Sunday, September 15, 2024

ਖ਼ਾਲਸਾ ਕਾਲਜ ਵਿਖੇ ਮੇਲੇ ਦਾ ਚੌਥਾ ਦਿਨ 47 ਦੀ ਵੰਡ, ਵਿਰਾਸਤ, ਕਵੀਸ਼ਰੀ ਤੇ ਸੰਗੀਤ ਨੂੰ ਸਮਰਪਿਤ ਰਿਹਾ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਵਿਖੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਚੌਥਾ ਦਿਨ ਵੱੱੱਖ-ਵੱਖ ਸਰਗਰਮੀਆਂ ਨਾਲ ਭਰਪੂਰ ਰਿਹਾ। ਸਵੇਰ ਦਾ ਪਹਿਲਾ ਸੈਸ਼ਨ ‘ਅੰਮਿ੍ਰਤਸਰ ਸਿਫਤੀ ਦਾ ਘਰ’ ਸੀ ਜਿਸ ਦੇ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਸਟੇਟ ਕਨਵੀਨਰ ਇਨਟੈਕ ਪੰਜਾਬ ਸਨ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਪਰਵਾਸੀ ਸਹਿਤਕਾਰ ਡਾ. ਪ੍ਰੇਮ ਮਾਨ ਸਨ।ਇਸ ਸੈਸ਼ਨ ਵਿਚ ਡਾ. ਸਰਬਜੀਤ ਸਿੰਘ ਮਾਨ ਕਨਵੀਨਰ ਇਨਟੈਕ ਕਪੂਰਥਲਾ ਅਤੇ ਗਗਨਦੀਪ ਸਿੰਘ ਕਨਵੀਨਰ ਇਨਟੈਕ ਅੰਮ੍ਰਿਤਸਰ ਸਨ। ਬੁਲਾਰਿਆਂ ਨੇ ਦੱਸਿਆ ਕਿ ਇਨਟੈਕ ਰਾਸ਼ਟਰੀ ਪੱਧਰ ਦਾ ਟਰੱਸਟ ਹੈ।ਜਿਸ ਦੀ ਸਥਾਪਨਾ 1985 ਵਿਚ ਹੋਈ।ਇਸ ਦਾ ਮਕਸਦ ਆਪਣੇ ਕਲਚਰ ਦੀ ਸੁਰੱਖਿਆ ਅਤੇ ਉਸ ਦਾ ਵਿਕਾਸ ਕਰਨਾ ਹੈ।ਪੰਜਾਬ ’ਚ ਇਨਟੈਕ ਵੱਖ-ਵੱਖ ਹੈਰੀਟੇਜ਼ ਥਾਵਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਪ੍ਰਮੋਸ਼ਨ ਵਾਸਤੇ ਕੰਮ ਕਰ ਰਿਹਾ ਹੈ।
ਅੰਮ੍ਰਿਤਸਰ ਦੀ ਵਿਰਾਸਤ ਬਾਰੇ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੰਮ੍ਰਿਤਸਰ ਆਪਣੀ ਵਿਰਾਸਤ ਪੱਖੋਂ ਬਹੁਤ ਅਮੀਰ ਹੈ।ਇਥੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲਾ ਸ੍ਰੀ ਹਰਿਮੰਦਰ ਸਾਹਿਬ ਹੈ, ਸ੍ਰੀ ਦੁਰਗਿਆਣਾ ਮੰਦਿਰ ਅਤੇ ਸ੍ਰੀ ਵਾਲਮੀਕਿ ਮੰਦਿਰ ਇਥੋਂ ਦੀ ਪ੍ਰਚੀਨਤਾ ਦੀ ਗਵਾਹੀ ਭਰਦੇ ਹਨ।ਦਰਬਾਰ ਸਾਹਿਤ ਵਿਚਲੀ ਧੁੱਪ ਘੜੀ ਸਾਡੀ ਵਿਗਿਆਨਕ ਸੋਚ ਦਾ ਪ੍ਰਗਟਾਵਾ ਕਰਦੀ ਹੈ।ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੱਸਦੀ ਹੈ ਕਿ ਸਾਡੀ ਸਾਹਿਤਕ ਪ੍ਰਰੰਪਰਾ ਬਹੁਤ ਅਮੀਰ ਹੈ।ਧਨੀ ਰਾਮ ਚਾਤ੍ਰਿਕ, ਗੁਰਬਖਸ਼ ਸਿੰਘ ਪ੍ਰੀਤਲੜੀ ਸਾਡੀ ਨਵੀਂ ਚੇਤਨਾ ਦੇ ਪ੍ਰਤੀਕ ਹਨ।ਮਦਨ ਲਾਲ ਢੀਂਗਰਾ ਊਧਮ ਸਿੰਘ ਅਤੇ ਸੋਹਣ ਸਿੰਘ ਭਕਨਾ ਸਾਡੀ ਆਜ਼ਾਦੀ ਦੀ ਲੜਾਈ ਦੇ ਨਾਇਕ ਰਹੇ ਹਨ।
ਇਸ ਬਹਿਸ ਨੂੰ ਅੱਗੇ ਤੋਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਮਾਰਤਸਾਜ਼ੀ ਪੱਖੋਂ ਅੰਮ੍ਰਿਤਸਰ ਦੀ ਵਿਰਾਸਤ ਦੀ ਸ਼ਾਨ ਦਰਬਾਰ ਸਾਹਿਬ ਹੈ।ਜਿਸ ਦਾ ਨੀਂਹ ਪੱਥਰ ਕਿਸੇ ਦੂਸਰੇ ਫਿਰਕੇ ਮੁਸਲਮਾਨ ਫਕੀਰ ਵੱਲੋਂ ਰੱਖਿਆ ਗਿਆ ਸੀ।ਇਮਾਰਤੀ ਵਿਰਾਸਤ ’ਚ ਕਾਲਜ ਦਾ ਨਾਮ ਦੂਸਰੇ ਨੰਬਰ ’ਤੇ ਆਉਂਦਾ ਹੈ।ਇਸ ਦੀਆਂ ਇੱਟਾਂ ਦਾ ਲਾਲ ਰੰਗ ਮਨੁੱਖੀ ਸਰੀਰ ’ਚ ਚੱਲਦੇ ਲਹੂ ਦਾ ਪ੍ਰਤੀਕ ਹੈ।ਇਸ ਦੀ ਸਥਾਪਨਾ ਸਮੇਂ ਇਕੋ ਵੇਲੇ ਦੁਆ ਖਾਨਾ, ਦਵਾ ਖਾਨਾ ਅਤੇ ਗਿਆਨ ਖਾਨਾ ਵਜੋਂ ਹੋਈ।ਇਸ ਦਾ ਭਾਵ ਇਹ ਹੈ ਕਿ ਖਾਲਸਾ ਕਾਲਜ ਦੀ ਸਥਾਪਨਾ ਸਮੇਂ ਇਕੋ ਸਮੇਂ ਡਿਸਪੈਂਸਰੀ, ਗੁਰਦੁਆਰਾ ਸਾਹਿਬ ਅਤੇ ਕਾਲਜ ਦਾ ਨੀਂਹ-ਪੱਥਰ ਰੱਖਿਆ ਗਿਆ ਸੀ।ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮੁਗਲਾਂ ਨਾਲ ਹੋਈ ਪਹਿਲੀ ਲੜਾਈ ਵਾਲੇ ਥਾਂ ‘ਤੇ ਇਸ ਦੀ ਸਥਾਪਨਾ ਹੋਈ ਹੈ ਅਤੇ ਮੌਸਮ ਦੇ ਹਿਸਾਬ ਨਾਲ ਕਮਰਿਆਂ ਦੀ ਬਣਤਰ ਅਜਿਹੀ ਹੈ ਕਿ ਇਹ ਗਰਮੀਆਂ ’ਚ ਠੰਡੇ ਅਤੇ ਸਰਦੀਆਂ ਵਿਚ ਨਿੱਘੇ ਰਹਿੰਦੇ ਹਨ।ਇਹ ਮਨੁੱਖਤਾ ਦੀ ਸੇਵਾ ਬਿਨਾ ਕਿਸੇ ਭੇਦਭਾਵ ਦੇ ਕਰਦਾ ਆ ਰਿਹਾ ਹੈ।
ਦੁਪਹਿਰ ਸਮੇਂ ਸੰਗੀਤ ਵਿਭਾਗ ਦੀ ਦੇਖ-ਰੇਖ ਅਧੀਨ ਵਿਦਿਆਰਥੀਆਂ ਵਲੋਂ ਗੀਤ ਗਜ਼ਲਾਂ ’ਤੇ ਲੋਕ ਗੀਤ ਪੇਸ਼ ਕੀਤੇ ਗਏ।ਬਾਅਦ ਦੁਪਹਿਰ ‘ਜ਼ਿੰਦਗੀ ਦੀ ਬਾਤ ਪਾਉਂਦੀ ਕਹਾਣੀ’ ਪ੍ਰੋਗਰਾਮ ਅਧੀਨ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਵਰਿਆਮ ਸਿੰਘ ਸੰਧੂ ਵਲੋਂ ਪੰਜਾਬੀ ਕਹਾਣੀ ਦੇ ਪ੍ਰਸੰਗ ਵਿੱਚ ਮਨੁੱਖੀ ਸੰਵੇਦਨਾ ਦੀ ਗੱਲ ਕੀਤੀ।ਉਨ੍ਹਾਂ ਦੱਸਿਆ ਕਿ 1947 ਦੀ ਵੰਡ ਵੇਲੇ ਮਨੁੱਖਤਾ ਵਿਚੋਂ ਸੰਵੇਦਨਾ ਖਤਮ ਹੋ ਗਈ ਸੀ।ਚੰਗਾ ਭਲਾ ਮਨੁੱਖ ਹੈਵਾਨ ਬਣ ਗਿਆ ਸੀ, ਪਰ ਉਸ ਸਮੇਂ ਵੀ ਕੁੱਝ ਲੋਕਾਂ ਨੇ ਮਨੱਖਤਾ ਨੂੰ ਸ਼ਰਮਸਾਰ ਹੋਣ ਤੋਂ ਬਚਾਈ ਰੱਖਿਆ।ਪੰਜਾਬੀ ਸਾਹਿਤ ’ਚ ਬਹੁਤ ਸਾਰੀਆਂ ਕਹਾਣੀਆਂ ਅਜਿਹੀਆਂ ਹਨ, ਜਿੰਨ੍ਹਾਂ ’ਚ ਹੈਵਾਨੀਅਤ ਦੇ ਮੁਕਾਬਲੇ ਇਨਸਾਨੀਅਤਤਾ ਦੀ ਜਿੱਤ ਹੁੰਦੀ ਦਿਖਾਈ ਹੈ।ਉਨ੍ਹਾਂ ਨੇ ਆਪਣੀਆਂ ਅਤੇ ਮਹਿੰਦਰ ਸਿੰਘ ਸਰਨਾ ਦੀਆਂ ਕਹਾਣੀਆਂ ਦੀਆਂ ਉਦਾਹਰਣਾ ਦੇ ਕੇ ਦੱਸਿਆ ਉਸ ਸਮੇਂ ਬਾਹਰੀ ਹਾਲਾਤ ਕਰਕੇ ਦਿਲਾਂ ਵਿੱਚ ਦੱਬ ਗਈ ਸੰਵੇਦਨਾ ਕਈ ਵਾਰ ਲਿਸ਼ਕਾਂ ਮਾਰ ਜਾਗ ਪੈਂਦੀ ਸੀ।
ਕਵੀਸ਼ਰ ਜੋਗਾ ਸਿੰਘ ਜੋਗੀ ਦੀ ਯਾਦ ਨੂੰ ਸਮਰਪਿਤ ‘ਕਬਰ ਜਿੰਨ੍ਹਾਂ ਦੀ ਜੀਵੇ ਹੂ’ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਗੁਰਮੁਖ ਸਿੰਘ ਐਮ.ਏ ਦੇ ਜਥੇ ਵਲੋਂ ਪੇਸ਼ ਕੀਤੀ ਗਈ ਕਵੀਸ਼ਰੀ ਸਰੋਤਿਆਂ ਨੇ ਬੜੇ ਧਿਆਨ ਅਤੇ ਉਤਸ਼ਾਹ ਨਾਲ ਸੁਣੀ।ਗੁਰਮੁਖ ਸਿੰਘ ਨੇ ਦੱਸਿਆ ਕਿ ਕਵੀਸ਼ਰੀ ਅਜਿਹੀ ਕਲਾ ਹੈ, ਜੋ ਸਾਡੇ ਧਰਮ, ਇਤਿਹਾਸ ਅਤੇ ਸਭਿਆਚਾਰ ਨੂੰ ਮਿਲਵੇਂ ਰੂਪ ਵਿੱਚ ਪੇਸ਼ ਕਰਦੀ ਹੈ।‘ਐ ਪੰਜਾਬ ਕਰਾਂ ਕੀ ਸਿਫਤ ਤੇਰੀ’ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਦੇ ਪ੍ਰਸਿੱਧ ਗਾਇਕ ਹਰਿੰਦਰ ਸੋਹਲ, ਗੁਰਪ੍ਰੀਤ ਗਿੱਲ, ਅਜੇ ਔਲਖ, ਜਰਨੈਲ ਰੱਤੋਕੇ ਅਤੇ ਜੁਗਦੀਪ ਸੰਧੂ ਨੇ ਆਪੋ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …