ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਟੈਕ-ਇਰਾ ਕੰਪਿਊਟਰ ਸੋਸਾਇਟੀ ਵਲੋਂ 4 ਰੋਜ਼ਾ ‘ਆਈ.ਟੀ ਟੈਲੇਂਟ ਹੰਟ-2023’

ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸਰਪ੍ਰਸਤੀ ਹੇਠ ਆਯੋਜਿਤ ਪ੍ਰੋਗਰਾਮ ’ਚ ਕਿਕੋਡਮੇਨੀਆ, ਵੈਬ ਨੈਕਸਸ ਅਤੇ ਪੋਸਟਰ ਮੇਕਿੰਗ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਟੇਲੈਂਟ ਹੰਟ ਦੇ ਨਾਲ-ਨਾਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸਬੰਧੀ ਸੈਮੀਨਾਰ ਵੀ ਕਰਵਾਇਆ ਗਿਆ ਸੀ।
ਡਾ. ਮਹਿਲ ਸਿੰਘ ਨੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਭਾਟੀਆ, ਡਿਪਾਰਟਮੈਂਟ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਮੁਖੀ ਡਾ. ਹਰਭਜਨ ਸਿੰਘ, ਡਿਪਾਰਟਮੈਂਟ ਕੈਮਿਸਟਰੀ ਮੁਖੀ ਡਾ. ਅਮਿਤ ਆਨੰਦ ਅਤੇ ਟੈਕ-ਇਰਾ ਸੋਸਾਇਟੀ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨਾਲ ਮਿਲ ਕੇ ਗੈਸਟ ਆਫ਼ ਆਨਰ ਡਾ. ਨਿਸ਼ਠਾ ਗੁਪਤਾ ਅਰਨੇਜਾ ਐਮ.ਬੀ.ਬੀ.ਐਸ, ਐਮ.ਡੀ ਸਾਈਕਾਇਟਰੀ, ਸਲਾਹਕਾਰ ਸਾਈਕਾਇਟਰੀ, ਦੇਵਕੀ ਨਿਊਰੋਸਾਈਕਾਇਟਰੀ ਹਸਪਤਾਲ ਨੂੰ ਇੱਕ ਲਿਵਿੰਗ ਪਲਾਂਟ ਅਤੇ ਮੈਮੈਂਟੋ ਦੇ ਕੇ ਸਵਾਗਤ ਕੀਤਾ।ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਕੰਪਿਊਟਰੀ ਸਮੱਸਿਆ ਹੱਲ ਕਰਨ, ਯੂਜ਼ਰ-ਇੰਟਰਫੇਸ ਡਿਜ਼ਾਈਨਿੰਗ ਦੇ ਹੁਨਰ ਨੂੰ ਪੈਦਾ ਕਰਨਾ ਅਤੇ ਆਈ.ਟੀ ’ਤੇ ਪੋਸਟਰ ਬਣਾ ਕੇ ਵਿਦਿਆਰਥੀਆਂ ’ਚ ਰਚਨਾਤਮਕਤਾ ਦਾ ਵਿਕਾਸ ਕਰਨਾ ਸੀ।
ਡਾ. ਗੁਪਤਾ ਨੇ ਮਾਨਸਿਕ ਸਿਹਤ ਮੁੱਦਿਆਂ ਪ੍ਰਤੀ ਸਹਾਇਤਾ ਲੈਣ ਪ੍ਰਤੀ ਜ਼ੋਰ ਦਿੱਤਾ ਅਤੇ ਤਣਾਅ ਨੂੰ ਘਟਾਉਣ ਲਈ ਵੱਖ-ਵੱਖ ਤਕਨੀਕਾਂ ਬਾਰੇ ਮਾਰਗਦਰਸ਼ਨ ਕੀਤਾ।ਡਾ. ਹਰਭਜਨ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਅਤੇ ਸੈਮੀਨਾਰਾਂ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਤਕਨੀਕੀ, ਰਚਨਾਤਮਕ ਅਤੇ ਬੋਧਾਤਮਕ ਹੁਨਰ ਨੂੰ ਨਿਖਾਰ ਸਕਣ।ਉਨ੍ਹਾਂ ਕਿਹਾ ਇਨ੍ਹਾਂ ਸਮਾਗਮਾਂ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਆਈ.ਟੀ ਕੰਪਨੀਆਂ ’ਚ ਨੌਕਰੀ ਮਿਲਣ ’ਚ ਸਹਾਇਤਾ ਹੋਵੇਗੀ।ਮੁਕਾਬਲਿਆਂ ’ਚੋਂ ਪਹਿਲੇ, ਦੂਜੇ ਅਤੇ ਤੀਜ਼ੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋ: ਸੁਖਵਿੰਦਰ ਕੌਰ, ਡਾ. ਅਨੁਰੀਤ ਕੌਰ ਅਤੇ ਵਿਭਾਗ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।