ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਸ਼ਾਇਰਾ ਅਤੇ ਏਕਮ ਰਸਾਲੇ ਦੀ ਸੰਪਾਦਕ ਅਰਤਿੰਦਰ ਸੰਧੂ ਦੀਆਂ ਚੋਣਵੀਆਂ ਰਚਨਾਵਾਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਮੋਹਨ ਤਿਆਗੀ ਵਲੋਂ ਸੰਪਾਦਿਤ ਕੀਤੀ ਪੁਸਤਕ ‘ਚਾਨਣੀ ਦੇ ਦੇਸ ਵਿੱਚ’ ਬਾਰੇ ਕਰਵਾਈ ਗਈ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਪੰਜਾਬੀ ਸਾਹਿਤ ਸਬੰਧੀ ਸਰਗਰਮੀਆਂ ਦਾ ਕੇਂਦਰ ਬਣ ਚੁੱਕਾ ਹੈ ਅਤੇ ਪੰਜਾਬੀ ਵਿਭਾਗ ਅਤੇ ਵਿਭਾਗ ਦੀ ਸਾਹਿਤ ਸਭਾ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਕਰ ਰਹੇ ਹਨ।ਉਨ੍ਹਾਂ ਨੇ ਅਰਤਿੰਦਰ ਸੰਧੂ ਨੂੰ ਚੋਣਵੀ ਸ਼ਾਇਰੀ ਦੀ ਪੁਸਤਕ ’ਤੇ ਵਧਾਈ ਦਿੰਦਿਆਂ ਕਿਹਾ ਕਿ ਸਾਹਿਤ ਸਿਰਜਣਾ ਸਮਾਜ ਦੀ ਅਗਵਾਈ ਅਤੇ ਭਲੇ ਲਈ ਉਚੇਰਾ ਕਾਰਜ ਹੁੰਦਾ ਹੈ।
ਡਾ. ਹੀਰਾ ਸਿੰਘ ਨੇ ਕਿਹਾ ਕਿ ਪ੍ਰਗੀਤ ਦਾ ਲੇਖਕ ਕਿਸੇ ਦੁਖਾਂਤ ਵਿਛੋੜੇ ’ਚ ਸਵੈ-ਸੰਵਾਦ ਸਿਰਜਦਾ ਹੈ।ਉਨ੍ਹਾਂ ਕਿਹਾ ਕਿ ਸ਼ਾਇਰਾ ਦੀ ਹੂਕ ਪਾਠਕਾਂ ਨੂੰ ਦਰਦ ਭਿੰਨਾ ਅਹਿਸਾਸ ਦਿੰਦੀ ਹੈ ਜੋ ਪ੍ਰਗੀਤ ਦਾ ਮੁੱਖ ਉਦੇਸ਼ ਹੁੰਦਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਅਨ ਵਿਭਾਗ ਤੋਂ ਡਾ. ਬਲਜੀਤ ਰਿਆੜ ਨੇ ਕਿਹਾ ਕਿ ਜੇਕਰ ਅਸੀਂ ਜੈਂਡਰ ਬਾਰੇ ਬਣੀ ਆਪਣੀ ਸੋਚ ਤੋਂ ਪਰੇ ਹੋ ਕੇ ਵਿਚਾਰੀਏ ਤਾਂ ਇਸ ਸ਼ਾਇਰੀ ’ਚ ਹਰ ਮਨੁੱਖ ਦਾ ਦਰਦ ਹੈ।ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਦੀ ਜੋ ਦੁਖਾਂਤਕ ਸਥਿਤੀ ਬਣ ਰਹੀ ਹੈ ਇਕ ਪਾਸੇ ਨੌਜਵਾਨ ਰੁਜ਼ਗਾਰ ਲਈ ਨਹਿਰਾਂ ’ਚ ਛਾਲਾਂ ਮਾਰ ਕੇ ਖੁਦਕੁਸ਼ੀ ਕਰ ਰਹੇ ਹਨ ਜਾਂ ਵਿਦੇਸ਼ ਨੂੰ ਦੌੜ ਰਹੇ ਹਨ ਇਸ ਸ਼ਾਇਰੀ ਵਿਚਲੀ ਉਦਾਸੀ ਅਤੇ ਵਿਸ਼ਾਦ ਉਸੇ ਸਥਿਤੀ ਨੂੰ ਪੇਸ਼ ਕਰਦੀ ਹੈ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਸਕਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਸੰਧੂ ਨੇ ਆਪਣੀ ਨਿਰੰਤਰ ਘਾਲਣਾ ਨਾਲ ਪੰਜਾਬੀ ਪ੍ਰਗੀਤ ਦੇ ਵਿਸ਼ੇਸ਼ ਰੰਗ ਦੀ ਸਿਰਜਣਾ ਕੀਤੀ ਹੈ, ਜੋ ਮਾਨਵੀ ਵਿਸ਼ਾਦ ਦੇ ਨਾਲ-ਨਾਲ ਉਦਾਸੀ ਤੋਂ ਉੱਪਰ ਉੱਠਣ ਦੀ ਦਿਸ਼ਾ ਵੀ ਪੇਸ਼ ਕਰਦਾ ਹੈ।ਇਹ ਉਦਾਸੀ ਨਿੱਜੀ ਘਾਟਿਆਂ ਦੇ ਨਾਲ ਨਾਲ ਸਮੂਹਕ ਦਰਦਾਂ ਨੂੰ ਵੀ ਪੇਸ਼ ਕਰਦੀ ਹੈ।
ਦਲਜਿੰਦਰ ਰੈਹਲ ਮੁੱਖ ਸਲਾਹਕਾਰ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਜਸਪਾਲ ਸਿੰਘ ਜਨਰਲ ਸਕੱਤਰ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਪੰਜ ਦਰਿਆਵਾਂ ਦਾ ਨਹੀਂ ਸਗੋਂ ਪੰਜ਼ ਮਹਾਂਸਾਗਰਾਂ ਦਾ ਬਣ ਗਿਆ ਹੈ।ਇਸ ਲਈ ਸਾਨੂੰ ਆਪਣੀਆਂ ਰਚਨਾਵਾਂ ਦੇ ਹੁੰਗਾਰੇ ਲਈ ਵਿਸ਼ਵਵਿਆਪੀ ਪਹੁੰਚ ਅਪਣਾਉਣੀ ਚਾਹੀਦੀ ਹੈ।ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਗੀਤ ਸਾਡੇ ਸਾਹਿਤ ਦਾ ਮਹੱਤਵਪੂਰਨ ਅੰਗ ਹੈ, ਜੋ ਸ਼ਿਵ ਕੁਮਾਰ ਬਟਾਲਵੀ, ਡਾ. ਹਰਿਭਜਨ ਸਿੰਘ ਅਤੇ ਤਾਰਾ ਸਿੰਘ ਤੋਂ ਪ੍ਰੰਪਰਾ ਰੂਪ ’ਚ ਚੱਲਦੀ ਹੋਈ ਸੰਧੂ ਤੱਕ ਪਹੁੰਚੀ ਹੈ।
ਇਸ ਮੌਕੇ ਦੀਪ ਦਵਿੰਦਰ ਸਿੰਘ, ਡਾ. ਮੋਹਨ ਬੇਗੋਵਾਲ, ਐਸ. ਪ੍ਰਸ਼ੋਤਮ, ਭਗਤ ਨਰਾਇਣ, ਹਰਜੀਤ ਸੰਧੂ, ਸੀ.ਡੀ ਭਗਤ, ਸਰਬਜੀਤ ਸੰਧੂ, ਜਗਤਾਰ ਗਿੱਲ, ਰਾਜ ਖੁਸ਼ਵੰਤ ਸਿੰਘ ਸੰਧੂ, ਡਾ. ਕੁਲਦੀਪ ਸਿੰਘ ਢਿੱਲੋਂ, ਪ੍ਰੋ. ਦਯਾ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਹਰਜੀਤ ਕੌਰ, ਡਾ. ਮਨੀਸ਼ ਕੁਮਾਰ, ਡਾ. ਗੁਰਸ਼ਿੰਦਰ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਗੁਰਪ੍ਰੀਤ ਸਿੰਘ ਤੇ ਡਾ. ਪਰਮਿੰਦਰ ਸਿੰਘ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …