Tuesday, October 8, 2024

ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਤਾਬਦੀਆਂ ਨੂੰ ਸਮਰਪਿਤ ਗੁਰਮਤਿ ਕਾਲਜ ਖੋਲਿਆ ਜਾਵੇਗਾ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬਾਨ ਦੀਆਂ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਇਕ ਹੋਰ ਨਵਾਂ ਗੁਰਮਤਿ ਕਾਲਜ ਖੋਲਿਆ ਜਾਵੇਗਾ।ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅੱਜ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਅਤੇ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ। ਗੁਰਮਤਿ ਸਮਾਗਮ ਦੌਰਾਨ ਕਾਰਜ਼ਕਾਰੀ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਦੇ ਆਦੇਸ਼ਾਂ ਅਨੁਸਾਰ ਦੀਵਾਨ ਵੱਲੋਂ ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬਾਨ ਦੀਆਂ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਇਕ ਹੋਰ ਨਵਾਂ ਗੁਰਮਤਿ ਕਾਲਜ ਖੋਲਿਆ ਜਾਵੇਗਾ। ਇਸ ਤੋਂ ਪਹਿਲਾਂ  ਸੰਗਤੀ ਰੂਪ ਵਿਚ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤਾ ਗਿਆ।ਉਪਰੰਤ ਭਾਈ ਰਜਿੰਦਰ ਸਿੰਘ ਜਾਪ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ, ਬੀਬੀ ਪ੍ਰਭਜੋਤ ਕੌਰ ਦੇ ਕੀਰਤਨੀ ਜੱਥਿਆਂ ਨੇ ਅੰਮ੍ਰਿਤਮਈ ਕੀਰਤਨ ਦੀ ਹਾਜ਼ਰੀ ਭਰੀ।
ਸਮਾਗਮ ਵਿੱਚ ਪੁੱਜੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸਿੱਖ ਧਰਮ ਵਿਚ ਗ੍ਰਹਿਸਥ ਜੀਵਨ ਜੀਉਦਿਆਂ ਸਮਾਜਿਕ ਤੇ ਪਰਿਵਾਰਕ ਜਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਅਧਿਆਤਮ ਨਾਲ ਜੁੜਨ ਦੀ ਜੀਵਨ ਜੁਗਤ ‘ਤੇ ਚਾਨਣਾ ਪਾਇਆ।ਉਹਨਾਂ ਗੁਰੂ ਸਾਹਿਬਾਨ ਵੱਲੋਂ ਬਾਲ ਵਿਆਹ, ਘੁੰਡ ਪ੍ਰਥਾ, ਸਤੀ ਪ੍ਰਥਾ, ਵਿਧਵਾ ਪੁਨਰ ਵਿਆਹ ਅਜਿਹੀਆਂ ਕੁਰੀਤੀਆਂ ਨੂੰ ਖਤਮ ਕਰਨ ਦੀਆਂ ਕੀਤੀਆਂ ਗਈਆਂ ਪਹਿਲ ਕਦਮੀਆਂ ਬਾਰੇ ਦੱਸਿਆ।ਉਹਨਾਂ ਅਜੋਕੇ ਸਮੇਂ ਵਿੱਚ ਬਿਰਧ ਆਸ਼ਰਮਾਂ ਦੀ ਲਗਾਤਾਰ ਵੱਧ ਰਹੀ ਗਿਣਤੀ `ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਰਮਨਜੀਤ ਸਿੰਘ ਅਤੇ ਤਰਲੋਚਨ ਸਿੰਘ ਵਲੋਂ ਗੁਰੂ ਅਮਰਦਾਸ ਜੀ ਨਾਲ ਸੰਬੰਧਤ ਅਤੇ ਧਰਮ ਪ੍ਰਚਾਰ ਕਮੇਟੀ ਦੀ ਕੋਆਰਡੀਨੇਟਰ ਡਾ. ਜਸਵਿੰਦਰ ਕੌਰ ਮਾਹਲ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਸੱਚੇ-ਸੁੱਚੇ ਜੀਵਨ ਅਤੇ  ਬਾਣੀ ਦੀ ਸਾਰਥਿਕਤਾ `ਤੇ  ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।
ਪ੍ਰੋਗਰਾਮ ਦੀ ਸਮਾਪਤੀ ਉਪਰੰਤ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …