Sunday, September 8, 2024

ਭਾਈ ਮੋਤੀ ਰਾਮ ਦੀ ਸ਼ਹਾਦਤ ਤੇ ਦੀਵਾਨ ਟੋਡਰ ਮੱਲ ਦੀ ਗੁਰੂ-ਘਰ ਪ੍ਰਤੀ ਨਿਸ਼ਠਾ ਇਕ ਅਨੂਠੀ ਮਿਸਾਲ

28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

History
ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਇਤਿਹਾਸ ਵਿਚ ਜਦੋਂ-ਜਦੋਂ ਵੀ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਜੋਰਾਵਰ ਸਿੰਘ ਜੀ ਤੇ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਦੀ ਚਰਚਾ ਹੋਵੇਗੀ, ਉਦੋਂ-ਉਦੋਂ ਹੀ ਉਸ ਸਮੇਂ ਦੇ ਫ਼ਰੇਬੀ ਪਹਾੜੀ ਰਾਜ਼ਿਆਂ ਦੀ ਮੱਕਾਰੀ ਅਤੇ ਕਲਗੀਧਰ ਪਿਤਾ ਦੀ ਚਾਕਰੀ ਕਰਨ ਵਾਲੇ ਗੰਗੂ ਬ੍ਰਾਹਮਣ ਦੀ ਨਮਕ-ਹਰਾਮੀ ਦੇ ਨਾਲ-ਨਾਲ ਭਾਈ ਮੋਤੀ ਰਾਮ ਜੀ ਮਹਿਰਾ ਦੀ ਲਾਸਾਨੀ ਸ਼ਹਾਦਤ ਅਤੇ ਦੀਵਾਨ ਟੋਡਰ ਮੱਲ ਦੀ ਗੁਰੂ-ਘਰ ਪ੍ਰਤੀ ਨਿਸ਼ਠਾ, ਸਿਦਕ ਅਤੇ ਸਮਰਪਣ ਦਾ ਜ਼ਿਕਰ ਕੀਤੇ ਬਗੈਰ ਇਤਿਹਾਸ ਅਗਾਂਹ ਨਹੀਂ ਟੁਰੇਗਾ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੌਮ ਅਤੇ ਮਾਨਵਤਾ ਦੀ ਰਾਖੀ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ।ਸੰਕਟ ਦੀ ਘੜੀ ਵਿਚ ਮੁਗ਼ਲਾਂ ਦੇ ਜ਼ੋਰ-ਜ਼ੁਲਮ ਤੋਂ ਡਰਦਿਆਂ ਜਦੋਂ ਕਰੀਬ ਹਰ ਕੋਈ ਗੁਰੂ-ਪਰਿਵਾਰ ਦਾ ਸਾਥ ਦੇਣ ਤੋਂ ਪਿੱਛੇ ਹਟਣ ਲੱਗਾ ਤਾਂ ਉਸ ਮੁਸਿਬਤ ਦੀ ਘੜੀ ਵਿਚ ਭਾਈ ਮੋਤੀ ਰਾਮ ਜੀ ਮਹਿਰਾ ਅਤੇ ਦੀਵਾਨ ਟੋਡਰ ਮੱਲ ਜਿਹੇ ਸਿਦਕੀ ਸਿੱਖਾਂ ਨੇ ਅਪਣਾ ਇਨਸਾਨੀ ਫ਼ਰਜ਼ ਨਿਭਾਉਂਦਿਆਂ ਗੁਰੂ ਸਾਹਿਬ ਪ੍ਰਤੀ ਜੋ ਵਫ਼ਾਦਾਰੀ ਵਿਖਾਈ, ਉਸ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਸਦਾ-ਸਦਾ ਲਈ ਅਮਰ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਆਨੰਦਪੁਰ ਸਾਹਿਬ ਤਿਆਗ ਕੇ ਜਦੋਂ ਉਥੋਂ ਰਵਾਨਾ ਹੋਇਆ ਤਾਂ ਸਰਸਾ ਨਦੀ ਦੇ ਕੰਢੇ ਪਰਿਵਾਰ ਦੇ ਆਪਸ ਵਿਚ ਵਿਛੜ ਜਾਣ ‘ਤੇ ਮਾਤਾ ਗੁਜ਼ਰੀ ਜੀ ਨੇ ਛੋਟੇ ਦੋਵੇਂ ਸਾਹਿਬਜ਼ਾਦਿਆਂ ਜੋਰਾਵਰ ਸਿੰਘ ਜੀ ਤੇ ਫ਼ਤਹਿ ਸਿੰਘ ਜੀ ਨੂੰ ਨਾਲ ਲੈ ਕੇ ਦੋ ਰਾਤਾਂ ਕਾਇਮਦੀਨ ਮਲਾਹ ਦੀ ਕਿਸ਼ਤੀ ਵਿਚ ਬਿਤਾਈਆਂ।ਦੱਸਦੇ ਹਨ ਕਿ ਉਸ ਸਮੇਂ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੀ ਉਮਰ 9 ਸਾਲ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਦੀ ਉਮਰ ਮਸਾਂ ਹੀ 7 ਕੁ ਵਰ੍ਹੇ ਦੀ ਸੀ, ਭਾਵ ਉਨ੍ਹਾਂ ਉਸ ਵਕਤ ਤੱਕ ਅਜੇ ਆਪਣੀ ਉਮਰ ਦਾ ਪਹਿਲਾ ਪੜਾਅ ਵੀ ਪਾਰ ਨਹੀਂ ਕੀਤਾ ਸੀ।ਸਰਸਾ ਨਦੀ ਤੋਂ ਗੁਰੂ-ਘਰ ਦਾ ਚਾਕਰ ਗੰਗੂ ਬ੍ਰਾਹਮਣ ਮਾਤਾ ਜੀ ਨੂੰ ਆਪਣੀਆਂ ਗੱਲਾਂ ਵਿਚ ਲਿਆ ਕੇ ਸਾਹਿਬਜ਼ਾਦਿਆਂ ਸਮੇਤ ਮੋਰਿੰਡੇ ਦੇ ਪਾਸ ਆਪਣੇ ਪਿੰਡ ਖੇੜੀ ਲੈ ਗਿਆ।ਉਥੇ ਪਹੁੰਚਣ ‘ਤੇ ਰਾਤ ਨੂੰ ਗੰਗੂ ਨੇ ਲਾਲਚ ਵਿਚ ਆ ਕੇ ਮਾਤਾ ਜੀ ਦੇ ਸਿਰਹਾਣੇ ਹੇਠਾਂ ਰੱਖੀ ਪੈਸਿਆਂ ਅਤੇ ਜ਼ੇਵਰਾਂ ਦੀ ਥੈਲੀ ਚੋਰੀ ਕਰ ਲਈ।ਜਦੋਂ ਮਾਤਾ ਜੀ ਨੇ ਸਹਿਜ-ਸੁਭਾਅ ਉਸ ਪਾਸੋਂ ਥੈਲੀ ਬਾਰੇ ਪੁੱਛਿਆਂ ਤਾਂ ਉਹ ਅੱਗ-ਬਬੁਲਾ ਹੋ ਕੇ ਕਹਿਣ ਲੱਗਾ ਕਿ ਇਕ ਤਾਂ ਉਸ ਨੇ ਮੁਗ਼ਲ ਸਰਕਾਰ ਦੇ ਵਿਰੋਧੀਆਂ ਨੂੰ ਆਪਣੇ ਘਰ ਵਿੱਚ ਸ਼ਰਣ ਦਿਤੀ ਹੈ ਅਤੇ ਉਪਰੋਂ ਉਸ ‘ਤੇ ਹੀ ਚੋਰੀ ਦਾ ਦੋਸ਼ ਲਗਾਇਆ ਜਾ ਰਿਹਾ ਹੈ।ਉਸ ਨੇ ਸਰਕਾਰ ਵਲੋਂ ਮਿਲਣ ਵਾਲੇ ਇਨਾਮ ਦੇ ਲਾਲਚ ਵਿਚ ਅੰਨ੍ਹਿਆਂ ਹੋ ਕੇ ਮਾਤਾ ਜੀ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਗੁਰੂ-ਪਰਿਵਾਰ ਦੇ ਉਸ ਦੇ ਘਰ ਹੋਣ ਦੀ ਖਬਰ ਪਿੰਡ ਦੇ ਚੌਧਰੀ ਦੀ ਮਾਰਫ਼ਤ ਮੋਰਿੰਡੇ ਦੇ ਹਾਕਮ ਪਾਸ ਪਹੁੰਚਾ ਦਿੱਤੀ।
