ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਪੱਪੂ ਅਤੇ ਹਰਵਿੰਦਰ ਸਿੰਘ ਕੇ.ਪੀ. ਨੇ ਸਰਨਾ ਧੜੇ ਤੋਂ ਦਿੱਲੀ ਕਮੇਟੀ ਮੈਂਬਰ ਤਜਿੰਦਰ ਪਾਲ ਸਿੰਘ ਗੋਪਾ ਵੱਲੋਂ ਉਨ੍ਹਾਂ ਨੂੰ ਮੈਂਬਰ ਫੰਡ ਕਮੇਟੀ ਪ੍ਰਬੰਧਕਾਂ ਵੱਲੋਂ ਜਾਰੀ ਨਾ ਕਰਨ ਦੇ ਕੀਤੇ ਗਏ ਦਾਅਵੇ ਨੂੰ ਹਾਸੋਹਿਣਾ ਦੱਸਿਆ ਹੈ। ਗੋਪਾ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਕੀਤੀ ਗਈ ਮੰਗ ਨੂੰ ਤੱਥਿਆਂ ਤੋਂ ਪਰ੍ਹੇ ਦੱਸਦੇ ਹੋਏ ਪੱਪੂ ਅਤੇ ਕੇ.ਪੀ. ਨੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਦੇ 12 ਸਾਲ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਕਮੇਟੀ ਮੈਂਬਰਾਂ ਨੂੰ ਫੰਡ ਨਾ ਦਿੱਤੇ ਜਾਣ ਦਾ ਹਵਾਲਾ ਵੀ ਦਿੱਤਾ ਹੈ। ਮੌਜੂਦਾ ਕਮੇਟੀ ਵੱਲੋਂ ਸਾਰੇ ਕਮੇਟੀ ਮੈਂਬਰਾਂ ਨੂੰ ਫੰਡ ਦਿੱਤੇ ਜਾਣ ਦਾ ਦਾਅਵਾ ਕਰਦੇ ਹੋਏ ਉਕਤ ਮੈਂਬਰਾਂ ਨੇ ਗੋਪਾ ਨੂੰ ਪਹਿਲੇ ਸਰਨਾ ਭਰਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਵਾਉਣ ਦੀ ਮੰਗ ਕਰਨ ਦੀ ਸਲਾਹ ਦਿੱਤੀ ਹੈ। ਕਮੇਟੀ ਪ੍ਰਬੰਧਕਾਂ ਵੱਲੋਂ 46 ਵਾਰਡਾਂ ਵਿੱਚ ਸੰਗਤਾਂ ਦੇ ਲੋਕ ਭਲਾਈ ਦੇ ਕਾਰਜਾਂ ਲਈ ਦਿੱਤੇ ਜਾਣ ਵਾਲੇ ਫੰਡ ਦੀ ਕੀਤੀ ਜਾ ਰਹੀ ਵੰਡ ਨੂੰ ਵੀ ਉਨ੍ਹਾਂ ਜਾਇਜ਼ ਕਰਾਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੀ ਸੋੜੀ ਸਿਆਸਤ ਲਈ ਕੱਚਹਰੀ ਨਾ ਬਨਾਉਣ ਦੀ ਵੀ ਉਕਤ ਮੈਂਬਰਾਂ ਨੇ ਗੋਪਾ ਨੂੰ ਅਪੀਲ ਕੀਤੀ ਹੈ।ਇਥੇ ਇਹ ਜ਼ਿਕਰਯੋਗ ਹੈ ਕਿ ਮੋੌਜੂਦਾ ਕਮੇਟੀ ਪ੍ਰਬੰਧਕਾਂ ਵੱਲੋਂ ਹਰ ਸਾਲ ਮੈਂਬਰ ਫੰਡ ਦੇ ਤੌਰ ਤੇ ਸਾਰੇ ਮੈਂਬਰਾਂ ਨੂੰ 5 ਲੱਖ ਅਤੇ ਵਿਦਿਅਕ ਸਹਾਇਤਾ ਦੇ ਤੌਰ ਤੇ 1 ਲੱਖ ਦਾ ਫੰਡ ਜਾਰੀ ਕੀਤਾ ਜਾਂਦਾ ਹੈ ਜੱਦੋ ਕਿ ਪਿਛੱਲੀ ਕਮੇਟੀ ਵੱਲੋਂ ਇਹ ਫੰਡ 2.5 ਲੱਖ ਸਲਾਨਾ ਹੀ ਸਿਰਫ ਆਪਣੇ ਮੈਂਬਰਾਂ ਨੂੰ ਦਿੱਤਾ ਜਾਂਦਾ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …