Friday, March 28, 2025

ਸ਼੍ਰੋਮਣੀ ਕਮੇਟੀ ਸਿੱਖੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਬੇਦੀ

ਅਨੇਕਾਂ ਸਿੱਖ ਪਰਿਵਾਰਾਂ ਦੇ ਧਰਮ ਬਦਲਣ ਪੰਜਾਬੀ ਅਖਬਾਰ ‘ਚ ਛਪੀ ਖ਼ਬਰ ‘ਤੇ ਪ੍ਰਤੀਕਰਮ

Diljit Singh Bedi

ਅੰਮ੍ਰਿਤਸਰ, 16 ਦਸੰਬਰ (ਗੁਰਪ੍ਰੀਤ ਸਿੰਘ) – ਪੰਜਾਬੀ ਦੇ ਪ੍ਰਮੁੱਖ ਅਖਬਾਰ ‘ਚ ਛਪੀ ਖ਼ਬਰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਸੰਭਾਲ ਤੋਂ ਪਾਸਾ ਵੱਟਣ ਕਰਕੇ ਅਨੇਕਾਂ ਸਿੱਖ ਪਰਿਵਾਰ ਧਰਮ ਬਦਲਣ ਲੱਗੇ ਹਨ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਐਡੀ: ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਸਿੱਖੀ ਤੋਂ ਪਤਿਤ ਹੋਏ ਲੋਕਾਂ ਨੂੰ ਵਾਪਸ ਲਿਆਉਣ ਲਈ ਧਰਮ ਪ੍ਰਤੀ ਦ੍ਰਿੜਤਾ ਜਾਗਰੂਕਤਾ ਪੈਦਾ ਕਰਨ ਲਈ ਸ਼੍ਰੋਮਣੀ ਕਮੇਟੀ ਪੰਜਾਬ ਭਰ ‘ਚ ਨਹੀ ਸਗੋਂ ਬਾਹਰਲੇ ਸੂਬਿਆਂ ਵਿਚ ਵੀ ਲਗਾਤਾਰ ਗੁਰਮਤਿ ਸਮਾਗਮ ਕਰਵਾ ਰਹੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਐਡੀ: ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਭਰ ‘ਚ ਲਗਭਗ 150 ਕੈਂਪ ਵੱਖ-ਵੱਖ ਹਲਕਿਆਂ ‘ਚ ਲਗਾ ਚੁੱਕੀ ਹੈ।ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀ ਪ੍ਰੇਰਨਾ ਨਾਲ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ, ਰਾਗੀ ਤੇ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਮੈਂਬਰ ਸ਼ਾਮਲ ਹੁੰਦੇ ਹਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਰਹਿਤ ਮਰਿਯਾਦਾ, ਸਿੱਖ ਇਤਿਹਾਸ ਤੇ ਗੁਰਮਤਿ ਤੋਂ ਜਾਣੂੰ ਕਰਵਾਉਣ ਵਾਲਾ ਧਾਰਮਿਕ ਸਹਿਤ ਤੋਂ ਇਲਾਵਾ ਮਿਸ਼ਨਰੀ ਪ੍ਰਚਾਰਕ ਸਿੰਘਾਂ ਵੱਲੋਂ ਗੁਰਬਾਣੀ ਤੇ ਗੁਰਮਤਿ ਸਬੰਧੀ ਦ੍ਰਿੜ ਕਰਵਾਇਆ ਜਾਂਦਾ ਹੈ।ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲ 2014 ‘ਚ ਹੁਣ ਤੀਕ ਪੰਜਾਬ ਭਰ ‘ਚ ਕਰਵਾਏ ਅੰਮ੍ਰਿਤ-ਸੰਚਾਰ ਸਮਾਗਮਾਂ ਦੌਰਾਨ 24207 ਪ੍ਰਾਣੀਆਂ ਨੂੰ ਖੰਡੇ-ਬਾਟੇ ਦੀ ਪਾਹੁਲ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ-ਨਾਲ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਭਰ ਦੇ 1300 ਸਕੂਲਾਂ ਦੇ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਹਨ ਤੇ ਜਿਹੜੇ ਵਿਦਿਆਰਥੀਆਂ ਨੇ ਇਨ੍ਹਾਂ ਸੁੰਦਰ ਦਸਤਾਰ ਮੁਕਾਬਲਿਆਂ ਵਿਚ ਪਹਿਲਾ, ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕੀਤਾ ਸੀ ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਇਨਾਮ ਵੀ ਦਿੱਤੇ ਗਏ ।ਉਨ੍ਹਾਂ ਕਿਹਾ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਫੀਸਾਂ ਦੀ ਅਦਾਇਗੀ 1 ਅਪ੍ਰੈਲ 2014 ਤੋਂ 1984 ਦੇ ਦੰਗਾਂ ਪੀੜ੍ਹਤ ਪਰਿਵਾਰਾਂ ਦੇ 45 ਬੱਚਿਆਂ ਦੀ ਉਚੇਰੀ ਵਿੱਦਿਆ ਲਈ 1113994 ਰੁਪਏ, ਧਰਮ ਅਰਥ ਫੰਡ ਵਿੱਚੋਂ 97 ਬੱਚਿਆਂ ਦੀਆਂ ਫ਼ੀਸਾਂ ਲਈ 1419600 ਰੁਪਏ, ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਦੇ 67 ਬੱਚਿਆਂ ਲਈ 335000 ਰੁਪਏ ਅਤੇ ਜਨਰਲ ਬੋਰਡ ਫ਼ੰਡ ਚੋਂ 9 ਬੱਚਿਆਂ ਨੂੰ 166890 ਰੁਪਏ ਦਿੱਤੇ ਜਾ ਚੁੱਕੇ ਹਨ।ਇਨ੍ਹਾਂ ਬੱਚਿਆਂ ਦੀਆਂ ਫ਼ੀਸਾਂ ਲਈ ਇਸ ਚਾਲੂ ਸਾਲ ਵਿਚ 3035484 ਰੁਪਏ ਅਦਾ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਖ਼ਾਲਸਾਈ ਖੇਡ ਮੁਕਾਬਲੇ ਸਕੂਲਾਂ ਅਤੇ ਕਾਲਜਾਂ ਦੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਸਿੱਖੀ ਸਰੂਪ ਵਾਲੇ ਬੱਚੇ ਹੀ ਭਾਗ ਲੈਂਦੇ ਹਨ।ਉਨ੍ਹਾਂ ਕਿਹਾ ਕਿ 100 ਤੋਂ ਵੱਧ ਵਿੱਦਿਅਕ ਅਦਾਰੇ ਕਾਇਮ ਕੀਤੇ ਗਏ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੁਨੀਵਰਸਿਟੀ ਨੂੰ ਅਵਲ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੱਤਕੇ ਦੇ ਮੁਕਾਬਲੇ ਵੀ ਲਗਾਤਾਰ ਕਰਵਾਏ ਜਾ ਰਹੇ ਹਨ।ਸਿੱਖੀ ਸਰੂਪ ਵਾਲੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਲਈ ਤਿੰਨ ਹਾਕੀ ਦੀਆਂ ਅਕੈਡਮੀਆਂ ਸਥਾਪਿਤ ਕਰਕੇ ਬੱਚਿਆਂ ਨੂੰ ਅੱਵਲ ਪੜ੍ਹਾਈ, ਖਾਣਾ ਅਤੇ ਰਹਿਣ ਦਾ ਪੂਰਾ ਖਰਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ।ਧਰਮ ਪ੍ਰਚਾਰ ਕਮੇਟੀ ਵੱਲੋਂ ਨਸ਼ਿਆਂ ਦੇ ਵਿਰੁੱਧ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਪੰਜਾਬ ਭਰ ਲਈ ਚੇਤਨਾ ਮਾਰਚ ਕਢਿਆ ਗਿਆ, ਮਹਿਤਾ ਚੌਂਕ ਅਤੇ ਮਜੀਠਾ ਹਲਕੇ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੀਕ ਨਸ਼ਿਆਂ ਵਿਰੁੱਧ ਚੇਤਨਾ ਮਾਰਚ ਵੀ ਕੱਢੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹੁਣ ਪੰਜਾਬ ‘ਚ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਖਾਸ ਕਰਕੇ ਜੋ ਨੌਜਵਾਨ ਸਿੱਖੀ ਤੋਂ ਦੂਰ ਹੋ ਚੁੱਕੇ ਹਨ ਉਨ੍ਹਾਂ ਨੂੰ ਸਿੱਖੀ ਸਰੂਪ ‘ਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਸੂਬੇ ਉੱਤਰ ਪ੍ਰਦੇਸ਼ (ਯੂ.ਪੀ.) ‘ਚ ਸ਼ਾਹਜਹਾਨ ਪੁਰ, ਛੱਤੀਸਗੜ੍ਹ ਰਾਏਪੁਰ ਵਿਖੇ ਗੁਰਮਤਿ ਵਿਦਿਆਲੇ ਖੋਲ੍ਹੇ ਗਏ ਹਨ ਜਿਸ ਵਿੱਚ ਨੌਜਵਾਨ ਬੱਚਿਆਂ ਨੂੰ ਪ੍ਰਚਾਰਕ, ਸੰਗੀਤ ਆਦਿ ਦੀ ਉੱਚ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਯਤਨਾ ਨਾਲ ਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਕੂਲਾਂ ਵਿਚ ਸਿੱਖ ਬੱਚਿਆਂ ਦੀ ਧਾਰਮਿਕ ਰੁਚੀ ਪੈਦਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਧਰਮ ਪ੍ਰਚਾਰ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਬਕਾਇਦਾ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਤੇ ਹੁਣ ਇਸ ਪ੍ਰਿਖਿਆ ਵਿਚ ਵਿਦਿਆਰਥੀਆਂ ਦੀ ਗਿਣਤੀ 55 ਹਜ਼ਾਰ ਤੋਂ ਵੀ ਵੱਧ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਬੱਚਿਆਂ ਦੇ ਮਾਤਾ-ਪਿਤਾ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਧਿਆਨ ਦੇਣ ਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ।ਉਨ੍ਹਾਂ ਕਿਹਾ ਕਿ ਅਰਥ ਭਰਪੂਰ ਅਲੋਚਨਾ ਚੰਗੀ ਹੈ ਪਰ ਗੁੰਮਰਾਹ ਕੁੰਨ ਨਹੀਂ ਹੋਣੀ ਚਾਹੀਦੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply