Wednesday, April 24, 2024

ਕੁੜੱਤਣ (ਮਿੰਨੀ ਕਹਾਣੀ )

ਮਹੀਨੇ ਕੁ ਬਾਹਦ ਨਸੀਬ ਕੌਰ ਆਪਣੇ ਪੇਕਿਆਂ ਤੋਂ ਵਾਪਿਸ ਆਈ।ਉਸ ਨੂੰ ਜਲਦੀ ਤਾਂ ਵਾਪਿਸ ਆਉਣਾ ਪਿਆ`, ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਸਨ।ਘਰ ਆਉਂਦਿਆਂ ਹੀ ਉਸ ਭੜਥੂ ਪਾ ਦਿੱਤਾ।ਆਪਣੇ ਘਰ ਵਾਲੇ ਨੂੰ ਬੋਲਣ ਲੱਗ ਪਈ ਆਹ ਕੀ ਕੀਤਾ ਈ, ਉਹ ਕੀ ਕੀਤਾ।ਕਦੇ ਲੀੜੇ ਫਰੋਲ ਕਦੇ ਭਾਂਡੇ ਭੰਨ ਬੁੜਬੁੜ ਕਰਦੀ ਕਦੇ ਇੱਧਰ ਜਾਂਦੀ, ਕਦੇ ਉਧਰ ਜਾਂਦੀ।ਮੈਂ ਕੀ ਇੱਕ ਮਹੀਨੇ ਵਾਸਤੇ ਪੇਕੇ ਚਲੀ ਗਈ।ਮਗਰੋਂ ਘਰ ਦੀ ਹਾਲਤ ਹੀ ਵਿਗਾੜ ਕੇ ਰੱਖ ਦਿੱਤੀ ਸੂ।ਮੈਂ ਬਥੇਰਾ ਜਵਾਕਾਂ ਨੂੰ ਸਮਝਾਇਆ ਸੀ ਕਿ ਮੈਂ ਨਹੀਂ ਜਾਣਾ, ਪਰ ਜਵਾਕ ਵੀ ਆਪਣੇ ਪਿਉ ਵਰਗੇ ਜ਼ਿੱਦੀ ਨੇ, ਅਖੇ ਐਤਕੀਂ ਮਾਮਿਆਂ ਦੇ ਪਿੰਡ ਪੂਰੀਆਂ ਛੁੱਟੀਆਂ ਕੱਟ ਕੇ ਆਉਣੀਆਂ ਨੇ।ਘਰ ਤਾਂ ਜਨਾਨੀਆਂ ਨਾਲ ਹੁੰਦਾ ਹੈ।ਬੰਦੇ ਘਰ ਨੂੰ ਕਿੱਥੇ ਸਾਂਬ ਸੰਭਾਲ ਕਰ ਸਕਦੇ ਨੇ।ਘਰ ਵਿੱਚ ਪਰਲੋ ਹੀ ਲਿਆ ਕੇ ਰੱਖ ਦਿੱਤੀ ਏ।
ਮੱਖਣ ਚੱਪ ਚੁਪੀਤਾ ਖੜਾ ਸਭ ਕੁੱਝ ਸੁਣਦਾ ਰਿਹਾ।ਬੱਚੇ ਆਉਂਦਿਆਂ ਹੀ ਇੱਧਰ ਉਧਰ ਮਿਲਣ ਚਲੇ ਗਏ।ਮੈਂ ਕਿਹਾ ਨਸੀਬ ਕੁਰੇ ਕੋਈ ਪੇਕਿਆਂ ਦੀ ਸੁੱਖ ਸਾਂਦ ਵੀ ਦੱਸੇਗੀ ਜਾਂ ਫਿਰ ਊਂਟ ਪਟਾਂਗ ਹੀ ਬੋਲੀ ਜਾਵੇਂਗੀ।ਹਾਂ ਤੂੰ ਬੜਾ ਖੁਸ਼ ਹੋਵੇਂਗਾ ਮੈਨੂੰ ਘਰੋਂ ਕੱਢ ਕੇ ਪਰ।ਮੈ ਨਿੱਕਲਣ ਵਾਲੀ ਨਹੀਂ।ਭਾਗਵਾਨੇ ਤੈਨੂੰ ਘਰੋਂ ਕੱਢਣ ਦੀ ਗੱਲ ਕੀਹਨੇ ਕੀਤੀ ਏ।ਤੂੰ ਤਾਂ ਮੇਰੇ ਘਰ ਦੀ ਰਾਣੀ ਏ ਰਾਣੀ।ਜਦੋਂ ਦੀ ਤੂੰ ਸਾਡੇ ਘਰ ਆਈ ਏ, ਘਰ ਨੂੰ ਸਵਰਗ ਹੀ ਬਣਾ ਦਿੱਤਾ ਈ।ਪਰ ਤੇਰੀ ਮਾਂ ਤਾਂ ਤਾਂ ਮੇਰੇ ਬਾਰੇ ਹੋਰ ਕੁੱਝ ਬੋਲਦੀ ਹੈ।ਨਹੀਂ ਨਹੀਂ ਉਹ ਤੇਰੀਆਂ ਸਿਫਤਾਂ ਹੀ ਬਹੁਤ ਕਰਦੀ ਏ।ਜੇ ਕਹੇ ਤਾਂ ਮੈਂ ਦੋ ਘੁੱਟ ਚਾਹ ਨਾ ਬਣਾ ਦਿਆਂ।ਨਹੀਂ ਰਹਿਣ ਦੇ ਮੈਂ ਆਪੇ ਬਣਾ ਲਵਾਂਗੀ ਚਾਹ।ਇੰਝ ਦੋਵੇਂ ਜੀਅ ਨੋਕ ਝੋਕ ਕਰਦੇ ਹੀ ਪਏ ਸੀ।ਨਸੀਬੋ ਦੀ ਨਜ਼ਰ ਘਰ ਦੀ ਕੀਤੀ ਕੰਧ ਉਤੇ ਪੈ ਗਈ।ਜਿਥੇ ਕੰਧ ਨਾਲ ਦੋ ਤਿੰਨ ਵੱਲਾਂ ਕਦੂਆਂ ਦੀਆਂ ਤੇ ਦੋ ਕੁ ਵੱਲਾਂ ਦੇਸੀ ਘੀਆ ਤੋਰੀ ਦੀਆਂ ਲੱਗੀਆਂ ਸਨ।ਉਹ ਕੰਧ ਦੇ ਉਪਰ ਦੀ ਚੜ੍ਹ ਕੇ ਵੱਡੇ ਭਰਾ ਦੇ ਘਰ ਵੱਲ ਜਾ ਪਹੁੰਚੀਆਂ ਸਨ।ਉਹਨਾਂ ਨਾਲ ਬਹੁਤ ਜਿਆਦਾ ਨਿੱਕੇ ਨਿੱਕੇ ਕੱਦੂ ਤੇ ਘੀਆ ਤੋਰੀ ਕੰਧ ਦੇ ਦੋਵੇ ਪਾਸੇ ਲੱਗੇ ਹੋਏ ਸਨ।ਉਹਨਾਂ ਨੂੰ ਵੇਖ ਕੇ ਨਸੀਬੋਂ ਬੋਲਣ ਲੱਗ ਪਈ ਅੰਡੇ ਕਿਤੇ ਕੁੜ੍ਹ ਕੁੜ੍ਹ ਕਿਤੇ।ਵੱਲਾਂ ਅਸਾਂ ਲਾਈਆਂ ਤੇ ਸਬਜ਼ੀਆਂ ਸਾਡੇ ਸਰੀਕ ਖਾਣ।ਇਹ ਕਿੱਧਰ ਦਾ ਇਨਸਾਫ ਹੈ।ਇਹ ਸਭ ਤੇਰੀ ਮਿਲੀ ਭੁਗਤ ਦਾ ਨਤੀਜਾ ਏ ਗੋਗੀ ਦੇ ਭਾਪਾ।ਸਾਨੂੰ ਉਹ ਵੇਖ ਨਹੀਂ ਸੁਖਾਂਦੇ ਤੇ ਅਸੀਂ ਉਹਨਾਂ ਨੂੰ ਤਾਜ਼ੀਆਂ ਸਬਜ਼ੀਆਂ ਖੁਆਈਏ।ਇਨਾਂ ਬੋਲਦੀ ਹੋਈ ਹੋ ਗਈ ਵੱਲਾਂ ਦੇ ਦੁਆਲੇ।ਵੱਲਾਂ ਨੂੰ ਫੜ ਕੇ ਮੁੱਢਾਂ ਤੋਂ ਦਾਤਰੀ ਫੇਰ ਦਿੱਤੀ, ਹੁਣ ਖਾ ਲੈਣ ਹਰੀਆਂ ਤੇ ਤਾਜ਼ੀਆਂ ਸਬਜ਼ੀਆਂ।ਨਸੀਬ ਕੁਰੇ ਤੇਰਾ ਇਹਨਾਂ ਵੱਲਾਂ ਨੇ ਕੀ ਗੁਆਇਆ ਸੀ।ਬਹੁਤੀ ਗੱਲ ਸੀ ਤਾਂ ਆਪਾਂ ਉਧਰਲੇ ਪਾਸਿਓ ਆਪ ਕੱਦੂ ਤੋੜ ਲਿਆਉਂਦੇ।ਇੰਨੀ ਕੁੜੱਤਣ ਚੰਗੀ ਨਹੀਂ ਹੁੰਦੀ ਹਮੇਸ਼ਾਂ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ।ਮੇਰੇ ਨਾਲ ਬਹੁਤਾ ਬੋਲੀ ਨਾ ਤੂੰ ਆ ਗਿਆ ਵੱਡਾ ਮਿੱਠਾ, ਮੈਨੂੰ ਕੁੜੱਤਣ ਕਹਿਣ ਵਾਲਾ।ਬਸ ਤੇਰੀਆਂ ਇਹਨਾਂ ਗੱਲਾਂ ਨੇ ਸਾਨੂੰ ਭਰਾਵਾਂ ਨੂੰ ਵੱਖ ਕਰਵਾਇਆ ਏ, ਨਹੀਂ ਤਾਂ ਸਾਡੀ ਦੋਹਾਂ ਭਰਾਵਾਂ ਦੀ ਆਪਸ ਵਿਚੋਂ ਸੂਈ ਨਹੀਂ ਲੰਘਦੀ।ਇੰਨਾ ਕਹਿ ਕੇ ਮੱਖਣ ਬਾਹਰ ਨੂੰ ਚਲਾ ਗਿਆ ਤੇ ਨਸੀਬੋਂ ਹੋਰ ਉੱਚੀ ਉੱਚੀ ਬੋਲਣ ਲੱਗ ਪਈ।1709202303

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ 758955501

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …