ਸਮਰਾਲਾ, 15 ਜੂਨ (ਇੰਦਰਜੀਤ ਸਿੰਘ ਕੰਗ) ਲੇਖਕ ਮੰਚ (ਰਜਿ.) ਸਮਰਾਲਾ ਦੀ ਮਹੀਨਾਵਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਕੀਤੀ।ਰਚਨਾਵਾਂ ਦੇ ਦੌਰ ਵਿੱਚ ਮੀਤ ਪ੍ਰਧਾਨ ਅਵਤਾਰ ਸਿੰਘ ਉਟਾਲ ਨੇ ਪੰਜਾਹ ਵਰ੍ਹੇ ਪਹਿਲਾਂ ਹੋਏ ਆਪਣੇ ਵਿਆਹ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕਰਕੇ ਭਰਪੂਰ ਦਾਦ ਖੱਟੀ।ਗਾਇਕ ਅਤੇ ਗੀਤਕਾਰ ਪਰਮਿੰਦਰ ਸਿੰਘ ਸੇਖੋਂ ਨੇ ਇਕ ਗੀਤ (ਸੰਗਰੇੜੀ ਵਾਲੇ) ‘ਮੁੰਡਾ ਬੁਲਿਟ ਦੇ ਆਈ ਵੀਲ ਪਵਾਉਣ ਨੂੰ ਫਿਰੇ’ ਅਤੇ ਇੱਕ ਆਪਣਾ ਲਿਖਿਆ ‘ਵਿਚੋਲਿਆਂ ਦੀ ਸਿਫਤ’ ਸੁਣਾਇਆ।ਇਸ ਉਪਰੰਤ ਨਾਇਬ ਸਿੰਘ ਬਘੌਰ ਨੇ ਗੀਤ ‘ਮੋਬਾਇਲ ਫੋਨ’ ਸੁਣਾਇਆ। ਇਸ ਨਵੇਂ ਵਿਸ਼ੇ ਨੂੰ ਗੀਤ ਰੂਪ ਵਿੱਚ ਲੈ ਕੇ ਆਉਣ ਕਾਰਨ ਸਰੋਤਿਆਂ ਨੇ ਗੀਤ ਦੀ ਪ੍ਰਸੰਸਾ ਕੀਤੀ।ਇਸ ਤੋਂ ਬਾਅਦ ਪ੍ਰਸਿੱਧ ਗਾਇਕ ਅਤੇ ਗੀਤਕਾਰ ਕੇਵਲ ਕੁਲੇਵਾਲੀਆ ਨੇ ਪੰਜਾਬ ਦੀ ਮਾਂ-ਖੇਡ ਕਬੱਡੀ ਤੇ ‘ਕਬੱਡੀ’ ਨਾਂ ਦਾ ਖੂਬਸੂਰਤ ਗੀਤ ਤਰਨੰਮ ਵਿੱਚ ਪੇਸ਼ ਕੀਤਾ ਅਤੇ ਨਾਲ ਹੀ ਹਰਬੰਸ ਮਾਲਵਾ ਦਾ ਲਿਖਿਆ ‘ਪਿਆਰ’ ਗੀਤ ਗਾਇਆ।ਸ਼੍ਰੋਮਣੀ ਬਾਲ ਸਹਿਤਕਾਰ ਕਮਲਜੀਤ ਨੀਲੋਂ ਨੇ ਕਹਾਣੀ ‘ਸੰਤਾਪ’ ਸੁਣਾਈ ਜਿਸ ਵਿੱਚ ਲੇਖਕ ਨੇ ਆਪਣੇ ਡਾਕਟਰ ਦੋਸਤ ਦੇ ਵਿਦੇਸ਼ ਗਏ ਮੁੰਡੇ ਦੀ ਮੈਡੀਕਲ ਪੜ੍ਹਾਈ ਯੂਕਰੇਨ ਯੁੱਧ ਦੀ ਭੇਟ ਚੜ੍ਹ ਜਾਣ ਕਾਰਨ ਅਤੇ ਬੇਟੇ ਦੇ ਵਾਪਸ ਪਰਤਣ ਤੱਕ ਝੱਲੇ, ਸੰਤਾਪ ਦਾ ਜ਼ਿਕਰ ਸੀ ਅਤੇ ਲੇਖਕ ਦੀ ਮਾਤਾ ਦੀ ਡਾਕਟਰ ਦੋਸਤ ਪਾਸੋਂ ਚੱਲ ਰਹੇ ਇਲਾਜ਼ ਦੌਰਾਨ ਮਾਤਾ ਦੇ ਜਲਦੀ ਰਾਜ਼ੀ ਨਾ ਹੋ ਸਕਣ ਕਾਰਨ ਪਲ ਪਲ ਝੱਲੇ ਜਾ ਰਹੇ ਸੰਤਾਪ ਦਾ ਜ਼ਿਕਰ ਸੀ।ਕੱਲ ਮਿਲਾ ਕੇ ਦੋਵੇਂ ਦੋਸਤ ਇਕ ਦੂਜੇ ਨਾਲ ਗੱਲਾਂ ਕਰਕੇ ਸੰਤਾਪ ਘਟਾਉਣ ਦੀ ਕੋਸ਼ਿਸ਼ ਕਰਦੇ ਦਿਸਦੇ ਰਹੇ।ਹਰਬੰਸ ਮਾਲਵਾ ਨੇ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਮੇਰਾ ਪਿੰਡ ਨਾਂ ਦੀ ਕਵਿਤਾ ਸੁਣਾਈ ਅਤੇ ਭਰਵੀਂ ਚਰਚਾ ਦੌਰਾਨ ਕਈ ਨੁਕਤੇ ਸਾਹਮਣੇ ਆਏ।
ਅਖੀਰ ਵਿੱਚ ਮਾਸਟਰ ਤਰਲੋਚਨ ਸਿੰਘ ਨੇ ਦੋ ਗ਼ਜ਼ਲਾਂ ਸੁਣਾਈਆਂ,
‘ਉਪਜ ਮਾਦੇ ਦੀ ਹੀ ਸਾਰੀ ਸ੍ਰਿਸ਼ਟੀ ਹੈ ਮੇਰੇ ਯਾਰਾ।
ਮਾਨਵ ਨੇ ਘੜੀ ਹੈ ਰੱਬ ਵਰਗੀ ਸ਼ੈਅ ਮੇਰੇ ਯਾਰਾ।
ਅਤੇ
ਆਲ੍ਹਣੇ ਚੋਂ ਬੋਟ ਡਿੱਗਾ ਵੇਖ ਕੇ ਜੋ ਰੋ ਪਿਆ
ਹੋਏਗਾ ਉਹ ਬਾਲ ਕੋਈ ਮਾਂ ਮਹਿੱਟਰ ਜਾਣਦਾ ਹਾਂ।
ਦੋਹਾਂ ਗ਼ਜ਼ਲਾਂ ’ਤੇ ਵਿਚਾਰਧਾਰਕ ਪੱਖ ‘ਤੇ ਭਰਵੀਂ ਬਹਿਸ ਹੋਈ ਤੇ ਮਾਸਟਰ ਜੀ ਨੇ ਵਧੀਆ ਗ਼ਜ਼ਲਾਂ ਲਈ ਵਧਾਈ ਦਿੱਤੀ ਗਈ।ਬਹਿਸ ਵਿੱਚ ਮੈਨੇਜਰ ਕਰਮ ਚੰਦ, ਜੁਆਲਾ ਸਿੰਘ ਥਿੰਦ, ਕਮਲਜੀਤ ਨੀਲੋਂ, ਨਾਇਬ ਸਿੰਘ ਬਘੌਰ, ਪਰਮਿੰਦਰ ਸੇਖੋਂ, ਕੇਵਲ ਕੁੱਲੇਵਾਲੀਆ, ਮਾ. ਤਰਲੋਚਨ ਸਿੰਘ ਨੇ ਭਾਗ ਲਿਆ।
ਸਮੁੱਚੀ ਮੀਟਿੰਗ ਦੀ ਕਾਰਵਾਈ ਹਰਬੰਸ ਮਾਲਵਾ ਜਨਰਲ ਸਕੱਤਰ ਨੇ ਨਿਭਾਈ।