Friday, August 1, 2025
Breaking News

1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖਰੀਦ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਕਣਕ ਦੇ ਆ ਰਹੇ ਖਰੀਦ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਮੰਡੀ ਬੋਰਡ ਦੇ ਅਧਿਕਾਰੀਆਂ, ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੁੱਖ ਸਕੱਤਰ ਪੰਜਾਬ ਨਾਲ ਵੀਡੀਓ ਕਾਨਫਰੰਸਿੰਗ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਕਣਕ ਦੇ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ, ਜੋ ਕਿ 31 ਮਈ 2024 ਤੱਕ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖਰੀਦ ਦਾ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ।ਜਿਲ੍ਹੇ ਅੰਦਰ ਕਣਕ ਦਾ ਕੁੱਲ ਰਕਬਾ 188000 ਹੈਕਟੇਅਰ ਹੈ ਅਤੇ ਅੰਦਾਜਨ 940000 ਮੀਟਿਰਕ ਟਨ ਉਤਪਾਦਨ ਹੋਣ ਦੀ ਉਮੀਦ ਹੈ ਅਤੇ ਸਰਕਾਰ ਵਲੋਂ ਅੰਦਾਜ਼ਨ 736011 ਮੀਟਿਰਕ ਟਨ ਖਰੀਦ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਕਣਕ ਦੀ ਖਰੀਦ ਲਈ 11 ਸਬ ਯਾਰਡ ਅਤੇ 38 ਮੰਡੀਆਂ ਬਣਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਏਜੰਸੀ ਪਨਗਰੇਨ ਵਲੋਂ 25.52 ਫੀਸਦੀ, ਮਾਰਕਫੈਡ ਵਲੋਂ 24.12, ਪਨਸਪ ਵਲੋਂ 23.37, ਪੰਜਾਬ ਸਟੇਟ ਵੇਅਰ ਹਾਊਸ ਵਲੋਂ 24.50 ਅਤੇ ਫੂਡ ਕਾਰਪੋਰੇਸ਼ਨ ਇੰਡੀਆ ਵਲੋਂ 12.50 ਫੀਸਦੀ ਅੰਦਾਜ਼ਨ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਘੱਟੋ ਘਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤਾ ਹੈ।ਲੇਬਰ ਤੇ ਢੋਆ ਢੁਆਈ ਦੀ ਪਾਲਿਸੀ ਵੀ ਲਾਗੂ ਕਰ ਦਿੱਤੀ ਗਈ ਹੈ।ਜਿਲ੍ਹੇ ਵਿੱਚ ਕਣਕ ਦੀ ਸਟੋਰੇਜ਼ ਲਈ ਜਗ੍ਹਾ ਵਾਧੂ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਮੰਡੀ ਇੰਸਪੈਕਟਰਾਂ ਨੂੰ ਹਦਾਇਤ ਕਰਦੇ ਕਿਹਾ ਕਿ ਉਹ ਖਰੀਦ ਸੀਜ਼ਨ ਦੌਰਾਨ ਸਕਾਰਤਮਕ ਭੂਮਿਕਾ ਨਿਭਾਉਣ, ਨਾ ਕਿ ਕਿਸਾਨਾਂ ਨੂੰ ਪਰੇਸ਼ਾਨ ਕਰਨ ਵੱਲ ਧਿਆਨ ਦੇਣ।ਥੋਰੀ ਨੇ ਕਿਹਾ ਕਿ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਜਾਂ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸਰਤਾਜ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਕਣਕ ਦੀ ਚੁੱਕਾਈ ਦੇ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਦੇਣ ਤਾਂ ਜੋ ਮੰਡੀਆਂ ਵਿਚ ਕਣਕ ਦੇ ਭੰਡਾਰ ਨਾ ਲੱਗਣ।ਸਾਰੇ ਵਿਭਾਗਾਂ ਤੇ ਖਰੀਦ ਏਜੰਸੀਆਂ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਇਕ ਟੀਮ ਬਣਕੇ ਕੰਮ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਮੇਰੇ ਸਮੇਤ ਸਾਰੇ ਐਸ.ਡੀ.ਐਮ ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਕੰਮ ਵਿਚ ਤੁਹਾਡੇ ਨਾਲ ਹਨ ਅਤੇ ਕਿਸੇ ਵੀ ਲੋੜ ਵੇਲੇ ਤੁਸੀਂ ਸਾਡੀ ਸਹਾਇਤਾ ਲੈ ਸਕਦੇ ਹੋ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਅੰਮ੍ਰਿਤਸਰ ਮਨਕੰਵਲ ਚਾਹਲ, ਐਸ.ਡੀ.ਐਮ ਅਜਨਾਲਾ ਅਰਵਿੰਦਰਪਾਲ ਸਿੰਘ ਇਸ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …