ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹੇ ਨੂੰ ਮੈਂ ਹੁਣ ਗੋਲੀ ਮਾਰਦਿਆਂ ਆਏ ਬਿਆਨ ਨੂੰ ਦੁੱਖਦਾਈ ਬਿਆਨ ਕਰਾਰ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇਹ ਬਿਆਨ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਦਾ ਕਾਨੂੰਨ ਤੋਂ ਪੂਰੀ ਤਰ੍ਹਾਂ ਵਿਸ਼ਵਾਸ਼ ਉਠ ਜਾਵੇਗਾ।ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਇਨਸਾਫ ਦੇਣ ਦੀ ਥਾਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਲੋਕਾਂ ਦੀ ਜੁਬਾਨ ‘ਤੇ ਚੜ੍ਹ ਜਾਵੇਗਾ ਅਤੇ ਭਵਿੱਖ ਵਿਚ ਜਦੋਂ ਕਿ ਲੋਕ ਆਪਣੇ ਇਨਸਾਫ ਦੀ ਗੱਲ ਕਰਨਗੇ ਤਾਂ ਅਫਸਰਸ਼ਾਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੱਸੇ ਰਸਤੇ ‘ਤੇ ਚਲਦੀ ਹੋਈ ਆਪਣੇ ਨੇੜਲਿਆਂ ਨੂੰ ਬਚਾਉਣ ਦੇ ਲਈ ਅਜਿਹੀ ਹੀ ਗੱਲ ਕਰਿਆ ਕਰਨਗੇ।ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਹੇ ਦੀ ਨਹੀਂ ਸਗੋਂ ਪਹੇ ਦੀ ਗੱਲ ਹੈ।ਇਸ ਲਈ ਇਹ ਬਿਆਨ ਵਾਪਸ ਲੈ ਲੈਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਇਹ ਗਲਤੀ ਇਤਿਹਾਸ ਵਿਚ ਲਿਖੀ ਜਾਵੇਗੀ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਲੋਕ ਸ. ਬਾਦਲ ਤੋਂ ਇਨਸਾਫ ਦੀ ਆਸ ਰੱਖਦੇ ਹਨ, ਪਰ ਬਾਦਲ ਦੀ ਜੋ ਤਕੜੀ ਇਸ ਸਮੇਂ ਡੋਲੀ ਹੋਈ ਹੈ, ਨੂੰ ਜੇ ਉਹ ਨਹੀਂ ਸੰਭਾਲ ਸਕਦੇ ਤਾਂ ਉਹ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਉਮਰ ਦੇ ਤਕਾਜੇ ਅਨੁਸਾਰ ਕਿਸੇ ਧਾਰਮਿਕ ਸਥਾਨ ‘ਤੇ ਜਾ ਕੇ ਨਾਮ ਸਿਮਰਨ ਤੇ ਸੇਵਾ ਕਰਨ ਵਿਚ ਜੁੱਟ ਜਾਣ । ਉਨ੍ਹਾਂ ਨੇ ਕਿਹਾ ਕਿ ਪੰਜਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸ. ਬਾਦਲ ਨੂੰ ਆਪਣੇ ਵਿਧਾਇਕਾਂ ਅਤੇ ਅਕਾਲੀ ਆਗੂਆਂ ਨੂੰ ਬਚਾਉਣ ਲਈ ਅਜਿਹੀ ਰਾਜਨੀਤੀ ‘ਤੇ ਨਹੀਂ ਉਤਰਣਾ ਚਾਹੀਦਾ ਸਗੋਂ ਤਰਕ ਅਤੇ ਕਾਨੂੰਨ ਦੇ ਅਧਾਰ ‘ਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਵਿਖਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਆਪਣੇ ਤਾਨਾਸ਼ਾਹੀ ਬਿਆਨ ਨੂੰ ਬਦਲਣ ਲਈ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਲੋਕਾਂ ਤੇ ਨੌਜਵਾਨਾਂ ਨੂੰ ਵੀ ਜੇਲ੍ਹਾਂ ਵਿੱਚੋਂ ਰਿਹਾਅ ਕਰ ਦੇਣ ਜਿਹੜੇ ਮਾੜੇ ਮੋਟੇ ਤੇ ਗੰਭੀਰ ਦੋਸ਼ਾਂ ਤਹਿਤ ਜੇਲ੍ਹਾਂ ਭੁਗਤ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਜੇ ਸ. ਬਾਦਲ ਅਜਿਹੇ ਬਿਆਨ ਕਿਸੇ ਆਮ ਬੰਦੇ ਨੇ ਦਿੱਤਾ ਹੁੰਦਾ ਤਾਂ ਉਸ ਦਾ ਬੂਟ ਦਾ ਸੁੱਟਣ ਦੀ ਕੋਸ਼ਿਸ ਕਰਨ ਵਾਲੇ ਤੋਂ ਵੀ ਬੁਰਾ ਹਾਲ ਹੁਣ ਤੱਕ ਪੰਜਾਬ ਪੁਲਸ ਨੇ ਕੀਤਾ ਹੋਣਾ ਸੀ।ਉਨ੍ਹਾਂ ਨੇ ਦੱਸਿਆ ਕਿ ਅੱਤਵਾਦ ਦੇ ਸਮੇਂ ਜੋ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਮਾਹੋਲ ਨੂੰ ਖ਼ਰਾਬ ਕਰਨ ਵਿਚ ਭੂਮਿਕਾ ਨਿਭਾਅ ਚੁੱਕੀ ਹੈ ਉਸ ਤੋਂ ਸਭ ਲੋਕ ਜਾਣੂ ਹਨ।ਜਿਵੇਂ ਹੁਣ ਭਾਜਪਾ ਅਤੇ ਆਰ.ਐਸ.ਐਸ ਦੀ ਲੀਡਰਸ਼ਿਪ ਪੰਜਾਬ ਵਿਧਾਨ ਸਭਾ ਦੇ ਬਾਹਰ ਅੱਤਵਾਦ ਅਤੇ ਨਸ਼ੇ ਨੂੰ ਲੈ ਕੇ ਆਪਣਾ ਕੋਈ ਸਟੈਂਡ ਸਪੱਸ਼ਟ ਕਰ ਰਹੀ ਹੈ ਅਤੇ ਵਿਧਾਨ ਸਭਾ ਦੇ ਅੰਦਰ ਅੱਤਵਾਦੀ ਅਤੇ ਨਸ਼ੇ ਦੇ ਸਮੱਗਲਰਾਂ ਦੇ ਨਾਲ ਘਿਓ ਖਿਚੜੀ ਹੋਈ ਪਈ ਹੈ।