Saturday, July 27, 2024

ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ

ਸੰਗਰੂਰ, 19 ਨਵੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਤਰ ਸਕੂਲ ਸ਼ਬਦ ਗਾਇਨ ਮੁਕਾਬਲੇ ਸਥਾਨਕ ਗੁਰਦੁਆਰਾ ਸਾਹਿਬ ਬ੍ਰਹਮਗਿਆਨੀ ਭਗਤ ਨਾਮਦੇਵ ਜੀ ਵਿਖੇ ਪ੍ਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਪ੍ਰਬੰਧ ਅਧੀਨ ਕਰਵਾਏ ਗਏ।ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਰਤਨ, ਸਤਨਾਮ ਸਿੰਘ ਦਮਦਮੀ ਸੀਨੀਅਰ ਮੀਤ ਪ੍ਰਧਾਨ, ਮਾਸਟਰ ਰਾਜਿੰਦਰ ਸਿੰਘ ਚੰਗਾਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਅਜਮੇਰ ਸਿੰਘ ਡਿਪਟੀ ਡਾਇਰੈਕਟਰ, ਪ੍ਰੋ: ਨਰਿੰਦਰ ਸਿੰਘ ਸਕੱਤਰ ਅਕਾਦਮਿਕ ਦੀ ਦੇਖ-ਰੇਖ ਹੇਠ ਕਰਵਾਏ ਸ਼ਬਦ ਗਾਇਨ, ਦਸਤਾਰ ਸਜਾਉਣ ਅਤੇ ਦੁਮਾਲਾ ਸਜਾਉਣ ਮੁਕਾਬਲਿਆਂ ਵਿੱਚ ਸੰਗਰੂਰ, ਮਾਲੇਰਕੋਟਲਾ, ਧੂਰੀ ਤੇ ਭਵਾਨੀਗੜ੍ਹ ਖੇਤਰ ਵਿਚੋਂ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਤੋਂ ਇਲਾਵਾ ਸੰਗੀਤ ਅਕੈਡਮੀਆਂ ਦੀਆਂ 15 ਟੀਮਾਂ ਤੋਂ ਵੱਧ ਟੀਮਾਂ ਨੇ ਭਾਗ ਲਿਆ।ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਦਿਵਸ ਅਤੇ ਅਕਾਦਮਿਕ ਖੇਤਰ ਦੀਆਂ ਸਰਗਰਮੀਆਂ ਅਧੀਨ ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਗਰੁੱਪਾਂ ‘ਤੇ ਆਧਾਰਿਤ ਸਨ।ਪ੍ਰਤੀਯੋਗੀਆਂ ਨੇ ਜਿਥੇ ਤੰਤੀ ਸਾਜ਼ਾਂ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਭਗਤ ਨਾਮਦੇਵ ਜੀ ਤੇ ਗੁਰੂ ਸਾਹਿਬਾਨ ਦੁਆਰਾ ਉਚਾਰੀ ਗੁਰਬਾਣੀ ਦਾ ਨਿਰਧਾਰਿਤ ਰਾਗਾਂ ਤੇ ਸੁਰ-ਤਾਲ ਵਿੱਚ ਗਾਇਨ ਕਰਦਿਆਂ ਸੰਗਤਾਂ ਨੂੰ ਕੀਲ ਲਿਆ। ਪ੍ਰੋ: ਰਣਜੀਤ ਸਿੰਘ ਸਾਰੰਗ ਬਰਨਾਲਾ, ਪੋ੍ਫੈਸਰ ਨਿਸ਼ਾ ਅਕਾਲ ਡਿਗਰੀ ਕਾਲਜ ਮਸਤੂਆਣਾ ਅਤੇ ਮਨਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੱਜਾਂ ਦੇ ਫਰਜ਼ ਨਿਭਾਏ।ਗੁਰਮੇਲ ਸਿੰਘ ਵਿੱਤ ਸਕੱਤਰ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ ਅਤੇ ਹਰਪ੍ਰੀਤ ਕੌਰ ਥਲੇਸਾਂ ਨੇ ਸਮਾਂ ਵਾਚਕ ਦੀ ਸੇਵਾ ਨਿਭਾਈ।
ਦਸਤਾਰ ਸਜਾਉਣ (ਲੜਕੇ) ਅਤੇ ਦੁਮਾਲਾ ਸਜਾਉਣ (ਲੜਕੀਆਂ) ਦੇ ਮੁਕਾਬਲਿਆਂ ਵਿੱਚ 50 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ।ਜਿਸ ਲਈ ਬਲਵੰਤ ਸਿੰਘ ਬੇਦੀ ਦਸਤਾਰ ਅਕੈਡਮੀ ਸੰਗਰੂਰ ਅਤੇ ਜਸਪਾਲ ਸਿੰਘ ਨੇ ਨਿਰਣਾਇਕਾਂ ਦੇ ਫਰਜ ਨਿਭਾਏ।ਸਿੱਖ ਇਤਿਹਾਸ ਦੇ ਖੋਜੀ ਤੇ ਲਿਖਾਰੀ ਭਗਵੰਤ ਸਿੰਘ ਖਾਲਸਾ ਨੇ ਆਪਣੀ ਪ੍ਰਕਾਸ਼ਿਤ ਪੁਸਤਕ” ਪੰਜਾਬ ਦਾ ਦੁਖਾਂਤ” ਬਾਰੇ ਜਾਣਕਾਰੀ ਅਤੇ ਭਗਤ ਨਾਮਦੇਵ ਜੀ ਦੇ ਜੀਵਨ ਤੇ ਰੌਸ਼ਨੀ ਪਾਈ।ਪ੍ਰਿੰਸੀਪਲ ਡਾ. ਗੁਰਵੀਰ ਸਿੰਘ, ਕਰਮਜੀਤ ਸਿੰਘ ਗਗੜਪੁਰ, ਬਲਵੰਤ ਸਿੰਘ ਜੋਗਾ ਨੇ ਵੀ ਭਰੀ।ਅਜਮੇਰ ਸਿੰਘ ਨੇ ਜ਼ੋਨ ਵਲੋਂ ਅਕਾਦਮਿਕ ਖੇਤਰ ਦੀਆਂ ਸਰਗਰਮੀਆਂ ਦੱਸੀਆ।ਪ੍ਰਬੰਧਕ ਕਮੇਟੀ ਵਲੋਂ ਸਤਨਾਮ ਸਿੰਘ ਦਮਦਮੀ ਨੇ ਸਟੱਡੀ ਸਰਕਲ ਦੇ ਉੱਦਮ ਦੀ ਪ੍ਰਸੰਸਾ ਕੀਤੀ।ਪ੍ਰੋ: ਨਰਿੰਦਰ ਸਿੰਘ ਨੇ ਪ੍ਰਬੰਧਕ ਕਮੇਟੀ, ਮਹਿਮਾਨਾਂ, ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਗਰੁੱਪਾਂ ਅਨੁਸਾਰ ਜੇਤੂਆਂ ਨੂੰ ਨਗਦ ਰਾਸ਼ੀ, ਟਰਾਫੀਆਂ ਦੇ ਨਾਲ ਨਾਲ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਇਨਾਮ ਵੰਡਣ, ਜੱਜ ਸਾਹਿਬਾਨ ਤੇ ਅਧਿਆਪਕ ਇੰਚਾਰਜ਼ਾਂ ਨੂੰ ਸਨਮਾਨਿਤ ਕਰਨ ਦੀ ਰਸਮ, ਸੁਖਦੇਵ ਸਿੰਘ ਰਤਨ, ਸਤਨਾਮ ਸਿੰਘ ਦਮਦਮੀ, ਰਾਜਿੰਦਰ ਸਿੰਘ ਤੱਗੜ, ਗੋਬਿੰਦਰ ਸਿੰਘ ਜੱਸਲ, ਦੇਸਰਾਜ ਸਿੰਘ ਸਰਾਓ, ਕੈਪਟਨ ਅਮਰਜੀਤ ਸਿੰਘ, ਕਰਮ ਸਿੰਘ ਨਮੋਲ, ਜਸਵਿੰਦਰ ਸਿੰਘ ਖਿਲਰੀਆਂ ਗੋਰਾ ਸਿੰਘ ਗਰਚਾ, ਪ੍ਰੀਤਮ ਸਿੰਘ ਕਾਂਝਲਾ, ਭਾਈ ਕੁਲਵੰਤ ਸਿੰਘ ਬੁਰਜ ਆਦਿ ਸ਼ਖਸ਼ੀਅਤਾਂ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਨਿਭਾਈ।ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …