Tuesday, July 23, 2024

ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ

ਵੀਹਵੀਂ ਸਦੀ ਦੇ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਭਾਈ ਕਾਹਨ ਸਿੰਘ ਨਾਭਾ ਦਾ ਜਨਮ ਉਨਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈਂ ਨੂੰ ਹੋਇਆ।ਵਿਦਵਤਾ ਦੇ ਅਜਿਹੇ ਸਜੀਵ ਤੇ ਸਾਕਾਰ ਸਰੂਪ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ।ਸਾਹਿਤ ਅਤੇ ਧਾਰਮਿਕ ਖੇਤਰ `ਚ ਆਪਣੇ ਵਿਲੱਖਣ ਯੋਗਦਾਨ ਸਦਕਾ ਉਨ੍ਹਾਂ ਦਾ ਨਾਂਅ ਪੰਜਾਬੀ ਜਗਤ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਗਿਣਿਆ ਜਾਂਦਾ ਹੈ।ਆਪ ਦਾ ਪਿਛੋਕੜ ਜਿਲ੍ਹਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਬਾਬਾ ਨੋਧ ਸਿੰਘ ਜੀ ਨਾਲ ਸੰਬੰਧਿਤ ਹੈ, ਜੋ ਕਿ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਹਨ। ਕਾਹਨ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿੰਨਾਂ ਲੰਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ `ਡੇਰਾ ਬਾਬਾ ਅਜਪਾਲ ਸਿੰਘ` ਵਿਖੇ ਰਹਿ ਕੇ ਸਿੱਖੀ ਪ੍ਰਚਾਰ ਲਈ ਵੱਡੀ ਸੇਵਾ ਕੀਤੀ।ਇਥੇ ਹੀ ਪਿਤਾ ਜੀ ਦੇ ਆਸ਼ੀਰਵਾਦ ਨਾਲ ਭਾਈ ਕਾਹਨ ਸਿੰਘ ਨਾਭਾ ਨੇ ਉਸ ਸਮੇਂ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿਘੰ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗਜਾ ਸਿੰਘ ਆਦਿ ਦੇਸੀ ਵਿਦਵਾਨਾਂ ਪਾਸੋਂ ਵੱਖ ਵੱਖ ਵਿਸ਼ਿਆਂ `ਚ ਬਹੁ-ਪੱਖੀ ਵਿਦਿਆ ਹਾਸਿਲ ਕੀਤੀ।ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫਾਰਸੀ ਦੀ ਸਿੱਖਿਆ ਗ੍ਰਹਿਣ ਕੀਤੀ।ਆਪ ਨੂੰ ਸੈਰ, ਬਾਗਬਾਨੀ ਅਤੇ ਸ਼ਿਕਾਰ ਤੋਂ ਇਲਾਵਾ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ।ਲਾਹੌਰ ਵਿਖੇ ਓਰੀਐਂਟਲ ਕਾਲਿਜ ਦੇ ਪ੍ਰੋਫੈਸਰ ਗੁਰਮੁੱਖ ਸਿੰਘ ਦੀ ਸੁਚੱਜੀ ਸੰਗਤ ਵਿਚ ਰਹਿੰਦਿਆਂ, ਆਪ ਦੀ ਰੁਚੀ ਸਮਾਜ ਸੁਧਾਰ ਅਤੇ ਧਰਮ ਅਧਿਐਨ ਲਈ ਹੋਰ ਪਰਪੱਕ ਹੋਈ।
ਜਵਾਨੀ ਦੀ ਉਮਰੇ ਵਿਦਿਆ ਦੇ ਸਾਗਰ ਬਣ ਕੇ ਜਦੋਂ ਭਾਈ ਸਾਹਿਬ ਨਾਲੋਂ ਆ ਕੇ ਮਹਾਰਾਜਾ ਹੀਰਾ ਸਿੰਘ ਨੂੰ ਮਿਲੇ ਤਾਂ ਉਹ ਆਪਦੀ ਸੂਝ ਤੇ ਵਿਦਿਆ ਤੋਂ ਏਨੇ ਪ੍ਰਭਾਵਿਤ ਹੋਏ ਕਿ ਝੱਟ ਭਾਈ ਸਾਹਿਬ ਨੂੰ ਆਪਣਾ ਮੁਸਾਹਿਬ ਬਣਾ ਲਿਆ ਤੇ ਬਾਅਦ ਵਿੱਚ ਆਪ ਨੇ ਰਾਜਕੁਮਾਰ ਰਿਪੁਦਮਨ ਸਿੰਘ ਦਾ ਨਿਗਰਾਨ ਤੇ ਅਧਿਆਪਕ ਵੀ ਨਿਯੁੱਕਤ ਕੀਤਾ।ਆਪਣੀ ਵਿਦਵਤਾ ਦੇ ਜਾਦੂ ਨਾਲ ਭਾਈ ਕਾਨ ਸਿੰਘ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਵਿੱਚ ਕਈ ਉੱਚ ਅਹੁੱਦਿਆਂ ‘ਤੇ ਰਹਿੰਦਿਆਂ ਨਾਲੋਂ ਨਾਲ ਸਾਹਿਤ ਸਿਰਜਨਾ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੱਡਾ ਯੋਗਦਾਨ ਪਾਇਆ।ਭਾਈ ਕਾਹਨ ਸਿੰਘ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਅਤੇ ਭਾਈ ਸਾਹਿਬ ਦੀ ਪੋਤ ਨੂੰਹ ਡਾ. ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਆਪੋ ਆਪਣਾ ਯੋਗਦਾਨ ਪਾਇਆ।
ਉਨੀਵੀ ਸਦੀ ਦੇ ਅਖੀਰਲੇ ਦਹਾਕੇ `ਚ ਲਿਖੇ ਗ੍ਰੰਥ `ਰਾਜ ਧਰਮ` (1884 ਈ.) ਤੋਂ ਆਪ ਦਾ ਸਾਹਿਤਕ ਸਫ਼ਰ ਆਰੰਭ ਹੋਇਆ।ਇਸੇ ਦੌਰ `ਚ ਟੀਕਾ ਜੈਮਨੀ ਅਸਵਮੇਧ, ਨਾਟਕ ਭਾਵਾਰਥ ਦੀ ਪਿਕਾ ਤੇ ਟੀਕਾ ਵਿਸ਼ਨੂੰ ਪੁਰਾਣ ਆਦਿ ਇਸੇ ਦੌਰ ਦੀਆਂ ਕੁੱਝ ਹੋਰ ਮਹੱਤਵਪੂਰਣ ਰਚਨਾਵਾਂ ਹਨ।ਉਸ ਵੇਲੇ ਦੀ ਜਾਗ੍ਰਿਤ ਸਿੱਖ ਚੇਤਨਾ ਦੇ ਪ੍ਰਭਾਵ ਅਧੀਨ ਆਪ ਦੀ ਸਾਹਿਤ ਰਚਨਾ ਦਾ ਦੂਜਾ ਦੌਰ ਆਰੰਭ ਹੁੰਦਾ ਹੈ।ਉਨਾਂ ਦੇ ਦਿਲ ਵਿੱਚ ਤਾਂਘ ਪੈਦਾ ਹੋਈ ਕਿ ਸਿੱਖੀ ਦੀ ਨਿਰੋਲਤਾ ਜਾਂ ਇਸਦੀ ਸੁਤੰਤਰ ਸਖਸ਼ੀਅਤ ਨੂੰ ਉਜਾਗਰ ਕੀਤਾ ਜਾਵੇ।ਸਿੱਖ ਧਰਮ ਦੀਆਂ ਸਾਰੀਆਂ ਰੀਤੀਆਂ ਇਕਸਾਰ ਹੋਣ, ਸਿੱਖ ਧਰਮ ਤੇ ਇਤਿਹਾਸ ਨੂੰ ਵਹਿਮਾਂ ਭਰਮਾਂ ਤੋਂ ਨਿਖੇੜਿਆ ਜਾਵੇ, ਸਿੱਖ ਧਰਮ ਦੀਆਂ ਪੁਸਤਕਾਂ ਤਤਕਾਲੀ ਮਿਆਰਾਂ ਤੇ ਪੂਰੀਆਂ ਉਤਰਨ ਵਾਲੀਆ ਹੋਣ ਆਦਿ, ਵਰਗੀਆਂ ਸਿਧਾਂਤਕ ਤੇ ਸਾਹਿਤਕ ਸਮੱਸਿਆਵਾਂ ਦੇ ਹੱਲ ਲਈ ਆਪ ਨੇ `ਹਮ ਹਿੰਦੂ ਨਹੀਂ`, ਗੁਰੁਮਤ ਪ੍ਰਭਾਕਰ, ਗੁਰਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਵਰਗੀਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ।ਜਿਸ ਸਦਕਾ ਉਸ ਸਮੇਂ ਦੀਆਂ ਸੁਧਾਰਕ ਸਿੱਖ ਲਹਿਰਾਂ ਦੇ ਵਿਦਵਾਨ ਆਪ ਦੇ ਬੇਹੱਦ ਕਦਰਦਾਨ ਬਣ ਚੁੱਕੇ ਸਨ।
ਨਾਭਾ ਅਤੇ ਪਟਿਆਲਾ ਰਿਆਸਤ ਦੇ ਆਪਸੀ ਝਗੜਿਆਂ ਨੂੰ ਮਿਟਾਉਣ ਲਈ ਕਾਹਨ ਸਿੰਘ ਨਾਭਾ ਜੀਵਨ ਭਰ ਯਤਨਸ਼ੀਲ ਰਹੇ।ਮਹਾਰਾਜਾ ਹੀਰਾ ਸਿੰਘ ਨੇ ਆਪ ਦਾ ਨਾਮ ਨੀਤੀ ਜੀ ਰੱਖਿਆ ਹੋਇਆ ਸੀ।ਉਸ ਸਮੇਂ ਦੇ ਫੂਲਕੀਆਂ ਰਿਆਸਤਾਂ ਦੇ ਪੁਲੀਟੀਕਲ ਏਜੰਟ ਕਰਨਲ ਡਨਲਪ ਸਮਿੱਥ ਆਪ ਦੀ ਸੂਝ-ਬੂਝ ਅਤੇ ਵਫ਼ਾਦਾਰੀ ਦੇ ਬੇਹੱਦ ਕਦਰਦਾਨ ਅਤੇ ਆਪ ਦੇ ਪਰਮ ਮਿੱਤਰ ਸਨ।ਮਿਸਟਰ ਮੈਕਸ ਆਰਥਰ ਮੈਕਾਲਫ਼ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾ ਕੇ `ਸਿੱਖ ਰਿਲੀਜ਼ਨ` ਵਰਗਾ ਅੰਗਰੇਜ਼ੀ ਭਾਸ਼ਾ `ਚ ਅਨੁਪਮ ਗ੍ਰੰਥ ਲਿਖਾਉਣਾ ਆਪ ਦੀ ਸੁਯੋਗਤਾ ਸੀ।
ਆਪ ਨੇ ਉਮਰ ਭਰ ਦਰਜ਼ਨਾਂ ਪੁਸਤਕਾਂ ਦੀ ਰਚਨਾ ਕੀਤੀ।ਭਾਈ ਸਾਹਿਬ ਵਲੋਂ ਸੰਪਾਦਿਤ ਕੋਸ਼ `ਅਨੇਕਾਰਥ ਕੋਸ਼` ਤੇ `ਨਾਮਮਾਲਾ ਕੋਸ਼` ਨਾਲ ਜਿਥੇ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਜ਼ ਭਾਸ਼ਾ ਦੇ ਕਾਵਯ ਗ੍ਰੰਥਾਂ ਦੇ ਸ਼ਬਦਾਰਥ ਸਮਝਣ ਵਿੱਚ ਆਸਾਨੀ ਹੋਈ, ਉਥੇ `ਗੁਰਛੰਦ ਦਿਵਾਕਰ` ਤੇ ਗੁਰੁਸ਼ਬਦਾਲੰਕਾਰ` ਵਰਗੀਆਂ ਪੁਸਤਕਾਂ ਦੀ ਰਚਨਾ ਨਾਲ ਆਪ ਮਹਾਨ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਵਜੋਂ ਸਥਾਪਿਤ ਹੋਏ।ਆਪਣੀ ਜੀਵਨ ਭਰ ਦੀ ਤਪੱਸਿਆ ਦਾ ਫਲ `ਗੁਰੂਸ਼ਬਦ ਰਤਨਾਕਰ ਮਹਾਨ ਕੋਸ਼` ਦੀ ਰਚਨਾ ਕਰਕੇ ਇਹ ਸਿੱਧ ਕੀਤਾ ਕਿ ਮਾਂ ਬੋਲੀ ਪੰਜਾਬੀ ਵਿਚ ਕੋਈ ਵੀ ਵੱਡੇ ਤੋਂ ਵੱਡਾ ਕਾਰਜ਼ ਕੀਤਾ ਜਾ ਸਕਦੈ।ਜੀਵਨ ਭਰ ਮਾਂ ਬੋਲੀ ਪੰਜਾਬੀ ਦੀ ਅਥਾਹ ਸੇਵਾ ਕਰਨ ਵਾਲੇ ਭਾਈ ਕਾਹਨ ਸਿੰਘ ਨਾਭਾ ਨੂੰ ਸਰਵਪੱਖੀ ਵਿਦਵਤਾ ਅਤੇ ਸਰਬਾਂਗੀ ਸਖਸ਼ੀਅਤ ਕਰਕੇ ਸਿੱਖ ਕੌਮ ਵਿੱਚ `ਪੰਥ ਰਤਨ`, `ਭਾਈ ਸਾਹਿਬ` ਅਤੇ `ਸਰਦਾਰ ਬਹਾਦੁਰ` ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ।
ਆਪ 23 ਨਵੰਬਰ 1938 ਈ. ਦੇ ਦਿਨ ਨਾਭਾ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ।ਅੱਜ ਜ਼ਰੂਰਤ ਹੈ ਕਿ ਉਨਾ ਵਲੋਂ ਸੰਚਿਤ ਕੀਤੀ ਵਿਦਿਆ ਬਾਰੇ ਨਵੀਂ ਪਨੀਰੀ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ ਤਾਂ ਜੋ ਉਨਾਂ ਵਲੋਂ ਆਰੰਭ ਪੰਜਾਬ ਅੰਦਰ ਸ਼ਬਦ ਚਿਤੰਨ ਦਾ ਇਹ ਸਿਲਸਿਲਾ ਨਿਰੰਤਰ ਬਣਿਆ ਰਹੇ।ਲੇਖ 2411202301

ਡਾ. ਰਵਿੰਦਰ ਕੌਰ ਰਵੀ
ਸਾਬਕਾ ਅਸਿਟੈਂਟ ਪ੍ਰੋਫੈਸਰ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …