ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਹੱਦਾਂ ਤੈਅ ਕਰਨ ਲਈ ਨੈਤਿਕਤਾ ਤੇ ਦਰਸ਼ਨ ਦੇ ਵਿਦਵਾਨ ਸ਼ਾਮਲ ਕਰਨਾ ਜਰੂਰੀ – ਅੰਬੈਸਡਰ ਸੂਰੀ
ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈ ਅਤੇ ਇਹ ਸਮਾਂ ਸਾਡੇ ਲਈ ਹਾਂ ਪੱਖੀ ਸੰਭਾਵਨਾਵਾਂ ਦੇ ਨਾਲ ਨਾਲ ਚੁਣੌਤੀਆਂ ਵੀ ਲੈ ਕੇ ਆ ਰਿਹਾ ਹੈ।ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਕਿ ਮਨੁੱਖੀ ਦਿਮਾਗ ਦਾ ਮਸ਼ੀਨੀ ਰੂਪ ਹੈ, ਦੀਆਂ ਸੀਮਾਵਾਂ ਕੌਣ ਤੈਅ ਕਰੇਗਾ ਅਤੇ ਕੌਣ ਫੈਸਲਾ ਕਰੇਗਾ ਇਹ ਮਸ਼ੀਨੀ ਨਿਪੁੰਨਤਾ ਅਤੇ ਮਸ਼ੀਨੀ ਦਿਮਾਗੀ ਕਾਰਗੁਜ਼ਾਰੀ ਵਿਚ ਕੀ ਚੰਗਾ ਹੈ ਅਤੇ ਕੀ ਮਾੜਾ।ਇਸ ਦਾ ਫੈਸਲਾ ਕੇਵਲ ਤਕਨੀਕੀ ਮਾਹਿਰ ਨਹੀਂ ਕਰ ਸਕਦੇ, ਸਗੋਂ ਇਸ ਵਿਚ ਨੈਤਿਕਤਾ ਅਤੇ ਦਰਸ਼ਨ ਦੇ ਵਿਦਵਾਨਾਂ ਨੂੰ ਸ਼ਾਮਲ ਕਰਨਾ ਜਰੂਰੀ ਹੋ ਗਿਆ ਹੈ।ਇਹ ਪ੍ਰਗਟਾਵਾ ਭਾਰਤ ਸਰਕਾਰ ਦੇ ਸਾਬਕਾ ਡਿਪਲੋਮੈਟ, ਅੰਬੈਸਡਰ ਨਵਦੀਪ ਸਿੰਘ ਸੂਰੀ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਜੀ-20 ‘ਯੂਨੀਵਰਸਿਟੀ ਕਨੈਕਟ: ਐਂਗੇਜਿੰਗ ਯੰਗ ਮਾਈਂਡਸ’ ਦੇ ਮੁੱਖ ਸਮਾਗਮ ਦੌਰਾਨ ਕੀਤਾ।
ਜੀ-20 ‘ਯੂਨੀਵਰਸਿਟੀ ਕਨੈਕਟ: ਐਂਗੇਜਿੰਗ ਯੰਗ ਮਾਈਂਡਸ’ ਦੀ ਮੇਜ਼ਬਾਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਰੀਸਰਚ ਐਂਡ ਇਨਫਰਮੇਸ਼ਨ ਸਿਸਟਮ ਫਾਰ ਡਿਵੈਲਪਿੰੰਗ ਕੰਟਰੀਜ਼ ਦੇ ਵਿਸ਼ੇਸ਼ ਸਹਿਯੋਗ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕੀਤੀ ਗਈ ਗਈ।ਇਸ ਸਮਾਗਮ ਦਾ ਮੁੱਖ ਉਦੇਸ਼ ਜੀ-20 ਦੀ ਭਾਰਤ ਦੀ ਪ੍ਰਧਾਨਗੀ ਬਾਰੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ।
ਪ੍ਰੋ. (ਡਾ.) ਗੁਲਸ਼ਨ ਸਚਦੇਵਾ ਸੈਂਟਰ ਫਾਰ ਯੂਰੋਪੀਅਨ ਸਟੱਡੀਜ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਨੇ ਜੀ-20 ਦੀ ਭਾਰਤੀ ਪ੍ਰਧਾਨਗੀ `ਤੇ ਆਪਣਾ ਭਾਸ਼ਣ ਦਿੱਤਾ।ਇਸ ਲੜੀ ਦੇ ਪ੍ਰੀ-ਈਵੈਂਟ ਪ੍ਰੋਗਰਾਮ ਪੋਸਟਰ ਮੇਕਿੰਗ ਕੁਇਜ਼, ਲੇਖ ਲਿਖਣ ਮੁਕਾਬਲਾ ਅਤੇ ਪੈਨਲ ਚਰਚਾ ਦੇ ਨਤੀਜੇ ਵੀ ਐਲਾਨੇ ਅਤੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰੋ. ਐਸ.ਐਸ ਬਹਿਲ ਡੀਨ ਅਕਾਦਮਿਕ ਮਾਮਲੇ ਨੇ ਉਦਘਾਟਨੀ ਭਾਸ਼ਣ ਦਿੱਤਾ ਜਦਕਿ ਪ੍ਰੋ. ਕੇ.ਐਸ ਕਾਹਲੋਂ, ਰਜਿਸਟਰਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਸਮਾਗਮ ਤੋਂ ਬਾਅਦ ਹੋਏ ਇੰਟਰਐਕਟਿਵ ਸੈਸ਼ਨ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਨੇ ਭਾਗ ਲਿਆ।
ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਆਪਣੇ ਵਾਲੇ ਸਮੇਂ ਵਿੱਚ ਮਨੁੱਖੀ ਬੁਧੀ ਅਤੇ ਮਸ਼ੀਨੀ ਬੁੱਧੀ ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਚਿੰਤਨ ਕਰਨ ਦੀ ਲੋੜ ਹੈ।ਅਰਬੀ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਆਰਥਿਕ ਅਤੇ ਸਿਆਸੀ ਵਿਕਾਸ ਦੂਜੇ ਦੇਸ਼ਾਂ ਨਾਲ ਸਬੰਧਾਂ `ਤੇ ਨਿਰਭਰ ਕਰਦਾ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਪ੍ਰਵਾਸੀਆਂ ਦਾ ਉਨ੍ਹਾਂ ਦੇ ਜੱਦੀ ਦੇਸ਼ ਨਾਲ ਸਬੰਧ ਵੀ ਪ੍ਰਭਾਵਿਤ ਹੁੰਦਾ ਹੈ।ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਸਾਡੇ ਆਲੇ ਦੁਆਲੇ ਦੀ ਦੁਨੀਆਂ ਵਿੱਚ ਕੀ ਹੋ ਰਿਹਾ ਹੈ।
ਪ੍ਰੋ. ਸਚਦੇਵਾ ਨੇ ਕਿਹਾ ਕਿ ਜੀ-20 ਨੇ ਸ਼ੁਰੂਆਤੀ ਤੌਰ `ਤੇ ਵਿਸ਼ਾਲ ਆਰਥਿਕ ਮੁੱਦਿਆਂ `ਤੇ ਧਿਆਨ ਕੇਂਦਰਿਤ ਕੀਤਾ ਸੀ, ਪਰ ਇਸ ਤੋਂ ਬਾਅਦ ਇਸ ਨੇ ਵਪਾਰ, ਟਿਕਾਊ ਵਿਕਾਸ, ਸਿਹਤ, ਖੇਤੀਬਾੜੀ, ਊਰਜਾ, ਵਾਤਾਵਰਨ, ਜਲਵਾਯੂ ਤਬਦੀਲੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਨੁਕਤਿਆਂ ਦੇ ਨਾਲ-ਨਾਲ ਆਪਣੇ ਏਜੰਡੇ ਦਾ ਵਿਸਥਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸੰਭਾਲਣ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀਆਂ ਤਰਜੀਹਾਂ ਸਿਰਫ਼ ਸਾਡੇ ਜੀ-20 ਭਾਈਵਾਲਾਂ ਨਾਲ ਹੀ ਨਹੀਂ, ਸਗੋਂ ਗਲੋਬਲ ਸਾਊਥ ਵਿਚ ਸਾਡੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਤੈਅ ਕੀਤੀਆਂ ਜਾਣਗੀਆਂ।ਅਸੀਂ ਭਾਰਤ ਦੇ ਤਜ਼ਰਬਿਆਂ, ਸਿੱਖਿਆਵਾਂ ਅਤੇ ਮਾਡਲਾਂ ਨੂੰ ਦੂਜਿਆਂ ਲਈ, ਖਾਸ ਤੌਰ `ਤੇ ਵਿਕਾਸਸ਼ੀਲ ਸੰਸਾਰ ਲਈ ਸੰਭਵ ਨਮੂਨੇ ਵਜੋਂ ਪੇਸ਼ ਕਰਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਏਜੰਡੇ ਦਾ ਇੱਕ ਵੱਡਾ ਹਿੱਸਾ ਹਮੇਸ਼ਾਂ ਪਹਿਲਾਂ ਨਿਰਧਾਰਤ ਹੁੰਦਾ ਹੈ, ਪਰ ਮੇਜ਼ਬਾਨ ਦੇਸ਼ ਵੱਲੋਂ ਏਜੰਡੇ ਦਾ ਵਿਸਤਾਰ ਜਾਂ ਵਿਭਿੰਨਤਾ ਕਰਨ ਦੀ ਹਮੇਸ਼ਾਂ ਸੰਭਾਵਨਾ ਹੁੰਦੀ ਹੈ।ਵੱਖ-ਵੱਖ ਥਾਵਾਂ `ਤੇ, ਭਾਰਤੀ ਨੀਤੀ ਨਿਰਮਾਤਾ ਇਹ ਕਹਿੰਦੇ ਰਹੇ ਹਨ ਕਿ ਇਸ ਦੀ ਪ੍ਰਧਾਨਗੀ ਦੌਰਾਨ ਭਾਰਤ ਨੂੰ ਗਲੋਬਲ ਸਾਊਥ ਦੀ ਆਵਾਜ਼ ਬਣਨਾ ਚਾਹੀਦਾ ਹੈ।ਉਹ ਦਾਅਵਾ ਕਰਦੇ ਹਨ ਕਿ ਭਾਰਤ ਦੀਆਂ ਜੀ-20 ਤਰਜ਼ੀਹਾਂ ਸਿਰਫ਼ ਜੀ-20 ਭਾਈਵਾਲਾਂ ਨਾਲ ਹੀ ਨਹੀਂ, ਸਗੋਂ ਗਲੋਬਲ ਸਾਊਥ ਦੇ ਮੈਂਬਰਾਂ ਨਾਲ ਵੀ ਸਲਾਹ-ਮਸ਼ਵਰੇ ਨਾਲ ਤੈਅ ਕੀਤੀਆਂ ਜਾਣਗੀਆਂ।
ਇਸ ਮੌਕੇ ਯੂਨੀਵਰਸਿਟੀ ਦੀ ਤਰਫੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਦੇ ਅੰਤ ‘ਚ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …