Thursday, December 26, 2024

ਪੰਜਾਬੀ ਦੇ ਸ਼ਬਦ-ਜੋੜਾਂ ਦੀ ਘੜਮੱਸ ਚੌਦੇਂ

ਗਿਆਨੀ ਸੰਤੋਖ ਸਿੰਘ,
ਸਿਡਨੀ (ਆਸਟਰੇਲੀਆ)
ਵੈਸੇ ਤਾਂ ਇਹਨਾਂ ਦਿਨਾਂ ਵਿਚ ਪੰਜਾਬੀ ਪੜ੍ਹਨ ਤੇ ਲਿਖਣ ਦਾ ਯਤਨ ਕਰਨਾ ਹੀ ਇਕ ਪ੍ਰਸੰਸਾ ਦੇ ਯੋਗ ਕਾਰਜ ਹੈ ਤੇ ਫੇਰ ਜੇਕਰ ਕੋਈ ਵਿਦਵਾਨ ਲ਼ਿਖਣ ਸਮੇ ਇਸਦੇ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ ਨੂੰ ਵੀ ਧਿਆਨ ਵਿਚ ਰੱਖਣ ਦਾ ਯਤਨ ਕਰੇ ਤਾਂ ਇਹ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ। ਜੇਕਰ ਹੋ ਸਕੇ ਤਾਂ ਅਸੀਂ ਇਸਨੂੰ ਲਿਖਣ ਵਾਲ਼ੇ, ਸਮਰੱਥਾ ਅਨੁਸਾਰ, ਕੁਝ ਹੋਰ ਉਦਮ ਕਰਕੇ, ਇਹਨਾਂ ਵਿਚ ਸਰਲਤਾ ਤੇ ਇਕਸਾਰਤਾ ਲਿਆਉਣ ਦਾ, ਸਹਿੰਦਾ ਸਹਿੰਦਾ ਯਤਨ ਕਰਦੇ ਰਹੀਏ ਤਾਂ ਇਹ ਵੀ ਮਾਂ-ਬੋਲੀ ਦੀ ਇਕ ਕਿਸਮ ਦੀ ਸੇਵਾ ਹੀ ਹੋਵੇਗੀ। ਇਹ ਵੀ ਸੱਚ ਹੈ ਕਿ ਹਰ ਲੇਖਕ ਆਪਣੀ ਮਰਜੀ ਅਨੁਸਾਰ ਸ਼ਬਦ-ਜੋੜਾਂ ਦੀ ਵਰਤੋਂ ਕਰਦਾ ਹੈ; ਇਸ ਤਰ੍ਹਾਂ ਕਰਨ ਨੂੰ ਉਹ ਠੀਕ ਵੀ ਸਮਝਦਾ ਹੈ ਤੇ ਇਉਂ ਸਮਝਣਾ ਉਸਦਾ ਹੱਕ ਵੀ ਹੈ। ਹਰੇਕ ਵਿਦਵਾਨ ਲਿਖਾਰੀ ਦੇ ਇਸ ਹੱਕ ਦਾ ਆਦਰ ਕਰਦਿਆਂ ਹੋਇਆਂ ਵੀ, ਇਕਸਾਰਤਾ ਵਾਸਤੇ, ਯਥਾਸ਼ਕਤਿ ਉਦਮ ਕਰਨ ਦਾ, ਸਾਡਾ ਵੀ ਹੱਕ ਬਣਦਾ ਹੈ।
ਇਹਨੀ ਦਿਨੀਂ ਪੰਜਾਬੀ ਸ਼ਬਦ-ਜੋੜਾਂ ਦੀ ਤਾਂ ਗਿਆਨੀ ਗਿਆਨ ਸਿੰਘ ਜੀ ਅਨੁਸਾਰ,
“ਅੰਨ੍ਹੀ ਕਉ ਬੋਲ਼ਾ ਘੜੀਸੈ॥
ਨ ਉਸ ਸੁਣੈ ਨ ਉਸ ਦੀਸੈ॥”
ਵਾਲ਼ੀ ਹਾਲਤ ਹੈ। ਹਰ ਕੋਈ ਆਪਣੀ ਮਰਜੀ ਨਾਲ਼ ਹੀ ਲਿਖੀ ਜਾਂਦਾ ਹੈ। ਇਕ ਇਕ ਪੰਜਾਬੀ ਸ਼ਬਦ ਨੂੰ ਪੰਜ ਪੰਜ ਤਰ੍ਹਾਂ ਲਿਖੀ ਜਾਂਦੇ ਹਨ। ਜਿਵੇਂ ਅਜ-ਕਲ੍ਹ ਗੁਰਮੁਖੀ ਫੌਂਟਾਂ ਨੇ ਘੜਮੱਸ ਚੌਦੇਂ ਪਾ ਕੇ ਪੰਜਾਬੀ ‘ਕੰਪਿਊਟਰਿਸਟਾਂ’ ਨੂੰ ਵਖ਼ਤ ਪਾਇਆ ਹੋਇਆ ਹੈ ਏਸੇ ਤਰ੍ਹਾਂ ਸਦੀਆਂ ਤੋਂ ਪੰਜਾਬੀ ਸ਼ਬਦ-ਜੋੜਾਂ ਨੇ ਵੀ ਪਾੜ੍ਹਿਆਂ ਲਈ ਘੀਚਮਚੋਲ਼ਾ ਜਿਹਾ ਪਾਉਣ ਵਿਚ ਕੋਈ ਕਸਰ ਨਹੀ ਛੱਡੀ। “ਜਿਹਾ ਬੋਲੋ, ਤਿਹਾ ਲਿਖੋ” ਅਸੂਲ ਤਾਂ ਬਣਾਇਆ ਸੀ ਸਿਆਣਿਆਂ ਨੇ ਭਈ ਪੰਜਾਬੀ ਵਿਚ ਵੀ ਸਾਈਕਾਲੋਜੀ ਨੂੰ ਪਸਾਈਚਲੋਜੀ ਵਰਗੀ ਹਾਲਤ ਬਣਨ ਤੋਂ ਰੋਕ ਕੇ ਲਿਖਤ ਨੂੰ ਪਾਠਕਾਂ ਦੀ ਬੋਲ-ਚਾਲ ਦੇ ਨੇੜੇ ਰਖਿਆ ਜਾਵੇ ਪਰ ਇਸ ਨਿਯਮ ਦਾ ਲਿਖਾਰੀਆਂ ਨੇ ਓਸੇ ਤਰ੍ਹਾਂ ਹੀ ਦੁਰਉਪਯੋਗ ਕੀਤਾ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੇ ‘ਰਾਜ-ਰੱਬਾਂ’ ਨੇ ਹਿੰਦੁਸਤਾਨ ਦੇ ਚੰਗੇ ਸੰਵਿਧਾਨ ਦਾ। ਫੇਰ ਸਿਤਮ ਇਹ ਕਿ ਕਿਸੇ ਡਿਕਸ਼ਨਰੀ ਜਾਂ ਹੋਰ ਕਿਸੇ ਪੰਜਾਬੀ ਪਾਸੋਂ ਪੁੱਛ ਲੈਣ ਨੂੰ ਆਪਣੀ ਹੱਤਕ ਖਿਆਲ ਕਰਦੇ ਹਨ। ਅੰਗ੍ਰੇਜ਼ੀ ਦੇ ਜੋ ਸਪੈਲਿੰਗ 1476 ਵਿਚ, ਮਿ. ਕੈਕਸਟਨ (William Caxton (c. 1415~1422 – c. March 1492) ਨੇ ਬਣਾ ਦਿਤੇ ਅੱਜ ਵੀ ਉਹ ਤਕਰੀਬਨ ਸਾਰੀ ਦੁਨੀਆਂ ਤੇ ਚੱਲਦੇ ਹਨ।
ਪੰਜਾਬੀ ਯੂਨਵਿਰਸਟੀ ਪਟਿਆਲਾ ਵਾਲ਼ਿਆਂ ਨੇ ਕਰੋੜਾਂ ਖ਼ਰਚ ਕੇ, ੧੫੯ ਵਿਦਵਾਨਾਂ ਦੀ ਸਹਾਇਤਾ ਲੈਕੇ. ਪੂਰਾ ਜ਼ਿਲਾ ਅੰਮ੍ਰਿਤਸਰ ਤੇ ਜ਼ਿਲਾ ਗੁਰਦਾਸਪੁਰ ਦੀ ਤਸੀਲ ਬਟਾਲਾ ਨੂੰ ਆਧਾਰ ਬਣਾ ਕੇ, ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਨਾਂ ਦਾ ਬੜਾ ਵੱਡਾ ਗ੍ਰੰਥ ਸਿਰਜਿਆ ਹੈ। ਉਦਮ ਬੜਾ ਹੀ ਸ਼ਲਾਘਾਯੋਗ ਹੈ ਪਰ ਉਹ ਵੀ ਊਣਤਾਈਆਂ ਤੋਂ ਰਹਿਤ ਨਹੀ। ਮਿਸਾਲ ਵਜੋਂ ਅਸੀਂ ਦੋ ਸ਼ਬਦ ਲੈਂਦੇ ਹਾਂ। ਇਕ ਹੈ ‘ਹੁਦਾਰ’ ਉਹ ਇਸ ਅਰਥ ਵਿਚ ਉਧਾਰ ਸ਼ਬਦ ਨੂੰ ਵਰਤਦੇ ਹਨ ਤੇ ਨਾਲ਼ ਹੀ ਆਖਦੇ ਨੇ ਕਿ ਬੋਲ-ਚਾਲ ਵਿਚ ਹੁਦਾਰ ਵੀ ਵਰਤਿਆ ਜਾਂਦਾ ਹੈ। ਦੱਸੋ ਕਿ ਜੇ ਅੰਮ੍ਰਿਤਸਰ ਦੇ ਵਸਨੀਕ ਹੁਦਾਰ ਆਖਦੇ ਹਨ ਤਾਂ ਤੁਸੀਂ ਕਿਉਂ ਉਧਾਰ ਲਿਖ ਕੇ ਦੁਬਿਧਾ ਖੜ੍ਹੀ ਕਰਦੇ ਹੋ ਜਦੋਂ ਕਿ ਇਹ ਉਧਾਰ ਸ਼ਬਦ ਹੋਰ ਅਰਥਾਂ ਵਿਚ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਵਰਤੀਂਦਾ ਹੈ! ਦੂਜਾ ਸ਼ਬਦ ਹੈ ‘ਛਨਿਛਰਵਾਰ’। ਇਸ ਦੀ ਤਾਂ ਬਿਲਕੁਲ ਹੀ ਗ਼ਲਤ ਵਰਤੋਂ ਹੁੰਦੀ ਹੈ। ਇਹਨਾਂ ਨੇ ਵੀ ਇਸਨੂੰ ‘ਸ਼ਨਿਚਰਵਾਰ’ ਲਿਖ ਕੇ ਨਾਲ਼ ਹੀ ਲਿਖ ਦਿਤਾ ਹੈ ਕਿ ਬੋਲ-ਚਾਲ ਵਿਚ ‘ਛਨਿਛਰਵਾਰ’ ਵੀ ਵਰਤਿਆ ਜਾਂਦਾ ਹੈ। ਦੱਸੋ ਭਈ ਜੇ ਚਾਰ ਸਦੀਆਂ ਪਹਿਲਾਂ ਲਿਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਛਨਿਛਰਵਾਰ’ ਹੈ ਤੇ ਤੁਸੀਂ ਖ਼ੁਦ ਵੀ ਮੰਨਦੇ ਹੋ ਕਿ ਅੱਜ ਵੀ ਲੋਕੀਂ ਇਸਨੂੰ ‘ਛਨਿਛਰਵਾਰ’ ਬੋਲਦੇ ਹਨ ਤਾਂ ਤੁਹਾਨੂੰ ਕੀ ਮਜਬੂਰੀ ਹੈ ਜਿਸ ਕਰਕੇ ਤੁਸੀਂ ਇਸਦੇ ਸਹੀ ਉਚਾਰਣ ‘ਛਨਿਛਰਵਾਰ’ ਨੂੰ ਬਦਲ ਕੇ ‘ਸ਼ਨਿਚਰਵਾਰ’ ਬਣਾ ਲਿਆ ਹੈ!
ਭਾਵੇਂ ਕਿ ਬਹੁਤ ਸਾਰੇ ਵਿਦਵਾਨ ਇਸ ਵਿਸ਼ੇ ਨੂੰ ਬੇਲੋੜਾ ਹੀ ਸਮਝਣ ਪਰ ਕੋਈ ਚਾਰ-ਕੁ ਦਹਾਕੇ ਪਹਿਲਾਂ, ‘ਪ੍ਰੀਤਲੜੀ’ ਵਿਚ ਦੋ ਧੁਰੰਤਰ ਵਿਦਵਾਨਾਂ ਦੇ ਵਿਚਾਰ ਇਸ ਸਬੰਧ ਵਿਚ ਪੜ੍ਹੇ; ਅੱਜ ਤੱਕ ਨਹੀ ਭੁੱਲੇ। ਇਕ ਸਨ ਡਾ: ਹਰਿਭਜਨ ਸਿੰਘ ਜੀ ਅਤੇ ਦੂਜੇ ਸਨ ਸ: ਸੋਹਣ ਸਿੰਘ ਜੋਸ਼ ਜੀ। ਡਾਕਟਰ ਸਾਹਿਬ ਹਿੰਦੀ ਦੀ ਪੀ. ਐਚ. ਡੀ. ਸਨ ਤੇ ਦਿੱਲੀ ਯੂਨੀਵਰਸਟੀ ਵਿਚ ਹਿੰਦੀ ਦੇ ਪ੍ਰੋਫ਼ੈਸਰ ਸਨ ਤੇ ਹਿੰਦੀ ਦੇ ਪ੍ਰਭਾਵ ਅਧੀਨ, ਉਹਨਾਂ ਨੇ ਇਕ ਲੇਖ ਵਿਚ ‘ਪਾਣੀ’ ਨੂੰ ‘ਪਾਨੀ’ ਲਿਖ ਦਿਤਾ। ਸ: ਸੋਹਣ ਸਿੰਘ ਜੋਸ਼ ਸਾਬਕ ਅਕਾਲੀ ਅਤੇ ਪ੍ਰਸਿਧ ਕਮਿਊਨਿਸਟ ਲਿਖਾਰੀ ਤੇ ਪੱਤਰਕਾਰ ਸਨ; ਤੇ ਭਾਵੇਂ ਰਹਿੰਦੇ ਉਹ ਵੀ ਦਿੱਲੀ ਵਿਚ ਹੀ ਸਨ ਪਰ ਜ਼ਿਲਾ ਅੰਮ੍ਰਿਤਸਰ ਦੇ ਜੰਮ-ਪਲ਼ ਹੋਣ ਕਰਕੇ, ਉਹਨਾਂ ਨੇ ਇਸ ਨੂੰ ਬੜੀ ਗੰਭੀਰਤਾ ਨਾਲ਼ ਲਿਆ। ਡਾਕਟਰ ਸਾਹਿਬ ਦੇ ਇਹ ਕਹਿਣ ਤੇ, “ਕੀ ਆਖਰ ਆ ਗਈ ਜੇ ਮੈ ਪਾਣੀ ਨੂੰ ਪਾਨੀ ਲਿਖ ਦਿਤਾ ਤਾਂ!” ਜਵਾਬ ਵਿਚ ਜੋਸ਼ ਜੀ ਨੇ ਆਖਿਆ, “ਅਸੀਂ ਸਹੇ ਨੂੰ ਨਹੀ ਪਹੇ ਨੂੰ ਰੋਂਦੇ ਹਾਂ। ਪਾਣੀ ਨੂੰ ਪਾਨੀ ਆਖਣ ਨਾਲ਼ ਆਖਰ ਨਹੀ ਆਈ। ਡਰ ਹੈ ਕਿ ਇਹ ਕਿਤੇ ‘ਪਾਣੀ’ ਤੋਂ ‘ਪਾਨੀ’ ਬਣਦਾ ਬਣਦਾ ‘ਜਲ’ ਨਾ ਬਣ ਜਾਵੇ, ਜੋ ਫੇਰ ਸਾਥੋਂ ‘ਗ੍ਰਹਿਣ’ ਨਹੀ ਕਰ ਹੋਣਾ।”
ਪੰਜਾਬੀ ਵਿਚ ਬਹੁਤ ਵਾਰੀਂ ਇਸ ਤਰ੍ਹਾਂ ਹੁੰਦਾ ਹੈ ਕਿ ਗ਼ਲਤ ਸ਼ਬਦ-ਜੋੜਾਂ ਕਰਕੇ ਅਰਥ ਦਾ ਅਨਰਥ ਹੀ ਹੋ ਜਾਂਦਾ ਹੈ। ਅਸੀਂ ਪਦ ਨੂੰ ਪੱਦ ਤੇ ਪੱਦ ਨੂੰ ਪਦ, ਪੱਧਰ ਨੂੰ ਪਧਰ ਤੇ ਪਧਰ ਨੂੰ ਪੱਧਰ, ਜਾਂਚ ਨੂੰ ਜਾਚ ਤੇ ਜਾਚ ਨੂੰ ਜਾਂਚ, ਪਤਨ ਨੂੰ ਪੱਤਣ ਤੇ ਪੱਤਣ ਨੂੰ ਪਤਨ, ਉਧਾਰ ਨੂੰ ਹੁਦਾਰ ਤੇ ਹੁਦਾਰ ਨੂੰ ਉਧਾਰ, ਬਿਨਾ ਇਹਨਾਂ ਦੇ ਅਰਥ ਸਮਝੇ ਹੀ ਲਿਖੀ ਜਾ ਰਹੇ ਹਾਂ। ਅਸੀਂ ਇਹ ਜਾਨਣ ਦਾ ਯਤਨ ਹੀ ਨਹੀ ਕਰਦੇ ਕਿ ਪੰਜਾਬੀ ਦੇ ਇਹ ਤਿੰਨ ਸ਼ਬਦ ਉਦਾਰ, ਉਧਾਰ ਤੇ ਹੁਦਾਰ ਹਨ ਜਿਨ੍ਹਾਂ ਦੇ ਵੱਖ ਵੱਖ ਅਰਥ ਹਨ:
(a) ਉਧਾਰ — ਗੁਰੂ ਨਾਨਕ ਦੇਵ ਜੀ ਨੇ ਪਾਪੀਆਂ ਦਾ ਉਧਾਰ ਕੀਤਾ।
(ਅ) ਉਦਾਰ — ਉਹ ਉਦਾਰ ਵਿਚਾਰਾਂ ਦਾ ਧਾਰਨੀ ਹੈ।
(e) ਹੁਦਾਰ –ਮੈ ਹੁਦਾਰ ਚੁੱਕ ਕੇ ਕੰਮ ਸਾਰਿਆ।
ਇਕ ਅੱਖਰ, ਪੈਰ ਵਿਚ ਬਿੰਦੀ ਵਾਲ਼ੇ ਜ਼ ਦੀ ਵੀ ਅਜ ਕਲ੍ਹ ਬੁਰੀ ਤਰ੍ਹਾਂ ਮਿੱਟੀ ਬਾਲ਼ੀ ਜਾਦੀ ਹੈ। ਕੁਝ ਸਾਲਾਂ ਤੋਂ ਅਖ਼ਬਾਰਾਂ, ਕਿਤਾਬਾਂ, ਸਾਈਨ ਬੋਰਡਾਂ, ਏਥੋਂ ਤੱਕ ਕਿ ਆਮ ਬੋਚ-ਚਾਲ ਵਿਚ ਵੀ ਇਸਨੂੰ ਜ ਦੇ ਥਾਂ ਏਨੀ ਬੁਰੀ ਤਰ੍ਹਾਂ ਗ਼ਲਤ ਵਰਤਿਆ ਜਾਂਦਾ ਹੈ ਕਿ ਕਈ ਵਾਰ ਖ਼ੁਦ ਨੂੰ ਇਹ ਭੁਲੇਖਾ ਲੱਗ ਜਾਣ ਦੀ ਨੌਬਤ ਵੀ ਆ ਜਾਂਦੀ ਹੈ ਕਿ ਜੇਕਰ ਏਨੇ ਵਿਦਵਾਨ ਲੋਕ ਇਸ ਤਰ੍ਹਾਂ ਇਸਨੂੰ ਵਰਤਦੇ ਹਨ ਤਾਂ ਕਿਤੇ ਮੈ ਹੀ ਗ਼ਲਤ ਨਾ ਹੋਵਾਂ! ਇਸ ਗੱਲ ਤੋਂ ਤਾਂ ਕਰੀਬਨ ਸਾਰੇ ਪਾਹੜੇ ਜਾਣੂ ਹੀ ਹਨ ਕਿ ਪੰਜਾਬੀ (ਗੁਰਮੁਖੀ) ੱਿਲੱਪੀ, ਜਿਸਨੂੰ ਪੈਂਤੀ ਅੱਖਰ ਹੋਣ ਕਰਕੇ ‘ਪੈਂਤੀ’ ਵੀ ਆਖਿਆ ਜਾਂਦਾ ਹੈ, ਵਿਚ ਫ਼ਾਰਸੀ ਦੇ ਸ਼ਬਦਾਂ ਦਾ ਸਹੀ ਉਚਾਰਣ ਕਰਨ ਵਾਸਤੇ ਪੰਜ ਅੱਖਰਾਂ ਦੇ ਪੈਰਾਂ ਵਿਚ ਬਿੰਦੀ ਲਾ ਕੇ ਪੰਜ ਅੱਖਰਾਂ ਦਾ ਵਾਧਾ ਕੀਤਾ ਗਿਆ ਸੀ; ਉਹਨਾਂ ਵਿਚੋਂ ਇਕ ਜ਼ ਵੀ ਹੈ ਪਰ ਵਰਤਣ ਸਮੇ ਇਸਦੀ ਵੀ ਖੇਹ ਉਡਾਈ ਜਾਂਦੀ ਹੈ। ਅਰਥਾਤ ਜਿਥੇ ਲੋੜ ਹੈ ਓਥੇ ਨਹੀ ਤੇ ਜਿਥੇ ਨਹੀ ਵਰਤਣਾ ਓਥੇ ਅਧਕ ਵਾਂਗ ਹੀ, ਜ ਦੇ ਪੈਰ ਵਿਚ ਬਿੰਦੀ ਘਸੋੜ ਦਿੰਦੇ ਹਾਂ। ਸ਼ਾਇਦ ਅਸੀਂ ਦੂਸਰਿਆਂ ਉਪਰ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵਿਚ ਅਜਿਹਾ ਕਰਦੇ ਹਾਂ! ਸੌਖੀ ਜਿਹੀ ਗਲ ਹੈ ਕਿ ਅਧਕ ਵਾਂਗ ਹੀ ਜਿਥੇ ਅਸੀਂ ਸਪੱਸ਼ਟ ਨਹੀ ਓਥੇ ਇਸਨੂੰ ਨਾ ਵਰਤਿਆ ਜਾਵੇ; ਇਸ ਤੋਂ ਬਿਨਾ ਵੀ ਸਰ ਸਕਦਾ ਹੈ; ਅੰਦਾਜ਼ੇ ਨਾਲ਼ ਗ਼ਲਤ ਵਰਤਣ ਦੀ ਥਾਂ। ਮਿਸਾਲ ਵਜੋਂ: ਜ਼ੰਗ (ਜੰਗ), ਬਰਿਜ਼ (ਬਰਿਜ), ਲੈਂਗਵਿਜ਼ (ਲੈਂਗਵਿਜ), ਫਰਿਜ਼ (ਫਰਿਜ), ਜ਼ਲਵਾ (ਜਲਵਾ), ਹਜ਼ਮ (ਹਜਮ), ਪੰਜ਼ਾਬ (ਪੰਜਾਬ), ਕਾਲਜ਼ (ਕਾਲਜ), ਫੌਜ਼ (ਫੌਜ), ਮੌਜ਼ (ਮੌਜ) ਆਦਿ
ਇਕ ਸ਼ਬਦ ਹੈ ‘ਪਰਵਾਰ’ ਜਿਸਦਾ ਸਭ ਤੋਂ ਸਾਦਾ ਰੂਪ ਇਸ ਤਰ੍ਹਾਂ ਹੀ ਹੈ। ਇਸਦੀ ਪ੍ਰੋੜ੍ਹਤਾ, ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਪੁਰਾਤਨ ਸਿੱਖ ਸਾਹਿਤ ਵਿਚੋਂ ਵੀ ਹੁੰਦੀ ਹੈ; ਜਿਵੇਂ ਕਿ, “ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥” ਪਰ ਅੱਜ ਅਸੀਂ ਇਸ ਸਭ ਤੋਂ ਸਾਦੇ ਸ਼ਬਦ ਨੂੰ ਵੀ, ਪਰਿਵਾਰ, ਪ੍ਰਵਾਰ, ਪ੍ਰੀਵਾਰ ਦੇ ਰੂਪ ਵਿਚ ਲਿਖਦੇ ਹਾਂ; ਪਤਾ ਨਹੀ ਕਿਉਂ!
ਇਸ ਮੁਲਕ ਦਾ ਨਾਂ ਅੰਗ੍ਰੇਜ਼ੀ ਅੱਖਰਾਂ ਵਿਚ ਅੁਸਟਰaਲaਿ ਹੈ। ਪੰਜਾਬੀ ਵਿਚ ਲਿਖਣ ਸਮੇ ਇਸਨੂੰ ਅਸਟਰੇਲੀਆ, ਆਸਟਰੇਲੀਆ, ਔਸਟਰੇਲੀਆ, ਔਸਟ੍ਰੇਲੀਆ, ਅਸਟ੍ਰੇਲੀਆ ਤੇ ਹੋਰ ਪਤਾ ਨਹੀ ਕਿੰਨੀ-ਕੁ ਤਰ੍ਹਾਂ ਇਹ ‘ਬਿਦਬਾਨ’ ਲਿਖਦੇ ਹਨ ਜਦੋਂ ਕਿ ਬੋਲ-ਚਾਲ ਅਨੁਸਾਰ ਵੀ ਅਤੇ ਪੰਜਾਬ ਯੂਨੀਵਰਸਟੀ ਟੈਕਸਟ ਬੁੱਕ ਵਾਲ਼ਿਆਂ ਵੱਲੋਂ ਪ੍ਰਕਾਸ਼ਤ ਡਿਕਸ਼ਨਰੀ ਵਿਚ ਵੀ ਇਸਦੇ ਸਪੈਲਿੰਗ ਆਸਟ੍ਰੇਲੀਆ ਦਰਜ ਹਨ।
ਸੰਪਾਦਿਕ, ਇਤਿਹਾਸਿਕ, ਮਿਥਿਹਾਸਿਕ, ਆਸ਼ਿਕ, ਅੰਕਿਤ, ਪ੍ਰਕਾਸ਼ਿਤ, ਅੰਤਿਮ, ਕਾਫ਼ਿਰ, ਕਾਮਿਲ, ਪਰਚਾਰਿਕ, ਆਧਾਰਿਤ ਆਦਿ ਸ਼ਬਦਾਂ ਵਿਚਲੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨੂੰ ਲੱਗੀਆਂ ਸਿਹਾਰੀਆਂ, ਹਿੰਦੀ ਵਿਚ ਤਾਂ ਭਾਵੇਂ ਠੀਕ ਹੋਣ ਪਰ ਪੰਜਾਬੀ ਵਿਚ ਇਹਨਾਂ ਦਾ ਪ੍ਰਯੋਗ, ਦੁਰਉਪਯੋਗ ਹੀ ਲੱਗਦਾ ਹੈ।
ਇਕ ਸ਼ਬਦ ‘ਮੱਸ ਫੁੱਟ’ ਪੰਜਾਬੀ ਵਿਚ ਆਮ ਹੀ ਵਰਤਿਆ ਜਾਂਦਾ, ਦਹਾਕਿਆਂ ਤੋਂ ਪੜ੍ਹਦੇ ਸੁਣਦੇ ਆ ਰਹੇ ਸਾਂ, ਜਿਸ ਦਾ ਮਤਲਬ ਹੈ ਕਿ ਜਿਸਨੂੰ ਦਾਹੜੀ ਆ ਰਹੀ ਹੋਵੇ ਪਰ ਇਸਨੂੰ ਹੁਣ ਬਦਲ ਕੇ ਪਤਾ ਨਹੀ ਕਿਉਂ ‘ਮੁੱਛ ਫੁੱਟ’ ਲਿਖਣਾ ਸ਼ੁਰੂ ਕਰ ਦਿਤਾ ਗਿਆ ਹੈ! ‘ਮੱਸ’ ਦਾਹੜੀ ਦੇ ਥਾਂ ਸ਼ਾਇਦ ‘ਮੁੱਛ’ ਨੂੰ ਸ਼ਾਮਲ ਕਰ ਲਿਆ ਗਿਆ ਹੈ।
ਨਾਂ, ਸੁਝਾ, ਭੈ, ਸ਼ੈ, ਨਿਭਾ ਆਦਿ ਸ਼ਬਦ ਬੜੀ ਸੋਹਣੀ ਤਰ੍ਹਾਂ ਲਿਖੇ, ਬੋਲੇ ਤੇ ਸਮਝੇ ਜਾਂਦੇ ਸਨ ਪਰ ਪਤਾ ਨਹੀ ਹੁਣ ਇਹਨਾਂ ਨਾਲ਼ ‘ਅ’ ਐਡ ਕਰਨ ਦੀ ਕੀ ਮਜਬੂਰੀ ਆ ਬਣੀ ਹੈ!
ਅੱਜ ਤੋਂ ਅਸੀਂ ਏਨਾ ਉਦਮ ਹੀ ਕਰ ਲਈਏ ਕਿ ਅੱਗੇ ਲਿਖੇ ਪੰਜ ਸ਼ਬਦਾਂ ਨੂੰ ਕਿਸੇ ਹੋਰ ਰੂਪ ਵਿਚ ਨਹੀ ਬਲਕਿ ਇਹਨਾਂ ਦੇ ਅਸਲੀ ਰੂਪ ਵਿਚ ਹੀ ਲਿਖਣਾ ਹੈ:

ਆਸਟ੍ਰੇਲੀਆ (ਮੁਲਕ), ਪਰਵਾਰ (ਟੱਬਰ), ਪੱਤਣ (ਘਾਟ), ਪਤਨ (ਗਿਰਾਵਟ) ਤੇ ਛਨਿਛਰਵਾਰ (ਦਿਨ ਦਾ ਨਾਂ)

gianisantokhsingh@yahoo.com

Check Also

ਦੋਗਾਣਾ ਜੋੜੀ `ਗਿਲ ਅਖਾੜੇ ਵਾਲਾ ਤੇ ਚਰਨਜੀਤ ਸੰਧੂ`

ਸੰਗੀਤਕ ਖੇਤਰ `ਚ ਗਾਇਕ ਗਿੱਲ ਅਖਾੜੇ ਵਾਲਾ ਦਾ ਨਾਂ ਕੋਈ ਨਵਾਂ ਨਹੀਂ।ਉਸ ਨੇ ਸੰਘਰਸ਼ ਤੇ …

Leave a Reply