ਬੀਜੇਪੀ, ਕਾਂਗਰਸੀਆਂ ਤੇ ਇਲਾਕਾ ਨਿਵਾਸੀਆਂ ਦੇ ਵਿਰੋਧ ‘ਤੇ ਕੌਂਸਲਰ ਖਿਲਾਫ ਮਾਮਲਾ ਦਰਜ
ਛੇਹਰਟਾ, 14 ਦਸੰਬਰ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਵਲੋਂ ਜਿੱਥੇ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਉਸ ਦੇ ਇਹਨਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ ਕੇ ਸਾਹਮਣੇ ਆਈ, ਜਦ ਇਲਾਕਾ ਕੋਟ ਖਾਲਸਾ ਵਿਖੇ ਕੁੱਝ ਲੋਕਾਂ ਵਲੋਂ ਭਾਰੀ ਮਾਤਰਾ ਵਿਚ ਨਜਾਇਜ ਦੇਸੀ ਤੇ ਅੰਗ੍ਰੇਜੀ ਸ਼ਰਾਬ ਦੀਆਂ ਪੇਟੀਆਂ ਪੁਲਸ ਨੂੰ ਫੜਾਈਆਂ ਗਈਆਂ, ਜੋ ਕਿ ਵਾਰਡ ਨੰਬਰ 60 ਦੇ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀਆਂ, ਬੀਜੇਪੀ ਤੇ ਇਲਾਕਾ ਨਿਵਾਸੀਆਂ ਨੇ ਅਕਾਲੀ ਕੋਂਸਲਰ ਤੇ ਉਸ ਦੇ ਸਾਥੀਆਂ ਖਿਲਾਫ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ।
ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਨਾ ਲਾਲ ਵਾਸੀ ਕੋਟ ਖਾਲਸਾ ਨੇ ਦੱਸਿਆਂ ਕਿ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਆਪਣੇ ਪੀ.ਏ ਬੀਤਾ ਪੁੱਤਰ ਦਰਸ਼ਨ ਸਿੰਘ ਤੇ ਹੋਰ ਸਾਥੀਆਂ ਸਮੇਤ ਸ਼ਰੇਆਮ ਚੋਂਕੀ ਕੋਟ ਖਾਲਸਾ ਦੀ ਬੈਕ ਸਾਈਡ ਦੀ ਪਾਰਕ ਵਿਚ ਨਜਾਇਜ਼ ਅੰਗ੍ਰੇਜੀ ਤੇ ਦੇਸੀ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ, ਜਦ ਬੀਤੀ ਦੇਰ ਰਾਤ ਉਨਾਂ ਨੂੰ ਇਸ ਤੋਂ ਰੋਕਿਆ ਤਾਂ ਬੀਤਾ ਨਾਲ ਉਨਾਂ ਦੀ ਕਹਾ ਸੁਣੀ ਹੋ ਗਈ, ਜਿਸ ਤੋਂ ਬਾਅਦ ਬੀਤਾ ਤੇ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਨੇ ਆਪਣੇ ਸਾਥੀਆਂ ਸਮੇਤ ਉਨਾਂ ਤੇ ਹਮਲਾ ਕਰ ਦਿੱਤਾ ਤੇ ਰੱਜ ਕੇ ਇੱਟਾਂ, ਬੋਤਲਾਂ ਚਲਾਈਆਂ ਅਤੇ ਉਨਾਂ ਆਪਣੀ ਘਰ ਅੰਦਰ ਲੁੱਕ ਕੇ ਜਾਨ ਬਚਾਈ।ਉਨਾਂ ਦੱਸਿਆ ਕਿ ਇਸ ਝਗੜੇ ਦੋਰਾਨ ਉਨਾਂ ਦੇ ਲੜਕੇ ਵਿਸ਼ਾਲ ਸੋਨੂੰ ਤੇ ਰਘੁ ਰਾਜ ਦੇ ਸੱਟਾਂ ਵੀ ਲੱਗੀਆਂ ਹਨ ਅਤੇ ਇਸ ਸਬੰਧੀ ਉਨਾਂ ਚੋਂਕੀ ਕੋਟ ਖਾਲਸਾ ਨੂੰ ਸੁਚਿਤ ਕੀਤਾ, ਅਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਮਨਜੀਤ ਕੌਰ ਪਤਨੀ ਸਵਰਗੀ ਜਗੀਰ ਸਿੰਘ ਦੇ ਕਮਰੇ ਚੋਂ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ।ਦੱਸਿਆ ਜਾਂਦਾ ਹੈ ਕਿ ਇਹ ਉਹ ਕਮਰਾ ਹੈ, ਜੋ ਕਿ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਨੇ ਕਿਰਾਏ ਤੇ ਲੈ ਕੇ ਆਪਣਾ ਦਫਤਰ ਬਣਾਇਆ ਹੋਇਆ ਹੈ।ਪੁਲਿਸ ਵਲੋਂ ਕੋਂਸਲਰ ਸੁਖਬੀਰ ਸਿੰਘ ਸੋਨੀ ‘ਤੇ ਮਾਮਲਾ ਨਾ ਦਰਜ ਕਰਨ ਕਰਕੇ ਸਾਬਕਾ ਕੋਂਸਲਰ ਰਮਨ ਬਖਸ਼ੀ, ਜਿਲਾ ਭਾਜਪਾ ਸਕੱਤਰ ਰਾਕੇਸ਼ ਲੱਕੀ, ਸੁਖਵਿੰਦਰ ਸਿੰਘ ਸੁੱਖ, ਸੁਰਿੰਦਰ ਸਿੰਘ ਸੱਤ, ਚਰਨਜੀਤ ਸਿੰਘ ਲਾਡੀ, ਜੁਗਿੰਦਰ ਸਿੰਘ ਦੀ ਅਗਵਾਈ ਹੇਂਠ ਇਲਾਕਾ ਨਿਵਾਸੀਆਂ ਚੋਂਕੀ ਕੋਟ ਖਾਲਸਾ ਦੇ ਬਾਹਰ ਧਰਨਾ ਲਗਾਇਆ ਤੇ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਗਈ। ਮੋਕੇ ਤੇ ਏਸੀਪੀ ਪੱਛਮੀ ਅਮਨਦੀਪ ਸਿੰਘ ਬਰਾੜ, ਥਾਣਾ ਮੁੱਖੀ ਹਰੀਸ਼ ਬਹਿਲ ਪੁਲਿਸ ਪਾਰਟੀ ਨਾਲ ਮੋਕੇ ਤੇ ਪਹੁੰਚੇ ਤੇ ਦੋਵਾਂ ਧਿਰਾਂ ਦੇ ਘਰਾਂ ਵਿਚ ਚੱਲੀਆਂ ਇੱਟਾਂ, ਬੋਤਲਾਂ ਦੀ ਜਾਂਚ ਕਰਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਖਿਲਾਫ ਮਾਮਲਾ ਦਰਜ ਕਰਣਗੇ ਤੇ ਉਸਦੀ ਇੰਨਕੁਆਰੀ ਲੱਗਣ ‘ਤੇ ਉਸਨੂੰ ਹਿਰਾਸਤ ਵਿਚ ਵੀ ਲੈਣਗੇ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਤਿੰਨ ਘੰਟੇ ਬਾਅਦ ਆਪਣਾ ਧਰਨਾ ਚੁੱਕਿਆ।
ਉੱਧਰ ਸੁਖਬੀਰ ਸਿੰਘ ਸੋਨੀ ਦੀ ਪਤਨੀ ਬਲਵਿੰਦਰ ਕੌਰ ਤੇ ਰਿਸ਼ਤੇਦਾਰਾਂ ਨੇ ਪੰਨਾ ਲਾਲ ‘ਤੇ ਦੋਸ਼ ਲਗਾਇਆ ਹੈ ਕਿ ਪੰਨਾਂ ਲਾਲ ਨੇ ਬੀਤੀ ਦੇਰ ਰਾਤ ਬੀਤਾ ਨੂੰ ਜਾਤੀ ਸੂਚਕ ਸ਼ਬਦ ਕਹਿ ਕੇ ਗਾਲੀ ਗਲੋਚ ਕੀਤਾ ਸੀ, ਜਿਸ ਤੋਂ ਬਾਅਦ ਸੁਖਦੇਵ ਸੋਨੀ ਨੇ ਉਨਾਂ ਨੂੰ ਅਜਿਹਾ ਕਹਿਣ ਬਾਰੇ ਪੁੱਛਿਆ ਤਾਂ ਉਨਾਂ ਉਸ ਨਾਲ ਵੀ ਗਾਲੀ ਗਲੋਚ ਕੀਤਾ, ਜਿਸ ਦੋਰਾਨ ਦੋਵਾਂ ਧਿਰਾਂ ਵਲੋਂ ਜਮ ਕੇ ਇੱਟਾਂ ਰੋੜੇ ਤੇ ਬੋਤਲਾਂ ਚਲਾਈਆਂ ਗਈਆਂ ਸਨ।
ਇਸੇ ਦੌਰਾਨ ਸੂਚਨਾ ਹੈ ਕਿ ਛੇਹਰਟਾ ਪੁਲਸ ਨੇ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਤੇ ਉਸ ਦੇ ਸਾਥੀਆਂ ‘ਤੇ ਧਾਰਾ 323, 427, 506, 160 148, 149 ਆਈਪੀਸੀ ਤੇ 61ਫ਼1ਫ਼14 ਐਕਸ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ।