Monday, December 23, 2024

ਸਿੰਧੀ, ਨਿਰਮਲੇ, ਉਦਾਸੀ ਭਾਈਚਾਰੇ ਦੇ ਅਸਥਾਨਾਂ ’ਤੇ ਪਾਵਨ ਸਰੂਪ ਪ੍ਰਕਾਸ਼ ਕਰਨ ਦੀ ਨਿਯਮਾਵਲੀ ਸਬੰਧੀ ਇਕੱਤਰਤਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸੀ ਸਬ ਕਮੇਟੀ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਤਿਕਾਰ ਕਮੇਟੀਆਂ ਦੇ ਨਾਂ ਹੇਠ ਬੀਤੇ ਸਮੇਂ ਕੁੱਝ ਲੋਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਨਿਰਮਲੇ, ਉਦਾਸੀ ਤੇ ਸਿੰਧੀ ਭਾਈਚਾਰੇ ਦੇ ਅਸਥਾਨਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੋਂ ਰੋਕਣ ਅਤੇ ਪਾਵਨ ਸਰੂਪ ਚੁੱਕਣ ਮਗਰੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਸ ਸਬੰਧੀ ਨਿਯਮਾਵਲੀ ਤੈਅ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਸਬ-ਕਮੇਟੀ ਦੀ ਇਕੱਤਰਤਾ ਅੱਜ ਇਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਨਿਰਮਲੇ, ਉਦਾਸੀ ਤੇ ਸਿੰਧੀ ਭਾਈਚਾਰੇ ਦੀਆਂ ਸੰਸਥਾਵਾਂ ਤੇ ਸੰਪ੍ਰਦਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਨੇ ਮਾਮਲੇ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਨਾਲ-ਨਾਲ ਆਪਣੇ ਸੁਝਾਅ ਪੇਸ਼ ਕੀਤੇ।ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪ੍ਰਕਾਸ਼ ਕਰਨ ਦੀ ਮਰਯਾਦਾ ਦਾ ਪਾਲਣ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਅਤੇ ਇਸ ਅਨੁਸਾਰ ਹੀ ਸੇਵਾ ਸੰਭਾਲ ਦੇ ਕਾਰਜ ਕਰਨ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਸਬ-ਕਮੇਟੀ ਦੇ ਕੋਆਰਡੀਨੇਟਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਸੰਗਤ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੱਖ-ਵੱਖ ਸੰਪ੍ਰਦਾਵਾਂ ਦੇ ਪ੍ਰਤੀਨਿਧੀਆਂ ’ਤੇ ਅਧਾਰਿਤ ਇਸ ਕਮੇਟੀ ਦਾ ਗਠਨ ਕੀਤਾ ਸੀ।ਇਸ ਦਾ ਮੰਤਵ ਆਪਣੇ ਆਪ ਨੂੰ ਸਤਿਕਾਰ ਕਮੇਟੀਆਂ ਦੇ ਨੁਮਾਇੰਦੇ ਦਸਦੇ ਕੁਝ ਲੋਕਾਂ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਥਾਵਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਠਾਉਣ ਦੇ ਮਾਮਲੇ ਵਿਚਾਰਨਾ ਅਤੇ ਖਾਸਕਰ ਸਿੰਧੀ, ਉਦਾਸੀ, ਨਿਰਮਲੇ ਆਦਿ ਭਾਈਚਾਰਿਆਂ ਦੇ ਅਸਥਾਨਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ।ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸੇ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਬਰੀ ਚੁੱਕਣ ਦਾ ਅਧਿਕਾਰ ਨਹੀਂ ਦਿੱਤਾ ਹੋਇਆ, ਪਰੰਤੂ ਕੁੱਝ ਲੋਕ ਅਖੌਤੀ ਸਤਿਕਾਰ ਕਮੇਟੀਆਂ ਦੇ ਨਾਂ ’ਤੇ ਅਜਿਹੀ ਕਾਰਵਾਈ ਕਰ ਰਹੇ ਹਨ।ਜੇਕਰ ਕਿਸੇ ਥਾਂ ਸਾਂਭ-ਸੰਭਾਲ ਅਤੇ ਮਰਯਾਦਾ ਦੀ ਉਲੰਘਣਾ ਦਾ ਮਾਮਲਾ ਸਾਹਮਣਾ ਆਉਂਦਾ ਹੈ ਤਾਂ ਕੇਵਲ ਸ਼੍ਰੋਮਣੀ ਕਮੇਟੀ ਮੈਂਬਰ, ਪ੍ਰਚਾਰਕ ਅਤੇ ਸਬੰਧਤ ਹਲਕੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਪ੍ਰਬੰਧਕ ਹੀ ਮਾਮਲੇ ਦੀ ਪੜਤਾਲ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਭੇਜ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਬ-ਕਮੇਟੀ ਨੇ ਸਿੰਧੀ, ਨਿਰਮਲੇ ਅਤੇ ਉਦਾਸੀ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਸਿੱਖ ਵਿਦਵਾਨਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਕੁਝ ਸਿਫ਼ਾਰਸ਼ਾਂ ਕੀਤੀਆਂ ਹਨ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਭੇਜ ਦਿੱਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ’ਚ ਸ਼ਾਮਲ ਸਮੂਹ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤੈਅ ਕੀਤੀ ਜਾਣ ਵਾਲੀ ਨਿਯਮਾਵਲੀ ਦੇ ਦਾਇਰੇ ਵਿਚ ਰਹਿ ਕੇ ਕਾਰਜ਼ ਕਰਨ ਦੀ ਸਹਿਮਤੀ ਪ੍ਰਗਟਾਈ ਹੈ।ਉਨ੍ਹਾਂ ਉਮੀਦ ਪ੍ਰਗਟਾਈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਲਦ ਹੀ ਇਸ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।
ਇਕੱਤਰਤਾ ’ਚ ਸਵਾਮੀ ਸ਼ਾਂਤਾ ਨੰਦ ਉਦਾਸੀਨ ਜਲੰਧਰ, ਮਹਾਤਮਾ ਮੁਨੀ ਜੀ, ਮਹੰਤ ਰਮਿੰਦਰ ਦਾਸ, ਸੰਤ ਸੁਖਵੰਤ ਸਿੰਘ, ਮਹੰਤ ਅੰਮ੍ਰਿਤ ਮੁਨੀ, ਸਿੰਧੀ ਭਾਈਚਾਰੇ ਤੋਂ ਕਿਸ਼ਨ ਲਾਲ ਲਖਨਊ, ਸਿੱਖ ਵਿਦਵਾਨ ਡਾ. ਚਮਕੌਰ ਸਿੰਘ, ਡਾ. ਪਰਮਵੀਰ ਸਿੰਘ, ਗੁਰਮੀਤ ਸਿੰਘ ਕਾਰਸੇਵਾ ਬਾਬਾ ਖੜਕ ਸਿੰਘ, ਬਰਜਿੰਦਰਪਾਲ ਸਿੰਘ ਲਖਨਊ, ਗੁਰਮੀਤ ਸਿੰਘ ਕੋਆਰਡੀਨੇਟਰ, ਜਸਕਰਨ ਸਿੰਘ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …