ਸਮਰਾਲਾ, 9 ਜਨਵਰੀ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਦੀ ਸਾਲ 2023 ਦੀ ਪਲੇਠੀ ਮਾਸਿਕ ਮੀਟਿੰਗ ਮਾ. ਤਰਲੋਚਨ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਸੀਨੀ: ਸੈਕੰ: ਸਕੂਲ ਵਿਖੇ ਹੋਈ।ਜਿਸ ਵਿੱਚ ਸਮਰਾਲਾ ਦੇ ਸਾਹਿਤਕ ਦੋਸਤਾਂ ਨੇ ਲੇਖਕ ਮੰਚ ਦੇ ਬਾਨੀ ਵਿੱਤ ਸਕੱਤਰ ਸਵ. ਮਹਿਮਾ ਸਿੰਘ ਕੰਗ ਦੀ ਜੀਵਨ ਸਾਥਣ ਤੇ ਚਰਚਿਤ ਕਾਲਮਨਵੀਸ ਲੇਖਕ ਇੰਦਰਜੀਤ ਸਿੰਘ ਕੰਗ ਦੇ ਮਾਤਾ ਜਰਨੈਲ ਕੌਰ ਦੀ ਮੌਤ, ਪ੍ਰਸਿੱਧ ਗੀਤਕਾਰ ਸਵਰਨ ਸਿਵੀਆ ਦੀ ਦਿਲ ਦੇ ਦੌਰੇ ਨਾਲ ਦੁਖਦਾਈ ਮੌਤ, ਪ੍ਰਸਿੱਧ ਵਾਤਾਵਰਨ ਪ੍ਰੇਮੀ ਡਾ. ਚਰਨਜੀਤ ਸਿੰਘ ਨਾਭਾ ਦੀ ਬੇਵਕਤੀ ਮੌਤ ਅਤੇ ਸਾਹਿਤਕਾਰ ਹਰਨੇਕ ਸਿੰਘ ਰਾਮਪੁਰੀ ਦੀ ਮੌਤ ਤੇ ਸਾਰੇ ਸਾਹਿਤਕਾਰਾਂ ਨੇ ਆਪਣੀ ਸੰਵੇਦਨਾ ਸਾਂਝੀ ਕਰਦਿਆਂ ਸਬੰਧਿਤ ਪਰਿਵਾਰਾਂ ਦੇ ਦੁੱਖ ਵਿੱਚ ਆਪਣੀ ਸ਼ਮੂਲੀਅਤ ਦਾ ਇਜ਼ਹਾਰ ਕੀਤਾ।
ਇਸ ਉਪਰੰਤ ਪਹੰੁਚੇ ਸਾਹਿਤਕਾਰਾਂ ਨੇ ਆਪਣੀਆਂ ਤਾਜ਼ਾ ਰਚਨਾਵਾਂ ਨਾਲ ਨਵੇਂ ਸਾਲ ਨੂੰ ਖੁਸ਼ਆਮਦੀਦ ਕਿਹਾ ਪ੍ਰਸਿੱਧ ਗੀਤਕਾਰ ਹਰਬੰਸ ਮਾਲਵਾ ਦੇ ਬਿਹਤਰੀਨ ਗੀਤ, ‘ਢੇਰੀ ਢਾਹੁੰਦੇ ਸੁਪਨਿਆਂ ਨੂੰ ਮੈਂ ਵਾਰ ਵਾਰ ਸਮਝਾਇਆ’ ਨੇ ਖੂਬ ਦਾਦ ਹਾਸਲ ਕੀਤੀ।ਪਰਵਾਸ ਦੀ ਸਮੱਸਿਆ ਤੇ ਲਾਲਸਾ ਨੂੰ ਕੇਂਦਰ ਵਿੱਚ ਰੱਖ ਕੇ ਰਚੇ ਅਵਤਾਰ ਓਟਾਲ ਦੇ ਗੀਤ, ‘ਓਥੇ ਕਰੇਂਗੀ ਦਿਹਾੜੀਆਂ ਜਾ ਕੇ’ ਰਾਹੀਂ ਤਨਸ਼ਕਸੀ।ਰੁਪਿੰਦਰਪਾਲ ਸਿੰਘ ਗਿੱਲ ਜੰਡਿਆਲੀ ਨੇ ਟਰੇਡ ਜਥੇਬੰਦੀਆਂ ਅੰਦਰ ਚੱਲ ਰਹੇ ਹਿਪੋਕਰੇਸੀ ਦੇ ਰੁਝਾਨ ਬਾਰੇ ਆਪਣੀ ਕਹਾਣੀ ‘ਤਬਦੀਲੀ’ ਪੜ੍ਹੀ, ਜਿਸ ‘ਤੇ ਭਰਵੀਂ ਤੇ ਸੁਝਾਅ ਭਰਪੂਰ ਚਰਚਾ ਹੋਈ। ਗੀਤਕਾਰ ਤੇ ਗਾਇਕ ਜੱਸੀ ਢਿੱਲਵਾਂ ਦਾ ਸੂਫ਼ੀ ਰੰਗਤ ਵਾਲਾ ਗੀਤ ਸ਼ਬਦਾਵਲੀ ਤੇ ਤਰੰਨੁਮ ਕਰਕੇ ਚੰਗਾ ਪਸੰਦ ਕੀਤਾ ਗਿਆ।ਇਹਨਾਂ ਰਚਨਾਵਾਂ ’ਤੇ ਪ੍ਰਸਿੱਧ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ, ਡਾ. ਪਰਮਿੰਦਰ ਸਿੰਘ ਬੈਨੀਪਾਲ, ਮੈਨੇਜਰ ਕਰਮ ਚੰਦ ਤੇ ਕਮਲਜੀਤ ਬਾਸੀ ਆਦਿ ਨੇ ਆਪਣੇ ਕੀਮਤੀ ਵਿਚਾਰ ਰੱਖੇ।ਨਵੇਂ ਲੇਖਕ ਗੁਰਪਿੰਦਰ ਸਿੰਘ ਦੀ ਵਧੀਆ ਕਵਿਤਾ, ‘ਫੱੱਟਦਾ ਦਰਿਆ ਸਾਹਿਤ ਦਾ……’ ਵੀ ਆਪਣੀ ਪਹਿਚਾਣ ਬਣਾਉਣ ਵਿੱਚ ਸਫ਼ਲ ਰਹੀ।
ਇਸ ਉਪਰੰਤ ਮਾ. ਤਰਲੋਚਨ ਸਿੰਘ ਸਮਰਾਲਾ ਨੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਕਮਲਜੀਤ ਨੀਲੋਂ ਦੀ ਹਾਜ਼ਰੀ ਵਿੱਚ ਉਹਨਾਂ ਦੇ ਜੀਵਨ ਬਾਰੇ ਲਿਖਿਆ ਲੰਬਾ ਸ਼ਬਦ ਚਿੱਤਰ, ‘ਬਾਲ ਸਾਹਿਤ ਦਾ ਪਾਬਲੋ ਨਰੂਦਾ: ਕਮਲਜੀਤ ਨੀਲੋਂ’ ਪੜ੍ਹਿਆ, ਜਿਹੜਾ ਕਮਲਜੀਤ ਨੀਲੋਂ ਦੇ ਸੰਘਰਸ਼ ਭਰਪੂਰ ਜੀਵਨ ਦੀ ਤਰਜ਼ਮਾਨੀ ਕਰਦਾ ਸੀ।ਇਸ ਸ਼ਬਦ ਚਿੱਤਰ ਬਾਰੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਹਰਬੰਸ ਮਾਲਵਾ ਤੇ ਹੋਰਾਂ ਨੇ ਭਰਪੂਰ ਚਰਚਾ ਕੀਤੀ।ਕਮਲਜੀਤ ਨੀਲੋਂ ਨੇ ਵੀ ਘਟਨਾਕ੍ਰਮ ਦੇ ਸਹੀ ਹੋਣ ਦੀ ਸ਼ਾਹਦੀ ਭਰੀ।ਮੀਟਿੰਗ ਦੇ ਅੰਤ ਵਿੱਚ ਕਮਲਜੀਤ ਨੀਲੋਂ ਹੁਰਾਂ ਆਪਣੀ ਕਹਾਣੀ ‘…. ਤਾਂ ਕੀ ਬਣਦਾ?’ ਪੜ੍ਹ ਕੇ ਦਿਨੋਂ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਪ੍ਰਤੀ ਆਪਣੀ ਚਿੰਤਾ ਤਾਂ ਜ਼ਾਹਰ ਕੀਤੀ ਹੀ, ਸਗੋਂ ਹੋਰਾਂ ਨੂੰ ਵੀ ਝੰਜੋੜਿਆ। ਇਸ ਕਹਾਣੀ ‘ਤੇ ਵੀ ਭਰੂਪਰ ਚਰਚਾ ਹੋਈ।
ਅਖੀਰ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਹਿਤਕਾਰਾਂ ਲਈ ਨਵੀਆਂ ਰਚਨਾਵਾਂ ਤੇ ਜ਼ਿੰਮੇਵਾਰੀਆਂ ਸਮੇਤ ਸੰਭਾਵਨਾਵਾਂ ਭਰਪੂਰ ਸਾਲ ਹੋਣ ਦਾ ਸ਼ੁਭ ਸੰਕੇਤ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …