ਅੰਮ੍ਰਿਤਸਰ, 12 ਮਾਰਚ (ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਇਕ ਵਿਸ਼ੇਸ਼ ਸੈਮੀਨਾਰ ‘ਨਾਰੀ-ਪਛਾਣ ਤੇ ਸਮਾਜਿਕ ਭਾਗੀਦਾਰੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕਰਵਾਇਆ ਗਿਆ।ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਬੁਲਾਰਿਆਂ ਅਤੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ।ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਦ ਵਾਇਰ ਦੇ ਚੀਫ਼ ਐਡੀਟਰ ਆਰਫ਼ਾ ਖ਼ਾਨਮ, ਟਰਾਲੀ ਟਾਈਮਜ਼ ਦੀ ਸਹਿ-ਸੰਚਾਲਕ ਨਵਕਿਰਨ ਨੱਤ, ਸੀ.ਪੀ.ਆਈ ਦੀ ਸਟੇਟ ਐਗਜੈਕਟਿਵ ਮੈਂਬਰ ਦਸਵਿੰਦਰ ਕੌਰ ਦੇ ਕੰਮਾਂ ਦੀ ਤਾਰੀਫ਼ ਕੀਤੀ।ਉਨ੍ਹਾਂ ਨੇ ਅਕਾਦਮੀ ਵੱਲੋਂ ਵਿਸ਼ਵ ਸ਼ਾਂਤੀ, ਧਾਰਮਿਕ, ਭਾਈਚਾਰਕ ਸਾਂਝ ਅਤੇ ਸਮਾਜ ਵਿੱਚ ਔਰਤਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਚਾਨਣਾ ਪਾਇਆ।ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਖੋਲਣ, ਦੇਸ਼ ਵਿਚੋਂ ਬੇਰੁਜ਼ਗਾਰੀ ਦੂਰ ਕਰਨ ਅਤੇ ਸਭਿਆਚਾਰ ਦੇ ਆਦਾਨ ਪ੍ਰਦਾਨ ‘ਤੇ ਜ਼ੋਰ ਦਿੱਤਾ।ਦਸਵਿੰਦਰ ਕੌਰ ਨੇ ਕਿਹਾ ਕਿ ਔਰਤ ਜਨਮ ਤੋਂ ਲੈ ਕੇ ਮਰਨ ਤੱਕ ਹਰ ਕਦਮ ’ਤੇ ਆਪਣੇ ਹੱਕਾਂ ਲਈ ਜੂਝਦੀ ਹੈ ਅਤੇ ਆਪਣੇ ਫ਼ਰਜ਼ ਬਾਖੂਬੀ ਨਿਭਾਉਂਦੀ ਹੈ।ਨਵਕਿਰਨ ਨੱਤ ਨੇ ਬਹੁਤ ਬਾਰੀਕੀ ਤੇ ਵਿਸਥਾਰ ਨਾਲ ਦੱਸਿਆ ਕਿ ਔਰਤ ਦੀ ਆਪਣੇ ਹੱਕਾਂ ਪ੍ਰਤੀ ਲੜਾਈ ਤਹਿ-ਦਰ-ਤਹਿ ਲੁਕੀ ਹੋਈ ਹੈ।ਵੋਟ ਪਾਉਣ ਦਾ ਬਰਾਬਰ ਹੱਕ, ਇਕ ਕਿੱਤਾ ਇਕ ਤਨਖ਼ਾਹ, ਕੰਮ ਦੇ ਘੰਟੇ ਆਦਿ ਔਰਤ ਅਤੇ ਮਰਦ ਲਈ ਬਰਾਬਰ ਹੋਣੇ ਚਾਹੀਦੇ ਹਨ।ਸੈਮੀਨਾਰ ਦੇ ਮੁੱਖ ਮਹਿਮਾਨ ਦ ਵਾਇਰ ਅਖ਼ਬਾਰ ਦੇ ਚੀਫ਼ ਸੰਪਾਦਕ ਆਰਫ਼ਾ ਖ਼ਾਨਮ ਨੇ ਕਿਹਾ ਕਿ ਸਾਡਾ ਮੁਲਕ ਇਕ ਅੰਨ੍ਹੇ ਖ਼ੂਹ ਵਿੱਚ ਤਬਦੀਲ ਹੋ ਚੁੱਕਾ ਹੈ।ਦਿੱਲੀ ਦੀ ਫ਼ਿਜ਼ਾ ਜ਼ਹਿਰੀਲੀ ਹੋ ਚੁੱਕੀ ਹੈ।ਜਿਸ ਵਿੱਚ ਰਾਜਨੀਤੀ ਦਾ ਜ਼ਹਿਰ ਵੀ ਘੁਲਿਆ ਹੋਇਆ ਹੈ।ਪੰਜਾਬੀਆਂ ਨੇ, ਪੰਜਾਬੀ ਕਿਸਾਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿਚਲੇ ਨਾਗਰਿਕ ਅਧਿਕਾਰਾਂ ਨੂੰ ਜ਼ਿੰਦਾ ਰੱਖਿਆ ਹੈ। ਅੱਜ ਵਿਰੋਧੀ ਪਾਰਟੀਆਂ ਦੇ ਬਹੁਤ ਸਾਰੇ ਨੇਤਾਵਾਂ ਦੇ ਘਰਾਂ ‘ਤੇ ਛਾਪੇ ਮਾਰੇ ਜਾ ਰਹੇ ਹਨ।ਅੱਜ ਔਰਤ ਨੂੰ ਵੀ ਸੰਘਰਸ਼ ਦੀ ਲੋੜ ਹੈ।ਸ਼ਾਹੀਨ ਬਾਗ ਅੰਦੋਲਨ ਭਾਰਤ ਦਾ ਸਭ ਤੋਂ ਵੱਡਾ ਨਾਰੀਵਾਦੀ ਅੰਦੋਲਨ ਸੀ।ਇਸ ਨੂੰ ਰੋਕ ਦਾ ਲਿਆ ਗਿਆ ਹੈ, ਪਰ ਇਹ ਖ਼ਤਮ ਨਹੀਂ ਹੋਇਆ ਹੈ।ਸੈਮੀਨਾਰ ਨਾਲ ਸਬੰਧਤ ਮਤਾ ਕਰਮਜੀਤ ਕੌਰ ਜੱਸਲ ਨੇ ਪੜ੍ਹਿਆ ਅਤੇ ਸਭ ਨੇ ਹੱਥ ਖੜ੍ਹੇ ਕਰਕੇ ਇਸ ਨਾਲ ਸਹਿਮਤੀ ਪ੍ਰਗਟ ਕੀਤੀ।ਬੁਲਾਰਿਆਂ ਆਰਫ਼ਾ ਖ਼ਾਨਮ, ਨਵਕਿਰਤ ਨੱਤ ਅਤੇ ਦਸਵਿੰਦਰ ਕੌਰ ਨੂੰ ਅਕਾਦਮੀ ਵਲੋਂ ਸਨਮਾਨ ਚਿੰਨ੍ਹ, ਫੁਲਕਾਰੀ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਡਾ. ਇੰਦਰਜੀਤ ਗਿੱਲ ਨੇ ਕੀਤਾ।ਸਭ ਦਾ ਧੰਨਵਾਦ ਹਰਜਿੰਦਰਪਾਲ ਕੌਰ ਕੰਗ ਨੇ ਕੀਤਾ।
ਇਸ ਮੌਕੇ ਖਾਲਸਾ ਕਾਲਜ ਅੰਮ੍ਰਿਤਸਰ, ਬਾਬਾ ਜੀਵਨ ਸਿੰਘ ਸਤਲਾਨੀ ਸਾਹਿਬ, ਐਨ.ਆਰ.ਆਈ ਨਰਸਿੰਗ ਕਾਲਜ ਲੋਹਾਰਕਾ, ਗੁਰੂ ਰਾਮਦਾਸ ਨਰਸਿੰਗ ਕਾਲਜ ਪੰਧੇਰ ਅਤੇ ਬੀ.ਬੀ.ਕੇ.ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਇਲਾਵਾ ਸਤੀਸ਼ ਝੀਂਗਣ, ਕਮਲ ਗਿੱਲ, ਡਾ. ਰੁਪਿੰਦਰ ਗਿੱਲ, ਹਰਜੀਤ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਦਿਲਬਾਗ ਸਿੰਘ ਸਰਕਾਰੀਆ, ਮਨਦੀਪ ਕੌਰ ਮੁਕੇਰੀਆ, ਮਨਜੀਤ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਜਗਰੂਪ ਸਿੰਘ ਐਮਾ, ਡਿੰਪਲ ਕੁਮਾਰ, ਅਬਦੁਲ ਨੂਰ, ਹਰਬੀਰ ਸਿੰਘ ਬੱਬਲੂ ਸਿੰਗੀ, ਸਰਪੰਚ ਵਾਨ ਰਣਜੀਤ ਸਿੰਘ, ਮਿੱਠੂ ਪ੍ਰਧਾਨ ਆਦਿ ਹਾਜ਼ਰ ਸਨ।