Thursday, May 29, 2025
Breaking News

ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ’ਚ ਪ੍ਰਵਾਸੀ ਸਾਹਿਤਕਾਰ ਨੇ ਪਾਈ ‘ਪ੍ਰਵਾਸਾਂ ਦੀ ਬਾਤ’

ਸਮਰਾਲਾ, 19 ਦਸੰਬਰ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਕਹਾਣੀਕਾਰ ਮੁਖਤਿਆਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਉੱਘੇ ਗਜ਼ਲਗੋ ਸੁਰਜੀਤ ਜੀਤ ਮੋਰਿੰਡਾ ਦੀ ਧਰਮਪਤਨੀ ਹਰਬੰਸ ਕੌਰ, ਪ੍ਰਸਿੱਧ ਅਨੁਵਾਦਕ ਪ੍ਰੇਮ ਅਵਤਾਰ ਰੈਣਾ ਤੇ ਉਨ੍ਹਾਂ ਦੀ ਸੁਪਤਨੀ ਅਤੇ ਪਾਕਿਸਤਾਨ ਦੇ ਸੰਘਰਸ਼ੀ ਲੇਖਕ ਅਹਿਮਦ ਸਲੀਮ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਪ੍ਰਵਾਸੀ ਸਾਹਿਤਕਾਰ ਦਲਜਿੰਦਰ ਸਿੰਘ ਰਹਿਲ (ਇਟਲੀ) ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਪੁੱਜੇ।ਜਿਨ੍ਹਾਂ ਨੇ ਵਿਦੇਸ਼ਾਂ ਅਤੇ ਪ੍ਰਵਾਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਧੀਆਂ ਪੁੱਤਰ ਵਿਦੇਸ਼ਾਂ ਵਿੱਚ ਵੱਸ ਕੇ ਵੀ ਆਪਣੀ ਪੰਜਾਬੀ ਮਾਂ ਬੋਲੀ ਅਤੇ ਆਪਣੀ ਧਰਤੀ ਦਾ ਮੋਹ ਨਹੀਂ ਵਿਸਾਰਦੇ, ਸਗੋਂ ਹੋਰ ਸ਼ਿੱਦਤ ਨਾਲ ਆਪਣੀਆਂ ਰਚਨਾਵਾਂ ਰਾਹੀਂ ਆਪਣੀ ਸਾਂਝ ਪਾਈ ਰੱਖਦੇ ਹਨ।ਉਨਾਂ ਪਾਕਿਸਤਾਨੀ ਲੇਖਕ ਅਮਜ਼ਦ ਆਰਫੀ ਦੀ ਗੁਰਮੁੱਖੀ ਵਿੱਚ ਅਨੁਵਾਦ ਕੀਤੀ ਪੁਸਤਕ ‘ਚੁੱਪ ਦੀ ਬੁੱਕਲ’ ਅਤੇ ਬਿੰਦਰ ਕੋਲੀਆਂ ਵਾਲੇ ਦਾ ਨਾਵਲ ‘ਪਾਂਧੀ ਉਸ ਪਾਰ ਦੇ’ ਸਾਹਿਤ ਸਭਾ ਸਮਰਾਲਾ ਨੂੰ ਭੇਂਟ ਕੀਤੇ।
ਸਭਾ ਦੀ ਕਾਰਵਾਈ ਕਹਾਣੀਕਾਰਾ ਯਤਿੰਦਰ ਮਾਹਲ ਨੇ ਸ਼ੁਰੂ ਕਰਦੇ ਹੋਏ ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਬਲਵੰਤ ਮਾਂਗਟ ਨੂੰ ਸੱਦਾ ਦਿੱਤਾ।ਉਨ੍ਹਾਂ ਵਲੋਂ ਆਪਣਾ ਨਵਾਂ ਲੇਖ ‘ਸੌ ਸਿਰਾਂ ਵਾਲਾ ਰਾਵਣ’ ਪੜ੍ਹਿਆ ਗਿਆ। ਮਨੁੱਖੀ ਦਿਮਾਗ ਦੀਆਂ ਚੇਤਨ ਅਵਸਥਾਵਾਂ ਦੇ ਭੇਦ ਖੋਲਦਾ ਵਧੀਆ ਲੇਖ ਰਿਹਾ।ਇਸ ‘ਤੇ ਚਰਚਾ ਕਰਦੇ ਹੋਏ ਇੰਦਰਜੀਤ ਸਿੰਘ ਕੰਗ ਨੇ ਕਿਹਾ ਅਜਿਹਾ ਲੇਖ ਪਹਿਲੀ ਵਾਰ ਪੂਰਨ ਰੂਪ ਵਿੱਚ ਆਮ ਪਾਠਕ ਦੀ ਸਮਝ ਨਹੀਂ ਪੈਂਦਾ। ਮੁਖਤਿਆਰ ਸਿੰਘ ਨੇ ਕਿਹਾ ਕਿ ਰੱਬ ਦੀ ਭਾਲ ਲਈ ਮਨੁੱਖ ਦੀ ਚੇਤਨ ਅਵੱਸਥਾ ਬਾਰੇ ਬਿਆਨਦਾ ਇਹ ਲੇਖ ਮਨੁੱਖ ਨੂੰ ਅੰਦਰੋਂ ਹੀ ਪ੍ਰਕਿਰਤੀ ਜਾਂ ਬ੍ਰਹਿਮੰਡ ਨਾਲ ਜੋੜ ਸਕਦੈ, ਕਿਉਂਕਿ ਮਨੁੱਖ ਅੰਦਰ ਬਹੁਤ ਵੱਡਾ ਪਸਾਰ ਹੈ।ਯਤਿੰਦਰ ਮਾਹਲ ਨੇ ਲੇਖ ਨੂੰ ਡੂੰਘੀ ਸਮਝ ਵਾਲਾ ਦੱਸਿਆ ਅਤੇ ਲੇਖ ਦਾ ਸਿਰਲੇਖ ਬਦਲਣ ਸਬੰਧੀ ਸੁਝਾਅ ਦਿੱਤਾ।ਜੱਸੀ ਢਿੱਲਵਾਂ ਨੇ ਮੀਟਿੰਗ ਦੌਰਾਨ ਆਪਣੇ ਗੀਤਾਂ ਦੀ ਛਹਿਬਰ ਲਗਾਈ, ਜਿਨ੍ਹਾਂ ਨੂੰ ਗਾਉਣ ਦੇ ਨਾਲ ਨਾਲ ਲੋੜੀਂਦੇ ਸੁਝਾਅ ਵੀ ਦਿੱਤੇ ਗਏ। ਕਹਾਣੀਕਾਰ ਮੁਖਤਿਆਰ ਸਿੰਘ ਨੇ ਕਹਾਣੀ ‘ਡਿਓਰੂ’ ਪੜ੍ਹੀ, ਜਿਸ ‘ਤੇ ਚਰਚਾ ਕਰਦੇ ਹੋਏ ਸੁਝਾਅ ਦਿੱਤੇ ਗਏ ਕਿ ਇਸ ਕਹਾਣੀ ਦਾ ਵਿਸ਼ਾ ਬਹੁਤ ਜਬਰਦਸਤ ਹੈ, ਪ੍ਰੰਤੂ ਇਸ ਵਿੱਚ ਹੋਰ ਸੋਧ ਕਰਨ ਦੀ ਜਰੂਰਤ ਹੈ, ਇਹ ਕਹਾਣੀ ਜੋ ਨਿਵੇਕਲੇ ਵਿਸ਼ੇ ਨੂੰ ਛੋਹਦੀ ਹੈ, ਵਧੀਆ ਕਹਾਣੀ ਹੋ ਨਿਬੜੇਗੀ।ਗੁਰਦੀਪ ਮਹੌਣ ਅਜੋਕੀ ਰਾਜਨੀਤੀ ਤੇ ਵਿਅੰਗ ਕਰਦੀ ਕਵਿਤਾ ‘ਤੱਕੜੀ’ ਨਾਲ ਹਾਜ਼ਰੀ ਲਵਾ ਕੇ ਆਪਣੀ ਗੱਲ ਕਹਿਣ ਵਿੱਚ ਸਫਲ ਰਿਹਾ।ਅਨਿਲ ਫਤਹਿਗੜ੍ਹ ਜੱਟਾਂ ਨੇ ਆਪਣੀ ਰਚਨਾ ‘ਮੁੜਕੇ ਉਹ ਘਰ, ਘਰ ਰਿਹਾ ਨਾ, ਜਿਸਦੇ ਵੀ ਇਹ ਘਰੇ ਗਏ ਨੇ …. ਤੇਰੇ ਕੰਨ ਭਰੇ ਨੇ’ ਸੁਣਾਈ ਅਤੇ ਸਰੋਤਿਆਂ ਦੀ ਵਾਹ ਵਾਹ ਖੱਟੀ।ਪ੍ਰਵਾਸੀ ਸਾਹਿਤਕਾਰ ਦਲਜਿੰਦਰ ਸਿੰਘ ਰਹਿਲ ਨੇ ਆਪਣੀ ਰਚਨਾ ‘ਯੁੱਗਾਂ ਯੁੱਗਾਂ ਤੋਂ ਬੁਝੀ ਅਜੇ ਨਾ ਦਰਿਆਵਾਂ ਦੀ ਪਿਆਸ’ਪੜ੍ਹੀ।ਜਿਸ ਵਿੱਚ ਪ੍ਰਵਾਸ ਦੇ ਨਾਲ ਨਾਲ ਆਪਣੀ ਮਾਂ ਬੋਲੀ ਅਤੇ ਧਰਤੀ ਪ੍ਰਤੀ ਪਿਆਰ ਦੀ ਬਾਤ ਪਾਈ ਗਈ, ਇਸਦੀ ਸਾਰੇ ਸਾਹਿਤਕਾਰਾਂ ਵਲੋਂ ਪ੍ਰਸੰਸਾ ਕੀਤੀ ਗਈ।ਅਵਤਾਰ ਸਿੰਘ ਓਟਾਲ ਨੇ ਆਪਣਾ ਗੀਤ ‘ਚੱਕੀ ਦਾ ਪੁੜ ਭਾਰਾ’ ਸੁਣਾ ਕੇ ਪੁਰਾਤਨ ਸਭਿਆਚਾਰ ਵਾਲੀ ਘਰੇਲੂ ਤਸਵੀਰ ਸਭ ਦੇ ਸਾਹਮਣੇ ਲਿਆ ਰੱਖੀ।ਗੀਤ ਦੀ ਸ਼ਬਦਾਵਲੀ ਬਹੁਤ ਖੂਬਸੂਰਤ ਸੀ।ਯਤਿੰਦਰ ਕੌਰ ਮਾਹਲ ਨੇ ਰੂਹਾਨੀਅਤ ਨੂੰ ਸਮਰਪਿਤ ਭਾਵਨਾ ਵਾਲੀ ਕਵਿਤਾ ਪੜ੍ਹੀ, ਜਿਸ ਬਾਰੇ ਸਰੋਤਿਆਂ ਨੇ ਕਈ ਸੁਝਾਅ ਦਿੱਤੇ।
ਅਖੀਰ ‘ਚ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …