ਅੰਮ੍ਰਿਤਸਰ, 8 ਜਨਵਰੀ (ਪ੍ਰੀਤਮ ਸਿੰਘ) – ਨਸ਼ਾਮੁਕਤ ਸੁਹਿਰਦ ਸਮਾਜ ਦੇ ਮਕਸਦ ਅਤੇ ਦੇਸ਼ ਦੀ ਨੌਜਵਾਨੀ ਨੂੰ ਨਸ਼ਿਆਂ ਵਰਗੀਆਂ ਮਾੜੀਆਂ ਅਲਾਮਤਾਂ ਤੋਂ ਜਾਗਰੂਕ ਕਰਨ ਲਈ 22 ਜਨਵਰੀ ਨੂੰ ਭਾਜਪਾ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਵੱਲੋਂ ਅੰਮ੍ਰਿਤਸਰ ਵਿਖੇ ਪੰਜਾਬ ਭਾਜਪਾ ਦੀ 3 ਪੜਾਵੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਆਗਾਜ਼ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅਹਿਮ ਤੇ ਉਚਿੱਤ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਖੁਸ਼ਹਾਲੀ ਲਈ ਸਮੇਂ-ਸਮੇਂ ‘ਤੇ ਲਏ ਗਏ ਫ਼ੈਸਲਿਆਂ ਨਾਲ ਜਿੱਥੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਨੂੰ ਕਿਸੇ ਹੱਦ ਤੱਕ ਠੱਲ੍ਹ ਪਵੇਗੀ, ਉੱਥੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਲਾਗੂ ਕਰਨ ਨਾਲ ਬੇਰੁਜਗਾਰੀ ਵੀ ਘਟੇਗੀ।
117 ਵਿਧਾਨ ਸਭਾ ਹਲਕਿਆਂ ਦੇ ਘੱਟੋ ਘੱਟ 6 ਹਜਾਰ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਸਥਾਪਿਤ ਕਰਨ ਵਾਲੀ ਉਕਤ ਜਾਗਰੂਕਤਾ ਮੁਹਿੰਮ ਸਬੰਧੀ ਸ: ਛੀਨਾ ਨੇ ਕਿਹਾ ਕਿ ਸ੍ਰੀ ਸ਼ਾਹ ਵੱਲੋਂ ਵਿੱਢੀ ਗਈ ਮੁਹਿੰਮ ਦੌਰਾਨ ਪੰਜਾਬ ਭਾਜਪਾ ਵਰਕਰ ਸੂਬੇ ਦੇ ਨੌਜਵਾਨਾਂ ਨੂੰ ਇਨ੍ਹਾਂ ਜਾਨਲੇਵਾ ‘ਐਬ’ ਤੋਂ ਮੁਕਤੀ ਦਿਵਾਉਣ ਤੇ ਇਸਦੇ ਭਿਅੰਕਰ ਸਿੱਟਿਆਂ ਬਾਰੇ ਜਾਗ੍ਰਿਤ ਕਰੇਗੀ।ਸ: ਛੀਨਾ ਨੇ ਕਿਹਾ ਕਿ ਸ੍ਰੀ ਮੋਦੀ ਦਾ ਸੁਪਨਾ ਦੇਸ਼ ਵਿੱਚ ਪੈਦਾ ਹੋਈਆਂ ਨੂੰ ਉਨਤਾਈਆਂ ਨੂੰ ਜੜ੍ਹੋਂ ਉਖਾੜਣਾ ਅਤੇ ਖੁਸ਼ਹਾਲੀ ਤੇ ਤਰੱਕੀ ਦੇ ਨਵੇਂ-ਨਵੇਂ ਸਾਧਨ ਪੈਦਾ ਕਰਨਾ ਹੈ ਤਾਂ ਜੋ ਕਿ ਦੇਸ਼ ਵਿੱਚੋਂ ਨਸ਼ਿਆਂ ਦੇ ਨਾਲ-ਨਾਲ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰੀ ਦਾ ਵੀ ਖਾਤਮਾ ਕੀਤਾ ਜਾ ਸਕੇ। ਜਿਸ ਲਈ ਸਮੂੰਹ ਭਾਜਪਾ ਵਰਕਰਾਂ ਨੇ ਇਕਜੁੱਟ ਹੋ ਕੇ ਸ੍ਰੀ ਮੋਦੀ ਵੱਲੋਂ ਚੁੱਕੇ ਗਏ ਬੀੜੇ ਨੂੰ ਸਾਕਾਰ ਕਰਨ ਲਈ ਹਾਮੀ ਪ੍ਰਗਟਾਉਂਦਿਆਂ 22 ਜਨਵਰੀ ਦੀ ਨਸ਼ਾ ਮੁਕਤੀ ਰੈਲੀ ਲਈ ਜ਼ਿਲ੍ਹੇ ਤੇ ਦਿਹਾਤੀ ਦੇ ਲੋਕਾਂ ਨੂੰ ਵੱਧ ਚੜ੍ਹ ਕੇ ਸ਼ਿਰਕਤ ਕਰਨ ਦਾ ਸੁਨੇਹਾ ਦਿੱਤਾ।
ਸ: ਛੀਨਾ ਨੇ ਨਸ਼ੇ ਨੂੰ ਖਤਰਨਾਕ ਸੱਪ ਦੇ ਜਹਿਰ ਵਾਂਗੂੰ ਦੱਸਿਆ ਕਿਹਾ ਕਿ ਇਸ ਦੇ ਡੰਗ ਕਈ ਘਰਾਂ ਦੇ ਘਰ ਉਜੜ ਗਏ ਚੁੱਕੇ ਹਨ ਅਤੇ ਕਈ ਉਜੜ ਰਹੇ ਹਨ।ਅੱਜ ਦੇ ਸਮੇਂ ਵਿੱਚ ਅਜਿਹੇ ਖ਼ਤਰਨਾਕ ‘ਐਬ’ ਦੇ ਆਦੀ ਨੌਜਵਾਨ ਨਸ਼ੇ ਦੀ ਪੂਰਤੀ ਲਈ ਕੋਈ ਜ਼ੁਰਮ ਕਰਨ ਤੋਂ ਖੌਂਫ਼ਜਦਾ ਨਹੀਂ ਹਨ।ਉਨ੍ਹਾਂ ਕਿਹਾ ਕਿ ਇਸ ਵੇਲੇ ਮੋਦੀ ਲਹਿਰ ਵੱਡੇ ਪੱਧਰ ‘ਤੇ ਸਰਗਰਮ ਹੋਣ ਕਾਰਨ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਉੱਡੀ ਪਈ ਹੈ।ਸ: ਛੀਨਾ ਨੇ ਸਮੂੰਹ ਜਨਤਾ ਨੂੰ ਨਸ਼ਿਆਂ ਦੀ ਤਸਕਰੀ ਤੇ ਧੰਦੇਬਾਜ਼ਾਂ ਨੂੰ ਤਿਆਗਣ ਲਈ ਕਹਿੰਦਿਆ ਕਿਹਾ ਕਿ ਨਸ਼ਿਆਂ ਦੇ ਗੜ ਵਜੋਂ ਚਰਚਿਤ ਪੰਜਾਬ ਨੂੰ ‘ਨਸ਼ਾ ਮੁਕਤ’ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਸੰਕੀਰਣ ਸੋਚ ‘ਤੋਂ ਉਠਕੇ ਅਤੇ ਆਮ ਨਾਗਰਿਕ ਨਸ਼ਾ ਵਿਰੋਧੀ ਅਭਿਆਨ ਵਿੱਚ ਆਪਣਾ ਸਹਿਯੋਗ ਪਾਉਣ।