Saturday, September 7, 2024

ਬੱਚਿਆਂ ਦੇ ਅਧਿਕਾਰਾਂ ਬਾਰੇ ਕੇਂਦਰੀ ਕਮਿਸ਼ਨ ਵਲੋਂ ਅੰਮ੍ਰਿਤਸਰ ਜਿਲ੍ਹੇ ਦਾ ਦੌਰਾ

ਪਿੰਗਲਵਾੜਾ ਵਲੋਂ ਲੋੜਵੰਦ ਬੱਚਿਆਂ ਲਈ ਪ੍ਰਬੰਧਾਂ ਦੀ ਕੀਤੀ ਸਰਾਹਨਾ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਬੱਚਿਆਂ ਦੇ ਅਧਿਕਾਰਾਂ ਬਾਰੇ ਕੇਂਦਰੀ ਕਮਿਸ਼ਨ ਦੇ ਮੈਂਬਰ ਮੈਡਮ ਪ੍ਰੀਤੀ ਭਾਰਦਵਾਜ ਦਲਾਲ ਵੱਲੋਂ ਅੰਮ੍ਰਿਤਸਰ ਜਿਲ੍ਹੇ ਵਿੱਚ ਬੱਚਿਆਂ ਦੇ ਅਧਿਕਾਰਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਜਿਲ੍ਹੇ ਦਾ ਦੌਰਾ ਕੀਤਾ ਗਿਆ।ਉਨਾਂ ਨੇ ਪਿੰਗਲਵਾੜਾ, ਵਿਸੇਸ਼ ਲੋੜ ਵਾਲੇ ਬੱਚਿਆਂ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਘਰ ਤੇ ਨਾਰੀ ਨਿਕੇਤਨ ਦਾ ਦੌਰਾ ਕੀਤਾ।ਬੱਚਿਆਂ ਦੇ ਅਧਿਕਾਰਾਂ ਬਾਰੇ ਕੰਮ ਕਰ ਰਹੇ ਪੰਜਾਬ ਸਰਕਾਰ ਦੇ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਵੀ ਵਿਸਥਾਰਤ ਗੱਲਬਾਤ ਕੀਤੀ।ਉਨਾਂ ਸ਼ਹਿਰ ਵਿਚੋਂ ਬਾਲ ਮਜ਼ਦੂਰੀ ਦੇ ਖਾਤਮੇ ਲਈ ਵਿਸੇਸ਼ ਮੁਹਿੰਮ ਚਲਾਉਣ ‘ਤੇ ਜ਼ੋਰ ਦਿੱਤਾ।ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਸੈਲਾਨੀਆਂ ਦੀ ਵੱਡੀ ਆਮਦ ਵਾਲਾ ਸ਼ਹਿਰ ਹੈ ਅਤੇ ਇਥੋਂ ਦੇ ਢਾਬਿਆਂ, ਦੁਕਾਨਾਂ ਆਦਿ ‘ਤੇ ਵੱਡੀ ਗਿਣਤੀ ਵਿੱਚ ਬਾਲ ਮਜ਼ਦੂਰ ਵੀ ਕੰਮ ਕਰਦੇ ਹੋਣਗੇ, ਜਿੰਨਾਂ ਨੂੰ ਰੋਕਣ ਦੀ ਲੋੜ ਹੈ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਬਾਹਰਵਾਰ ਫਿਰਦੇ ਭਿਖਾਰੀਆਂ ਵਿੱਚ ਬਹੁ ਗਿਣਤੀ ਵੀ ਬੱਚਿਆਂ ਦੀ ਹੈ।ਬੱਚਿਆਂ ਦੀ ਭਲਾਈ ਲਈ ਬਣਾਏ ਗਏ ਵਿਭਾਗਾਂ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜਿੰਮੇਵਾਰੀ ਨਿਭਾਉਣ ਤਾਂ ਜੋ ਲੋੜਵੰਦ ਬੱਚਿਆਂ ਨੂੰ ਵਧੀਆ ਜੀਵਨ ਤੇ ਸਿੱਖਿਆ ਦਿੱਤੀ ਜਾ ਸਕੇ।ਮੈਡਮ ਪ੍ਰੀਤੀ ਦਲਾਲ ਨੇ ਕਿਹਾ ਕਿ ਉਨਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਦਾ ਦੌਰਾ ਕੀਤਾ ਹੈ ਅਤੇ ਮਨ ਖੁਸ਼ ਹੋਇਆ ਹੈ ਕਿ ਉਥੇ ਬੱਚਿਆਂ ਦੀ ਭਲਾਈ ਲਈ ਆਹਲਾ ਦਰਜ਼ੇ ਦਾ ਕੰਮ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਬਤੌਰ ਕਮਿਸ਼ਨ ਮੈਂਬਰ ਉਹ ਅੱਠ ਰਾਜਾਂ ਦਾ ਦੌਰਾ ਇਸੇ ਕੰਮ ਲਈ ਕਰ ਰਹੇ ਹਨ ਤਾਂ ਜੋ ਬੱਚਿਆਂ ਨੂੰ ਉਨਾਂ ਦੇ ਹੱਕ ਦਿਵਾਏ ਜਾ ਸਕਣ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਬੱਚਿਆਂ ਲਈ ਇਕ ਅਜਿਹੇ ਕੰਪਲੈਕਸ ਦੀ ਲੋੜ ਹੈ, ਜਿਸ ਵਿਚ ਅਬਜਰਵੇਸ਼ਨ ਹੋਮ, ਬਾਲ ਸੁਧਾਰ ਘਰ, ਜੁਆਨਿਲ ਜਸਟਿਸ ਬੋਰਡ ਤੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਕਮੇਟੀ ਦਾ ਦਫਤਰ ਹੋਵੇ।ਉਹ ਇਸ ਬਾਬਤ ਪੰਜਾਬ ਸਰਕਾਰ ਨੂੰ ਲਿਖਣਗੇ।ਉਨਾਂ ਨੇ ਨਵੇਂ ਨਿਯੁੱਕਤ ਹੋਏ ਪ੍ਰਿਸੀਪਲ ਮੈਜਿਸਟਰੇਟ ਜੁਆਨਿਲ ਜਸਟਿਸ ਬੋਰਡ ਸ੍ਰੀ ਹਿਮਾਸ਼ੂੰ ਅਰੋੜਾ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ‘ਜੀ ਆਇਆਂ’ ਕਿਹਾ ਅਤੇ ਇਸ ਜਿੰਮੇਵਾਰੀ ਦੀ ਵਧਾਈ ਦਿੱਤੀ।
ਇਸ ਮੌਕੇ ਵਰੁਣ ਪੀ.ਸੀ.ਐਸ, ਡੀ.ਐਸ.ਪੀ ਇਕਬਾਲ ਸਿੰਘ, ਚੇਅਰਮੈਨ ਬਲਦੇਵ ਸਿੰਘ, ਐਡਵੋਕੇਟ ਐਮ.ਕੇ ਸ਼ਰਮਾ, ਜੇ.ਡੀ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …