਾਦ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਲੋਂ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ (ਯੂ.ਐਸ.ਏ) ਦੇ ਸਹਿਯੋਗ ਨਾਲ ‘ਪੰਜਾਬ ਟੀਚਰ ਆਫ਼ ਦਾ ਯੀਅਰ’ ਐਵਾਰਡ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਰਾਸ਼ਟਰ ਨਿਰਮਾਤਾ ਦੱਸਿਆ।ਉੇਨ੍ਹਾਂ ਨੇ ਅਮਰੀਕਾ ਸਥਿਤ ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਦਾ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਐਵਾਰਡ ਲਈ ਧੰਨਵਾਦ ਕੀਤਾ।
ਉਨ੍ਹਾਂ ਨੇ ਵਧੀਆ ਅਧਿਆਪਕਾਂ ਨੂੰ ਸਨਮਾਨ ਭੇਟ ਕਰਨ ਉਪਰੰਤ ਬੱਚਿਆਂ ਨੂੰ ਅਧਿਆਪਕ ਦੀ ਅਹਿਮੀਅਤ ਅਤੇ ਇਕ ਸਫ਼ਲ ਇਨਸਾਨ ਪਿੱਛੇ ਟੀਚਰ ਦੀ ਘਾਲਣਾ ਬਾਰੇ ਦੱਸਦਿਆਂ ਸਮਾਜਿਕ ਅਧਿਆਪਕ ਦਾ ਸਨਮਾਨਜਨਕ ਸਥਾਨ ਹੋਣ ਦਾ ਦਾਅਵਾ ਕੀਤਾ।
ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਸਰਬਜੀਤ ਸਿੰਘ ਹੁਸ਼ਿਆਰ ਨਗਰ ਨਾਲ ਮਿਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਲੁਧਿਆਣਾ ਕੰਪਿਊਟਰ ਫ਼ੈਕਲਟੀ ਅੰਮ੍ਰਿਤਪਾਲ ਸਿੰਘ ਜੋ ਕਿ ਇਸ ਸਾਲ ਦੇ ‘ਬੈਸਟ ਟੀਚਰ ਦਾ ਯੀਅਰ ਐਵਾਰਡ’ ਨਾਲ ਚੁਣੇ ਗਏ, ਨੂੰ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ, ਪ੍ਰਮਾਣ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਸਰਕਾਰੀ ਹਾਈ ਸਕੂਲ, ਸਿਹੌੜਾ, ਲੁਧਿਆਣਾ ਦੇ ਮੈਥ ਅਧਿਆਪਕ ਕਿਰਨਦੀਪ ਸਿੰਘ ਨੂੰ 25 ਹਜ਼ਾਰ ਰੁਪਏ ਦਾ ਚੈਕ ਅਤੇ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਲੁਧਿਆਣਾ ਪੰਜਾਬੀ ਮਾਸਟਰ ਕਰਮਜੀਤ ਸਿੰਘ ਨੂੰ 15 ਹਜ਼ਾਰ ਦੇ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ। ਇਸ ਉਪਰੰਤ ਛੀਨਾ ਨੇ ਦੱਸਿਆ ਕਿ ਪੰਜਾਬ ਭਰ ਦੇ ਅਧਿਆਪਕਾਂ ਦੁਆਰਾ ਅਧਿਆਪਨ ਅਤੇ ਸਮਾਜਿਕ ਖੇਤਰ ’ਚ ਦਿੱਤੇ ਯੋਗਦਾਨ ਲਈ ਖਾਸ ਪਹਿਚਾਣ ਦਿਵਾਉਣ ਲਈ ਉਕਤ ਐਵਾਰਡ ਲਈ ਐਂਟਰੀਆਂ ਮੰਗਵਾਈਆਂ ਗਈਆਂ ਸਨ, ਜਿਸ ’ਚ ਪੰਜਾਬ ਭਰ ਤੋਂ 60 ਦੇ ਕਰੀਬ ਅਧਿਆਪਕਾਂ ਨੇ ਅਪਲਾਈ ਕੀਤਾ।
ਉਨ੍ਹਾਂ ਕਿਹਾ ਕਿ ਇਹ ਉਪਰਾਲਾ ਕਾਲਜ ਅਤੇ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ (ਯੂ.ਐਸ.ਏ) ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਅਧਿਆਪਕਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਮੁਲਾਂਕਣ ਕਰ ਕੇ ਉਨ੍ਹਾਂ ਨੂੰ ਹੋਰ ਮਿਹਨਤ ਅਤੇ ਸ਼ਿੱਦਤ ਨਾਲ ਪੜ੍ਹਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਸਮਾਗਮ ਦੌਰਾਨ ਕਾਲਜ ਪ੍ਰਿੰਸੀਪਲ ਡਾ: ਹਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਟੀਚਰ ਆਫ਼ ਦਾ ਈਅਰ ਐਵਾਰਡ ਪਿਛਲੇ ਸਾਲ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੁਆਰਾ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਿੱਖਿਆ ਲਈ ਅਧਿਆਪਕਾਂ ਦੇ ਯੋਗਦਾਨ ਅਤੇ ਸੁਸਾਇਟੀ ਨੂੰ ਵਿਗਿਆਨਕ ਸਿੱਖਿਆ ਪ੍ਰਦਾਨ ਕਰਨ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਇਸ ਐਵਾਰਡ ਦਾ ਆਯੋਜਨ ਕਾਲਜ ਵਾਇਸ ਪ੍ਰਿੰਸੀਪਲ ਡਾ: ਨਿਰਮਲਜੀਤ ਕੌਰ ਸੰਧੂ, ਐਸੋਸੀਏਟ ਪ੍ਰੋਫੈਸਰ ਡਾ: ਗੁਰਜੀਤ ਕੌਰ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਡਾ: ਅਵਨੀਤ ਦੀ ਯੋਗ ਅਗਵਾਈ ਹੇਠ ਕੀਤਾ ਗਿਆ।
ਐਵਾਰਡ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਕਿਹਾ ਕਿ ਖਾਲਸਾ ਫਾਊਂਡੇਸ਼ਨ ਦਾ ਉਦੇਸ਼ ਇਸ ਐਵਾਰਡ ਰਾਹੀਂ ਯੋਗ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਨਾ ਹੈ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਸੰਧੂ ਆਦਿ ਹੋਰਨਾਂ ਜੱਜਾਂ ਦੀ ਟੀਮ ਵੱਲੋਂ ਇਨਾਮਾਂ ਲਈ ਮੁਲਾਂਕਣ ਕਰਕੇ ਜੇਤੂਆਂ ਦੀ ਚੋਣ ਕੀਤੀ ਗਈ।
ਗਲੋਬਲ ਫ਼ਾਊਂਡੇਸ਼ਨ ਦੇ ਪ੍ਰਧਾਨ ਬਖਸ਼ੀਸ਼ ਸਿੰਘ ਸੰਧੂ ਨੇ ਆਪਣੇ ਅਮਰੀਕਾ ਤੋਂ ਭੇਜੇ ਸੰਦੇਸ਼ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਵਾਰਡ ਨੂੰ ਸਾਲਾਨਾ ਪ੍ਰਦਾਨ ਕਰਨ ਲਈ ਹਰ ਸਾਲ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ, ਜਿਸ ਲਈ 25 ਲੱਖ ਦੀ ਰਕਮ ਬੈਂਕ ’ਚ ਰਾਖਵੀਂ ਰੱਖ ਦਿੱਤੀ ਗਈ ਹੈ।ਇਸ ਮੌਕੇ ਉਕਤ ਤੋਂ ਇਲਾਵਾ ਸ਼ਾਰਟਲਿਸਟ ਕੀਤੇ ਗਏ 7 ਹੋਰ ਅਧਿਆਪਕ ਸਰਤਾਜ ਸਿੰਘ, ਡਾ. ਸੁਸ਼ੀਲ ਕੁਮਾਰ, ਸ੍ਰੀਮਤੀ ਹਰਮਿੰਦਰ ਕੌਰ, ਮੁਖਤਾਰ ਸਿੰਘ, ਡਾ. ਦਿਨੇਸ਼ ਕੁਮਾਰ, ਗੁਰਨਾਮ ਸਿੰਘ, ਡਾ. ਵਨੀਤ ਕਮਾਰ ਸਿੰਗਲਾ ਨੂੰ ਵੀ ਟਰਾਫ਼ੀ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਸਮਾਗਮ ਮੌਕੇ ਕੌਂਸਲ ਦੇ ਮੈਂਬਰ ਲਖਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਆਫ਼ ਨਰਸਿੰਗ ਪਿ੍ਰੰਸੀਪਲ ਡਾ. ਅਮਨਪ੍ਰੀਤ ਕੌਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …