ਡਰੇਨ ਗੰਦੇ ਪਾਣੀ ਦਾ ਨਾਲਾ ਨਹੀਂ, ਨਦੀ ਵਾਂਗ ਸਾਫ ਹੋਵੇਗੀ- ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਸ਼ਹਿਰ ਦੇ ਬਾਹਰੀ ਸਰਹੱਦ ਨਾਲ ਲੱਗਦੀ ਤੁੰਗ ਢਾਬ ਡਰੇਨ, ਜੋ ਕਿ ਲੰਮੇ ਸਮੇਂ ਤੋਂ ਸ਼ਹਿਰ ਦੇ ਵਾਤਵਰਣ ਨੂੰ ਖਰਾਬ ਕਰ ਰਹੀ ਹੈ, ਹੁਣ ਨਿਕਟ ਭਵਿੱਖ ਵਿੱਚ ਨਦੀ ਵਾਂਗ ਸਾਫ ਹੋਵੇਗੀ।ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਇਸ ਡਰੇਨ, ਜੋ ਕਿ ਇਸ ਵੇਲੇ ਗੰਦੇ ਨਾਲੇ ਦਾ ਰੂਪ ਧਾਰ ਚੁੱਕੀ ਹੈ, ਨੂੰ ਸਾਫ ਕਰਨ ਲਈ ਬੁਲਾਈ ਉਚ ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਕਿ ਡਰੇਨ ਨੂੰ ਪੱਕਾ ਕਰਨ ਦੇ ਨਾਲ-ਨਾਲ ਇਸ ਦੇ ਦੋਵੇਂ ਪਾਸੇ ਸੀਵਰੇਜ਼ ਲਾਈਨ ਪਾਈ ਜਾਵੇ, ਜੋ ਕਿ ਇਸ ਨਾਲ ਲੱਗਦੀਆਂ ਕਾਲੋਨੀਆਂ ਤੇ ਸਨਅਤਾਂ ਦਾ ਪਾਣੀ ਸੀਵਰੇਜ਼ ਟਰੀਟਮੈਂਟ ਪਲਾਂਟ ਤੱਕ ਪੁੱਜਦਾ ਕਰੇ ਅਤੇ ਡਰੇਨ ਵਿੱਚ ਕੇਵਲ ਬਰਸਾਤੀ ਪਾਣੀ ਹੀ ਹੋਵੇ।ਮਾਹਿਰਾਂ ਦੀ ਸਲਾਹ ਨਾਲ ਕਰੀਬ 10.81 ਕਿਲੋਮੀਟਰ ਲੰਮੀ ਇਸ ਡਰੇਨ ਦੇ ਦੋਵੇਂ ਪਾਸੇ ਗਰੀਨ ਬੈਲਟ, ਪਾਰਕਿੰਗ, ਸਾਈਕਲ ਟਰੈਕ ਸੈਰ ਲਈ ਚੌੜੀ ਪਟੜੀ ਬਨਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ, ਜਿਸ ਉਤੇ ਕਰੀਬ 104 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਾਲ ਲੱਗਦੀਆਂ 107 ਡੇਅਰੀਆਂ ਦੇ ਗੋਹੇ ਨੂੰ ਨਾਲੇ ਜਾਂ ਸੀਵਰੇਜ਼ ਵਿਚ ਨਾ ਪਾ ਕੇ ਕੰਪਰੈਸਡ ਬਾਈਓ ਗੈਸ ਤਿਆਰ ਕਰਨ ਵਾਲੀ ਕੰਪਨੀ, ਜੋ ਕਿ ਸ਼ਹਿਰ ਦੇ ਬਾਹਰਵਾਰ ਆਪਣਾ ਪਲਾਂਟ ਬਣਾਵੇਗੀ, ਨੂੰ ਦਿੱਤਾ ਜਾਵੇ।ਇਸ ਤੋਂ ਇਲਾਵਾ ਸਨਅਤਾਂ ਵਿਚ ਪਾਣੀ ਸਾਫ ਕਰਨ ਵਾਲੇ ਪਲਾਂਟ ਲਗਾਏ ਜਾਣ ਤੇ ਉਨਾਂ ਨੂੰ ਹਰ ਹਾਲ ਚਾਲੂ ਕਰਵਾ ਕੇ ਇਹ ਪਾਣੀ ਸੀਵਰੇਜ਼ ਜਰੀਏ ਕਾਰਪੋਰੇਸ਼ਨ ਦੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਭੇਜਿਆ ਜਾਵੇ।ਉਨਾਂ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਵਿਚ ਫਾਲਤੂ ਪਾਣੀ ਸੁੱਟਦੀਆਂ ਸਾਰੀਆਂ ਸਨਅਤਾਂ ਦੀ ਲਗਾਤਾਰ ਜਾਂਚ ਕਰਨ, ਤਾਂ ਜੋ ਉਹ ਗੰਦਾ ਪਾਣੀ ਡਰੇਨ ਵਿਚ ਨਾ ਸੁੱਟਣ।
ਇਸ ਮੌਕੇ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸ.ਡੀ.ਐਮ ਸ੍ਰੀਮਤੀ ਦਮਨਪ੍ਰੀਤ ਕੌਰ, ਐਕਸੀਅਨ ਅੰਮ੍ਰਿਤਪਾਲ ਸਿੰਘ , ਐਸ.ਡੀ.ਓ ਗੁਰਮੀਤ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।