ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ `ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਅਧਿਐਨ, ਖੋਜ਼ ਅਤੇ ਅਧਿਆਪਨ ਵਿੱਚ ਨਵੀਨਤਾ (ਇਨੋਵੇਸ਼ਨ) ਦੀ ਲੋੜ` ਵਿਸ਼ੇ `ਤੇ ਕਰਵਾਇਆ ਗਿਆ।
ਇਸ ਯਾਦਗਾਰੀ ਭਾਸ਼ਣ ਵਿੱਚ ਪ੍ਰੋ. ਬਿਕਰਮਜੀਤ ਸਿੰਘ ਬਾਜਵਾ ਡੀਨ ਅਕਾਦਮਿਕ ਮਾਮਲੇ ਨੇ ਪ੍ਰਧਾਨਗੀ ਕੀਤੀ ਤੇ ਡਾ. ਰਵੀ ਰਵਿੰਦਰ ਪ੍ਰੋਫ਼ੈਸਰ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦਿੱਲੀ ਦੇ ਮੁੱਖ ਵਕਤਾ ਵਜੋਂ ਸ਼ਾਮਲ ਹੋਏ।ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਹਿੱਤ ਨਵੀਨਤਾ ਮੁੱਢਲੀ ਲੋੜ ਹੈ।ਇਸ ਰਾਹੀਂ ਉਪਰੋਕਤ ਖੇਤਰਾਂ ਨੂੰ ਵਿਸ਼ਵ ਪੱਧਰੀ ਪ੍ਰਤੀਨਿਧਤਾ ਮਿਲ ਸਕਦੀ ਹੈ।ਇਹਨਾਂ ਖੇਤਰਾਂ ਵਿੱਚ ਨਵੀਨਤਾ ਲਿਆਉਣ ਲਈ ਬਹੁ-ਦਿਸ਼ਾਵੀ ਦ੍ਰਿਸ਼ਟੀਕੋਣ ਦੇ ਧਾਰਨੀ ਹੋਣਾ ਪਵੇਗਾ।ਭਾਸ਼ਣ ਦੇ ਮੁੱਖ ਵਕਤਾ ਡਾ. ਰਵੀ ਰਵਿੰਦਰ ਨੇ ਆਪਣੇ ਵਿਸ਼ੇ ਬਾਰੇ ਬੋਲਦਿਆਂ ਨਵੀਨਤਾ ਦੇ ਸੰਕਲਪ ਨੂੰ ਪਰਿਭਾਸ਼ਤ ਕੀਤਾ।ਉਨ੍ਹਾਂ ਨੇ ਮੌਲਿਕਤਾ, ਕਲਪਨਾ, ਪ੍ਰਤੀਬੱਧਤਾ, ਵਿਹਾਰਿਕਤਾ ਅਤੇ ਯੋਜਨਾ ਨੂੰ ਨਵੀਨਤਾ ਦੇ ਪ੍ਰਮੁੱਖ ਤੱਤ ਮੰਨਿਆ।ਉਨ੍ਹਾਂ ਨੇ ਸਭਿਅਤਾਵਾਂ ਦੇ ਇਤਿਹਾਸ, ਸੂਫ਼ੀ ਤੇ ਗੁਰਮਤਿ ਫ਼ਲਸਫ਼ੇ ਦੇ ਪ੍ਰਸੰਗ ਨੂੰ ਪੇਸ਼ ਕਰਦਿਆਂ ਨਵੀਨਤਾ ਦੇ ਅੰਸ਼ਾਂ ਨੂੰ ਉਜਾਗਰ ਕੀਤਾ। ਉਨ੍ਹਾਂ ਅਨੁਸਾਰ ਭਾਸ਼ਾ, ਸਾਹਿਤ, ਸਭਿਆਚਾਰ, ਖੋਜ਼ ਅਤੇ ਅਧਿਆਪਨ ਦੇ ਖੇਤਰਾਂ ਵਿੱਚ ਨਵੀਨਤਾ ਲਈ ਜਾਗਰੂਕਤਾ, ਅੰਤਰ-ਸਬੰਧਤਾ ਅਤੇ ਸਮੁੱਚ ਦੀ ਪਹੁੰਚ ਜਰੂਰੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਬਿਕਰਮਜੀਤ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਦਾ ਭਾਸ਼ਣ ਵਿਸ਼ੇ ਪੱਖੋਂ ਨਵੀਨ, ਸਾਰਥਿਕ ਤੇ ਬਹੁਮੁੱਲਾ ਸੀ।ਇਸ ਰਾਹੀਂ ਵਿਦਿਆਰਥੀਆਂ ਅੰਦਰ ਨਵੀਂ ਚੇਤਨਤਾ ਪੈਦਾ ਹੋਵੇਗੀ।ਉਨ੍ਹਾਂ ਅਨੁਸਾਰ ਅਜੋਕੇ ਦੌਰ ਵਿਚ ਹਰੇਕ ਖੇਤਰ ਦੇ ਵਿਕਾਸ ਲਈ ਨਵੀਨਤਾ ਬਹੁਤ ਜ਼ਰੂਰੀ ਹੈ।ਉਨ੍ਹਾਂ ਨੇ ਵਿਗਿਆਨ ਅਤੇ ਭਾਸ਼ਾ ਦੇ ਖੇਤਰਾਂ ਵਿਚ ਨਵੀਨਤਾ ਦੇ ਅੰਸ਼ਾਂ ਨੂੰ ਉਜ਼ਾਗਰ ਕੀਤਾ।
ਸਮਾਗਮ ਦੇ ਕੋਆਰਡੀਨੇਟਰ ਤੇ ਮੰਚ ਸੰਚਾਲਕ ਡਾ. ਬਲਜੀਤ ਕੌਰ ਰਿਆੜ ਨੇ ਸਰਦਾਰਨੀ ਬਲਬੀਰ ਕੌਰ ਬਰਾੜ ਬਾਰੇ ਕਿਹਾ ਕਿ ਉਨਾਂ ਦੇ ਪਰਿਵਾਰ ਦੀ ਦੂਰਅੰਦੇਸ਼ੀ ਅਤੇ ਯੋਗਦਾਨ ਸਦਕਾ ਅੱਜ ਇਹ ਮੁੱਲਵਾਨ ਵਿਚਾਰ-ਚਰਚਾ ਸੰਭਵ ਹੋ ਸਕੀ ਹੈ।ਅਸਿਸਟੈਂਟ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਹਰਿੰਦਰ ਕੌਰ ਸੋਹਲ, ਡਾ. ਲਖਵੀਰ, ਡਾ. ਸੁਨੀਲ, ਡਾ. ਮੋਹਨ, ਡਾ. ਰਿਹਾਨ, ਡਾ. ਵਿਸ਼ਾਲ, ਉੱਘੀ ਕਵਿਤਰੀ ਅਰਤਿੰਦਰ ਸੰਧੂ, ਰਾਜ ਖੁਸ਼ਵੰਤ ਸਿੰਘ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ. ਅਸ਼ੋਕ ਭਗਤ, ਡਾ. ਅੰਜੂ ਬਾਲਾ ਤੇ ਵੱਡੀ ਗਿਣਤੀ ‘ਚ ਖੋਜ਼ ਤੇ ਹੋਰ ਵਿਦਿਆਰਥੀ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …