ਹੰਗਾਮੀ ਹਾਲਤ ‘ਚ 112 ਡਾਇਲ ਕਰਕੇ ਲਈ ਜਾ ਸਕਦੀ ਹੈ ਤੁਰੰਤ ਸਹਾਇਤਾ
ਅੰਮ੍ਰਿਤਸਰ 29 ਫਰਵਰੀ (ਸੁਖਬੀਰ ਸਿੰਘ) – ਬੀਤੇ ਦਿਨ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਸ਼ਹਿਰ ਦੇ ਕਾਰੋਬਾਰੀਆਂ ਅਤੇ ਸਨਅਤਕਾਰਾਂ ਨਾਲ ਉਹਨਾਂ ਦੀਆਂ ਮੰਗਾਂ ਸਬੰਧੀ ਕੀਤੀ ਗਈ ਮੀਟਿੰਗ ਵਿੱਚ ਕਾਰੋਬਾਰੀਆਂ ਵੱਲੋਂ ਉਠਾਏ ਗਏ ਸੁਰੱਖਿਆ ਦੇ ਮੁੱਦੇ ਦਾ ਅੱਜ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਪੱਕਾ ਹੱਲ ਕਰ ਦਿੱਤਾ।ਉਨਾਂ ਇੰਡਸਟਰੀਅਲ ਪਾਰਕ ਬਲ ਕਲਾਂ ਵਿੱਚ ਐਮਰਜੈਂਸੀ ਰਿਸਪਾਂਸ ਵਹੀਕਲ ਤੈਨਾਤ ਕਰ ਦਿੱਤੇ ਹਨ।ਜਿਲਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਕੱਲ ਹੀ ਮੁੱਖ ਮੰਤਰੀ ਵਲੋਂ ਮਿਲੀਆਂ ਨਵੀਆਂ ਗੱਡੀਆਂ ਵਿੱਚੋਂ ਇੱਕ ਗੱਡੀ ਅੱਜ ਪੁਲਿਸ ਨੇ ਬੱਲ ਕਲਾਂ ਖੇਤਰ ਵਿੱਚ ਪੱਕੇ ਤੌਰ ‘ਤੇ ਸਟੇਸ਼ਨ ਕਰ ਦਿੱਤੀ ਹੈ ਅਤੇ ਉਸ ਨਾਲ ਪੁਲਿਸ ਮੁਲਾਜ਼ਮ ਰੋਟੇਸ਼ਨ ਵਾਈਜ਼ ਸਦਾ ਤੈਨਾਤ ਰਹਿਣਗੇ।ਉਹਨਾਂ ਦੱਸਿਆ ਕਿ ਅੱਜ ਇਸ ਬਾਬਤ ਸਾਡੇ ਪੁਲਿਸ ਅਧਿਕਾਰੀ ਰਜਿੰਦਰ ਮਿਨਹਾਸ ਨੇ ਸਨਤਕਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਉਹ 112 ਨੰਬਰ ਡਾਇਲ ਕਰਕੇ ਇਸ ਗੱਡੀ ਦੀ ਸਹੂਲਤ ਕਿਸੇ ਵੀ ਵੇਲੇ ਦਿਨ ਜਾਂ ਰਾਤ ਲੈ ਸਕਦੇ ਹਨ।ਉਹਨਾਂ ਆਖਿਆ ਕਿ ਸ਼ਹਿਰ ਤੇ ਲੋਕਾਂ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਕੱਲ ਹੀ ਕਾਰੋਬਾਰੀਆਂ ਵਲੋਂ ਉਠਾਏ ਗਏ ਮੁੱਦੇ ਨੂੰ ਹੱਲ ਕਰਦੇ ਹੋਏ ਇਹ ਪਹਿਲ ਕਦਮੀ ਕੀਤੀ ਹੈ।