ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਜੀ-20 “ਯੂਨੀਵਰਸਿਟੀ ਕਨੈਕਟ” ਲੈਕਚਰ ਲੜੀ ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਅੱਜ ਇਥੇ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਵਾਈਸ ਚਾਂਸਲਰ ਪ੍ਰੋ: (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਦੀ ਅਗਵਾਈ ਹੇਠ ਕਰਵਾਏ ਗਏ ਕੁਇਜ਼ ਮੁਕਾਬਲੇ ਦਾ ਵਿਸ਼ਾ ਜੀ-20 ਦੇਸ਼ਾਂ ਨੂੰ ਜਾਣਨਾ ਸੀ।
ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋ. ਸ਼ਾਲਿਨੀ ਬਹਿਲ ਨੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਿਆ।ਡਾ. ਨਿਰਮਲਾ ਦੇਵੀ ਸਮਾਜ ਸ਼ਾਸਤਰ ਵਿਭਾਗ ਅਤੇ ਡਾ. ਕੁਲਦੀਪ ਸਿੰਘ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ, ਜੋ ਇਸ ਪ੍ਰੋਗਰਾਮ ਦੇ ਈਵੈਂਟ ਕੋਆਰਡੀਨੇਟਰ ਸਨ ਨੇ ਕੁਇਜ਼ ਮਾਸਟਰ ਦੇ ਨਾਲ-ਨਾਲ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਸਵਾਗਤ ਕੀਤਾ।
ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ-ਕੰਪਿਊਟਰ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਆਰਕੀਟੈਕਚਰ, ਇਲੈਕਟ੍ਰੋਨਿਕਸ ਟੈਕਨਾਲੋਜੀ, ਸੋਸ਼ਲ ਸਾਇੰਸਜ਼ ਅਤੇ ਪੰਜਾਬ ਸਕੂਲ ਆਫ ਇਕਨਾਮਿਕਸ ਅਤੇ ਕਾਲਜਾਂ-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ, ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਕੰਨਿਆ ਮਹਾਵਿਦਿਆਲਿਆ ਜਲੰਧਰ ਆਦਿ ਤੋਂ ਕੱਲ 11 ਟੀਮਾਂ ਨੇ ਰਜਿਸਟਰ ਕੀਤਾ ਅਤੇ ਇਸ ਕੁਇਜ਼ ਮੁਕਾਬਲੇ ਵਿੱਚ ਭਾਗ ਲਿਆ।ਆਡੀਓ ਵਿਜ਼ੂਅਲ ਤਕਨੀਕਾਂ ਦੀ ਮਦਦ ਨਾਲ ਕੁਇਜ਼ ਮਾਸਟਰ ਵੱਲੋਂ ਜੀ-20 ਦੇਸ਼ਾਂ, ਉਨ੍ਹਾਂ ਦੇ ਸੱਭਿਆਚਾਰ ਅਤੇ ਸਮਾਜਿਕ-ਆਰਥਿਕ ਢਾਂਚੇ ਦੇ ਨਾਲ-ਨਾਲ ਉਨ੍ਹਾਂ ਦੇ ਦੇਸ਼ਾਂ ਦੇ ਮੁਖੀਆਂ ਨਾਲ ਸਬੰਧਤ ਸਵਾਲ ਪੁੱਛੇ ਗਏ।
ਡਾ. ਕੁਲਦੀਪ ਸਿੰਘ ਅਤੇ ਡਾ. ਨਿਰਮਲਾ ਦੇਵੀ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਰਫ਼ੋਂ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ, ਕੁਇਜ਼ ਮਾਸਟਰ ਅਤੇ ਵਿਦਿਆਰਥੀ ਵਲੰਟੀਅਰਾਂ ਦਾ ਧੰਨਵਾਦ ਕੀਤਾ।
ਜੀ 20 ਯੂਨੀਵਰਸਿਟੀ ਕਨੈਕਟ ਲੈਕਚਰ ਸੀਰੀਜ਼ ਦੇ ਤਹਿਤ ਇਹ ਦੂਜਾ ਈਵੈਂਟ ਹੈ ਅਤੇ ਇਸ ਲੈਕਚਰ ਸੀਰੀਜ਼ ਦੇ ਹਿੱਸੇ ਵਜੋਂ 26 ਅਤੇ 27 ਅਪ੍ਰੈਲ 2023 ਨੂੰ ਨਿਬੰਧ ਲੇਖਣ ਅਤੇ ਪੈਨਲ ਚਰਚਾ ਸਮਾਗਮ ਕਰਵਾਏ ਜਾਣਗੇ।ਇਸ ਲੜੀ ਦਾ ਮੁੱਖ ਸਮਾਗਮ 28 ਅਪ੍ਰੈਲ 2023 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …