ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨੂੰ ਲਗਾਇਆ ਨੋਡਲ ਅਧਿਕਾਰੀ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਜੀ-20 ਸੰਮੇਲਨ ਦੌਰਾਨ ਸ਼ਹਿਰ ਨੂੰ ਸੁੰਦਰਤਾ ਦੇ ਨਾਲ-ਨਾਲ ਟਰੈਫਿਕ ਦੇ ਕੀਤੇ ਗਏ ਪ੍ਰਬੰਧਾਂ ਨੂੰ ਲਗਾਤਾਰ ਕਾਇਮ ਰੱਖਣ ਲਈ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸ਼ਹਿਰ ਦੀ ਟਰੈਫਿਕ, ਸੁੰਦਰੀਕਰਨ ਤੇ ਸੁਰੱਖਿਆ ਲੋੜਾਂ ਦੀ ਪੂਰਤੀ ਲਈ ਵਿਸ਼ੇਸ਼ ਸੈਲ ਦਾ ਗਠਨ ਕਰ ਦਿੱਤਾ ਹੈ, ਜਿਸ ਵਿਚ ਪੁਲਿਸ ਕਮਿਸ਼ਨਰ, ਕਾਰਪੋਰੇਸ਼ਨ ਕਮਿਸ਼ਨਰ, ਸੈਕਟਰੀ ਆਰ.ਟੀ.ਏ, ਵਧੀਕ ਮੁੱਖ ਪ੍ਰਬੰਧਕ ਪੁੱਡਾ, ਲੋਕ ਨਿਰਮਾਣ ਵਿਭਾਗ, ਪੀ.ਐਸ.ਪੀ.ਸੀ.ਐਲ, ਨਗਰ ਸੁਧਾਰ ਟਰੱਸਟ, ਸੀਵਰੇਜ਼ ਵਿਭਾਗ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਸੈਲ ਦੇ ਨੋਡਲ ਅਧਿਕਾਰੀ ਦੀ ਜਿੰਮੇਵਾਰੀ ਜੀ-20 ਸੈਲ ਵਿੱਚ ਕਾਮਯਾਬ ਨੋਡਲ ਅਧਿਕਾਰੀ ਰਹੇ ਸ੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨੂੰ ਦਿੱਤੀ ਗਈ ਹੈ।ਟਰੈਫਿਕ ਮੈਨਜਮੈਂਟ ਦੀ ਲੋੜੀਂਦੀ ਯੋਜਨਾਬੰਦੀ ਉਲੀਕਣ ਦੀ ਜਿੰਮੇਵਾਰੀ ਲਈ ਇਕ ਟ੍ਰੈਫਿਕ ਕੰਸਲਟੈਂਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਰਬਨ ਪਲੈਨਿੰਗ ਵਿਭਾਗ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ।ਉਕਤ ਸੈਲ ਹਰ ਹਫ਼ਤੇ ਮੀਟਿੰਗ ਕਰਕੇ ਆਪਣੇ ਕੰਮਾਂ ਦੀ ਸਮੀਖਿਆ ਕਰੇਗਾ ਅਤੇ ਇਹ ਮੀਟਿੰਗ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸੂਦਨ ਨੇ ਕਿਹਾ ਕਿ ਸ਼ਹਿਰ ਦੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਸ਼ਹਿਰ ਦੀ ਸੁਦੰਰਤਾ ਨੂੰ ਕਾਇਮ ਰੱਖਣ ਲਈ ਇਕ ਟੀਮ ਵਰਕ ਦੀ ਲੋੜ ਹੈ, ਜਿਸ ਨੂੰ ਵੇਖਦੇ ਹੋਏ ਇਸ ਸੈਲ ਦਾ ਗਠਨ ਕੀਤਾ ਗਿਆ ਹੈ।ਉਦਾਹਰਨ ਵਜੋਂ ਜਦੋਂ ਵੀ ਕਿਸੇ ਵਿਭਾਗ ਨੇ ਸ਼ਹਿਰ ਦੀ ਕੋਈ ਸੜਕ ਬਨਾਉਣੀ ਜਾਂ ਹੋਰ ਕੰਮ ਕਰਨਾ ਹੈ, ਜਿਸ ਨਾਲ ਟਰੈਫਿਕ ਪ੍ਰਭਾਵਿਤ ਹੋ ਸਕਦੀ ਹੋਵੇ, ਤਾਂ ਉਹ ਇਸ ਲਈ ਪੁਲਿਸ ਨੂੰ ਪਹਿਲਾਂ ਸੂਚਿਤ ਕਰਨਗੇ, ਤਾਂ ਜੋ ਟਰੈਫਿਕ ਨੂੰ ਹੋਰ ਸੰਭਵ ਰਸਤਾ ਦਿੱਤਾ ਜਾ ਸਕੇ।ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਦੀ ਦਰਸ਼ਨੀ ਇਮਾਰਤਾਂ, ਜਿੰਨਾ ਵਿਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਗੇਟ, ਗੋਲਡਨ ਗੇਟ ਆਦਿ ਸ਼ਾਮਿਲ ਹਨ ਦੀ ਚੰਗੀ ਤਰਾਂ ਸਾਂਭ-ਸੰਭਾਲ ਕੀਤੀ ਜਾਵੇ।ਸਟੀਰਟ ਲਾਇਟਾਂ, ਫੁੱਲ ਤੇ ਹੋਰ ਸੁਦੰਰਤਾ ਵਾਲੇ ਦਰਖਤ ਵੀ ਸ਼ਹਿਰ ਦੀਆਂ ਸੜਕਾਂ ਦੇ ਨਾਲ-ਨਾਲ ਹਰ ਵੇਲੇ ਖ਼ਿੜੇ ਰਹਿਣ।ਸੜਕ ਸੁਰੱਖਿਆ ਅਤੇ ਹੋਰ ਉਹ ਪਹਿਲੂ, ਜੋ ਕਿ ਸਾਡੀ ਸੁਰੱਖਿਆ ਲਈ ਜ਼ਰੂਰੀ ਹਨ, ਦੀ ਪੂਰਤੀ ਲਈ ਵੀ ਕਮਿਸ਼ਨਰ ਪੁਲਿਸ ਲਗਾਤਾਰ ਕੰਮ ਕਰ ਰਹੇ ਹਨ।