ਮੋਰਿੰਡੇ ਦੇ ਹਾਕਮਾਂ ਨੇ ਦਿਨ ਚੜ੍ਹਦਿਆਂ ਹੀ ਗੰਗੂ ਦੇ ਘਰ ਪਹੁੰਚ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਲਿਆ ਅਤੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਦੀ ਕਚਹਿਰੀ ਵਿਚ ਜਾ ਪੇਸ਼ ਕੀਤਾ।ਜਿਸ ‘ਤੇ ਨਵਾਬ ਨੇ ਪੋਹ ਦੀ ਕੜਕਦੀ ਠੰਡ ਵਿਚ ਬੁਜ਼ੂਰਗ ਮਾਤਾ ਜੀ ਅਤੇ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ਼ ਵਿਚ ਕੈਦ ਕਰਨ ਦਾ ਹੁਕਮ ਸੁਣਾਇਆ।
ਭਾਈ ਮੋਤੀ ਰਾਮ ਮਹਿਰਾ ਜਿਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਲੋਂ ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਲਈ ਨਿਯੁਕਤ ਕੀਤਾ ਗਿਆ ਸੀ, ਨੂੰ ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਠੰਡੇ ਬੁਰਜ਼ ਵਿਚ ਕੈਦ ਹੋਣ ਦੀ ਖਬਰ ਮਿਲੀ ਤਾਂ ਉਹ ਆਪਣੀ ਮਾਂ ਅਤੇ ਪਤਨੀ ਨਾਲ ਸਲਾਹ ਕਰਕੇ ਗਰਮ ਦੁੱਧ ਦਾ ਕੋਰਾ ਗੜਵਾ ਭਰ ਕੇ ਉਨ੍ਹਾਂ ਪਾਸ ਲੈ ਗਿਆ।ਉਸ ਨੂੰ ਪਤਾ ਸੀ ਕਿ ਬੁਰਜ਼ ਦੇ ਪਹਿਰੇਦਾਰਾਂ ਨੇ ਇਹ ਗੜਵਾ ਬੁਰਜ਼ ਤੱਕ ਕਿਸੇ ਵੀ ਸੂਰਤ ਵਿਚ ਨਹੀਂ ਪਹੁੰਚਣ ਦੇਣਾ, ਇਸ ਲਈ ਉਹ ਜਾਣ ਲੱਗਿਆਂ ਉਨ੍ਹਾਂ ਨੂੰ ਰਿਸ਼ਵਤ ਦੇਣ ਲਈ ਆਪਣੀ ਪਤਨੀ ਦੇ ਗਹਿਣੇ ਅਤੇ ਕੁਝ ਪੈਸੇ ਨਾਲ ਲੈ ਗਿਆ।ਉਹ ਲਗਾਤਾਰ ਤਿੰਨ ਰਾਤਾਂ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਆਉਣ ਠੰਡੇ ਬੁਰਜ਼ ਵਿਚ ਜਾਂਦਾ ਰਿਹਾ।
ਉਧਰ ਲਗਾਤਾਰ ਤਿੰਨ ਦਿਨ ਤੱਕ ਹਰ ਸਵੇਰ ਸਾਹਿਬਜ਼ਾਦਿਆਂ ਨੂੰ ਨਵਾਬ ਦੀ ਕਚਹਿਰੀ ਵਿਚ ਪੇਸ਼ ਕਰਕੇ ਉਨ੍ਹਾਂ ਨੂੰ ਸਿੱਖੀ ਤਿਆਗ ਕੇ ਇਸਲਾਮ ਕੁਬੂਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਰਿਹਾ।ਜਦੋਂ ਉਨ੍ਹਾਂ ‘ਤੇ ਹਕੂਮਤ ਦੇ ਕਿਸੇ ਜ਼ੋਰ-ਜ਼ੁਲਮ ਦਾ ਕੋਈ ਅਸਰ ਨਾ ਹੋਇਆ ਤਾਂ ਅੰਤ ਤੀਸਰੇ ਦਿਨ ਨਵਾਬ ਵਜ਼ੀਰ ਖ਼ਾਂ ਦੇ ਇਸ਼ਾਰੇ ‘ਤੇ ਕਾਜ਼ੀ ਨੇ ਕਿਹਾ ਕਿ ਜੇਕਰ ਇਹ ਬੱਚੇ ਕਲਮਾ ਪੜ੍ਹ ਕੇ ਇਸਲਾਮ ਕਬੂਲ ਨਹੀਂ ਕਰਦੇ ਤਾਂ ਇਨ੍ਹਾਂ ਨੂੰ ਦੀਵਾਰ ਵਿਚ ਚਿਣਵਾ ਦਿੱਤਾ ਜਾਵੇ।ਇਸ ‘ਤੇ ਨਵਾਬ ਵਲੋਂ ਹੁਕਮ ਜਾਰੀ ਕਰਕੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਦੀਵਾਰ ਵਿਚ ਚਿਣਵਾਏ ਜਾਣ ਤੋਂ ਬਾਅਦ ਬੜੀ ਬੇ-ਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ।ਸਿੱਖ ਵਿਦਵਾਨ ਲਿਖਦੇ ਹਨ ਕਿ ਜਦੋਂ ਇਹ ਦੁਖਦ ਸਮਾਚਾਰ ਭਾਈ ਮੋਤੀ ਰਾਮ ਮਹਿਰਾ ਨੇ ਮਾਤਾ ਗੁਜ਼ਰੀ ਜੀ ਨੂੰ ਸੁਣਾਇਆ ਤਾਂ ਮਾਤਾ ਜੀ ਨੇ ਇਸ ਸਭ ਨੂੰ ਅਕਾਲ ਪੁਰਖ਼ ਦਾ ਭਾਣਾ ਸਵਿਕਾਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ।ਜ਼ਾਲਮ ਨਵਾਬ ਨੇ ਸ਼ਹੀਦ ਕੀਤੇ ਸਾਹਿਬਜ਼ਾਦਿਆਂ ਸਮੇਤ ਮਾਤਾ ਗੁਜ਼ਰੀ ਜੀ ਦੀ ਪਵਿੱਤਰ ਦੇਹ ਮੌਜੂਦਾ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਪਿੱਛੇ ਵਗਦੀ ਹੰਸਲਾ ਨਦੀ ਦੇ ਕੰਢੇ ਸੰਘਣੇ ਜੰਗਲ ਵਿਚ ਸੁਟਵਾ ਦਿੱਤੀ ਤਾਂ ਜੋ ਜੰਗਲੀ ਜਾਨਵਰ ਉਨ੍ਹਾਂ ਦੀਆਂ ਦੇਹਾਂ ਨੂੰ ਖਾ ਜਾਣ।
ਇਲਾਕੇ ਦੇ ਧਨਾਢ ਅਤੇ ਮੁਗ਼ਲ ਦਰਬਾਰ ਦੇ ਕਰਮਚਾਰੀ ਦੀਵਾਨ ਟੋਡਰ ਮੱਲ ਨੇ ਜਦੋਂ ਨਵਾਬ ਪਾਸੋਂ ਮਾਤਾ ਗੁਜ਼ਰੀ ਜੀ ਅਤੇ ਸਾਹਿਬਜਾਦਿਆਂ ਦੀਆਂ ਪਵਿੱਤਰ ਦੇਹਾਂ ਲੈ ਕੇ ਉਨ੍ਹਾਂ ਦੇ ਅੰਤਿਮ ਸਸਕਾਰ ਕਰਨ ਦੀ ਮਨਜ਼ੂਰੀ ਲੈਣ ਲਈ ਬੇਨਤੀ ਕੀਤੀ ਤਾਂ ਉਸ ਨੇ ਸ਼ਰਤ ਰੱਖੀ ਕਿ ਸਸਕਾਰ ਲਈ ਜਿੰਨੀ ਭੂਮੀ ਚਾਹੀਦੀ ਹੈ, ਸੋਨੇ ਦੀਆਂ ਮੋਹਰਾਂ ਵਿਛਾ ਕੇ ਉਨ੍ਹੀਂ ਭੂਮੀ ਲੈ ਲਵੋ।ਇਸ ‘ਤੇ ਦੀਵਾਨ ਨੇ ਆਪਣੀ ਸਾਰੀ ਸੰਪਤੀ ਬਦਲੇ ਖੜਵੀਆਂ ਮੋਹਰਾਂ ਰੱਖ ਕੇ ਸਸਕਾਰ ਲਈ ਭੂਮੀ ਲੈ ਲਈ ਅਤੇ ਪੂਰੇ ਸਨਮਾਨ ਨਾਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕੀਤਾ।ਸਸਕਾਰ ਲਈ ਲਕੜੀਆਂ ਲਿਆਉਣ ਲਈ ਜਦੋਂ ਕੋਈ ਅੱਗੇ ਨਾ ਆਇਆ ਤਾਂ ਭਾਈ ਮੋਤੀ ਰਾਮ ਮਹਿਰਾ ਨੇ ਬੇਖੋਫ਼ ਹੋ ਕੇ ਦੀਵਾਨ ਦਾ ਸਾਥ ਦਿੱਤਾ।
ਬਾਅਦ ਵਿਚ ਜਦੋਂ ਨਵਾਬ ਸਰਹੰਦ ਨੂੰ ਇਹ ਪਤਾ ਲੱਗਾ ਕਿ ਭਾਈ ਮੋਤੀ ਰਾਮ ਮਹਿਰਾ ਨੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਤੱਕ ਠੰਡੇ ਬੁਰਜ਼ ਵਿਚ ਗਰਮ ਦੁੱਧ ਪਿਆਇਆ ਸੀ, ਤਾਂ ਉਸ ਨੇ ਸਖ਼ਤੀ ਨਾਲ ਹੁਕਮ ਜ਼ਾਰੀ ਕੀਤਾ ਕਿ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ, ਜਿਸ ਵਿਚ ਉਸ ਦੀ ਬੁਜ਼ੂਰਗ ਮਾਂ, ਪਤਨੀ ਅਤੇ ਛੋਟੀ ਉਮਰ ਦਾ ਇਕਲੌਤਾ ਪੁੱਤਰ ਸ਼ਾਮਲ ਸੀ; ਨੂੰ ਕੋਹਲੂ ਵਿਚ ਖਿੜਵਾ ਕੇ ਸ਼ਹੀਦ ਕੀਤਾ ਜਾਵੇ।ਇਸ ਦੇ ਨਾਲ ਹੀ ਉਸ ਨੇ ਹੁਕਮ ਜਾਰੀ ਕਰਕੇ ਗੁਰੂ-ਘਰ ਪ੍ਰਤੀ ਵਫ਼ਾਦਾਰੀ ਵਿਖਾਉਣ ਬਦਲੇ ਦੀਵਾਨ ਟੋਡਰ ਮੱਲ ਦੀ ਹਵੇਲੀ ਅਤੇ ਉਸਦੀ ਹੋਰ ਜਾਇਦਾਦ ਵੀ ਨਸ਼ਟ ਕਰਵਾ ਦਿੱਤੀ।
ਭਾਈ ਕਾਨ੍ਹ ਸਿੰਘ ‘ਮਹਾਨ ਕੋਸ਼’ ਵਿਚ ਲਿਖਦੇ ਹਨ ਕਿ ਬਾਬਾ ਬੰਦਾ ਬਹਾਦਰ ਨੇ 1 ਜੇਠ ਸੰਮਤ 1767 ਨੂੰ ਸਰਹੰਦ ਫ਼ਤਹਿ ਕਰਕੇ ਵਜ਼ੀਰ ਖ਼ਾਂ ਦਾ ਕਤਲ ਕਰਨ ਦੇ ਨਾਲ-ਨਾਲ ਗੰਗੂ ਬ੍ਰਾਹਮਣ ਦੇ ਸਾਰੇ ਪਰਿਵਾਰ ਦਾ ਅੰਤ ਕਰਕੇ ਉਸ ਦੇ ਪਿੰਡ ਖੇੜੀ ਨੂੰ ਤਬਾਹ ਕਰਕੇ ਥੇਹ ਬਣਾ ਦਿੱਤਾ।ਬਾਅਦ ਵਿਚ ਉਥੇ ਨਵਾਂ ਪਿੰਡ ਵੱਸ ਜਾਣ ‘ਤੇ ਉਸ ਦਾ ਨਾਂਅ ਸਹੇੜੀ ਰੱਖਿਆ ਗਿਆ।
ਭਾਈ ਮੋਤੀ ਰਾਮ ਜੀ ਮਹਿਰਾ ਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਅਤੇ ਦੀਵਾਨ ਟੋਡਰ ਮੱਲ ਜੀ ਦੀ ਗੁਰੂ-ਘਰ ਪ੍ਰਤੀ ਨਿਸ਼ਠਾ ਅਤੇ ਸਮਰਪਣ ਆਪਣੇ-ਆਪ ਵਿਚ ਇਕ ਅਨੂਠੀ ਮਿਸਾਲ ਹੈ, ਜਿਸ ਸਦਕਾ ਉਨ੍ਹਾਂ ਦਾ ਨਾਂਅ ਸਿੱਖ ਇਤਿਹਾਸ ਵਿਚ ਹਮੇਸ਼ਾ ਸਨਮਾਨ ਅਤੇ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ।Surinder Kochharਸੁਰਿੰਦਰ ਕੋਛੜ, ਅੰਮਿਤਸਰ

9356127771

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply