Friday, December 13, 2024

ਖਾਲਸਾ ਕਾਲਜ ਵਿਖੇ 2 ਰੋਜ਼ਾ ‘ਮੈਡੀਕਲ ਆਰਥਰੋਪੋਡੋਲੋਜੀ ਦੀ ਅੰਤਰਰਾਸ਼ਟਰੀ ਕਾਨਫ਼ਰੰਸ’ ਕਰਵਾਈ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਜ਼ੂਲੋਜੀ ਵਿਭਾਗ ਵੱਲੋਂ ਸੋਸਾਇਟੀ ਆਫ਼ ਮੈਡੀਕਲ ਆਰਥਰੋਪੋਡੋਲੋਜੀ ਦੇ ਸਹਿਯੋਗ ਨਾਲ ਮਲੇਰੀਆ ਅਤੇ ਹੋਰ ਵੈਕਟਰ-ਬੋਰਨ ਅਤੇ ਜ਼ੂਨੋਟਿਕ ਬਿਮਾਰੀਆਂ: ਜਨਤਕ ਅਤੇ ਵੈਟਰਨਰੀ ਸਿਹਤ ’ਚ ਮੌਜੂਦਾ ਚੁਣੌਤੀਆਂ ਅਤੇ ਮੌਕਿਆਂ ਬਾਰੇ 2 ਰੋਜ਼ਾ ‘ਮੈਡੀਕਲ ਆਰਥਰੋਪੋਡੋਲੋਜੀ ਦੀ ਅੰਤਰਰਾਸ਼ਟਰੀ ਕਾਨਫ਼ਰੰਸ’ ਕਰਵਾਈ ਗਈ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਦੀ ਅਗਵਾਈ ‘ਚ ਕਰਵਾਈ ਇਸ ਕਾਨਫਰੰਸ ਦਾ ਉਦੇਸ਼ ਖੇਤਰ ਦੇ ਖੋਜਕਰਤਾਵਾਂ ਅਤੇ ਅਕਾਦਮਿਕਾਂ ਨੂੰ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਮਨੱਖਾਂ ’ਚ ਫੈਲਣ ਵਾਲੀਆਂ ਮਲੇਰੀਆ, ਡੇਂਗੂ, ਜ਼ੀਕਾ ਵਾਇਰਸ ਅਤੇ ਚਿਕਨਗੁਨੀਆ ਵਰਗੀਆਂ ਵੈਕਟਰ ਬੋਰਨ ਬਿਮਾਰੀਆਂ ’ਚ ਸ਼ਾਮਿਲ ਵੈਕਟਰਾਂ ਨਾਲ ਲੜਨ ਲਈ ਆਪਣੀਆਂ ਖੋਜ਼ਾਂ ਅਤੇ ਨਵੇਂ ਸਾਧਨਾਂ ਨੂੰ ਸਾਂਝਾ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਹੈ।ਇਸ ਕਾਨਫਰੰਸ ’ਚ ਭਾਰਤ ਅਤੇ ਵਿਦੇਸ਼ਾਂ ਦੇ ਲਗਭਗ 120 ਡੈਲੀਗੇਟਾਂ, ਫੈਕਲਟੀ ਮੈਂਬਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ।
ਕਾਨਫਰੰਸ ’ਚ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਦੇ ਪ੍ਰੋ. ਵਾਇਸ ਚਾਂਸਲਰ ਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਇਸ ਤੱਥ ’ਤੇ ਚਾਨਣਾ ਪਾਇਆ ਕਿ ਵੈਕਟਰ-ਬੋਰਨ ਬਿਮਾਰੀਆਂ ਦੀ ਗੁੰਝਲਦਾਰਤਾ ਵੈਕਟਰ, ਰੋਗਾਣੂ ਅਤੇ ਮਨੁੱਖੀ ਮੇਜ਼ਬਾਨ ਵਿਚਕਾਰ ਗੁੰਝਲਦਾਰ ਸਬੰਧਾਂ ’ਚ ਹੈ ਅਤੇ ਪ੍ਰਭਾਵਸ਼ਾਲੀ ਰੋਕਥਾਮ ਰਣਨੀਤੀਆਂ ’ਚ ਢੁੱਕਵਾਂ ਵਾਤਾਵਰਣ ਪ੍ਰਬੰਧਨ ਅਤੇ ਜਨਤਕ ਸਿਹਤ ਸਿੱਖਿਆ ਸ਼ਾਮਿਲ ਹੈ।
ਸੁਸਾਇਟੀ ਦੇ ਪ੍ਰਧਾਨ ਡਾ. ਬੀ.ਕੇ ਤਿਆਗੀ ਨੇ ਸਮਾਜ ਦੇ ਲਾਭ ਲਈ ਆਰਥਰੋਪੋਡਸ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ।ਉਨ੍ਹਾਂ ਕਿਹਾ ਕਿ ਇਸ ਕਿਸਮ ਦੀ ਕਾਨਫਰੰਸ ਵਿਦਿਆਰਥੀਆਂ ਨੂੰ ਵੈਕਟਰ ਬੋਰਨ ਬਿਮਾਰੀਆਂ ਦੇ ਖੇਤਰ ’ਚ ਹਾਲ ਹੀ ’ਚ ਹੋਈਆਂ ਤਰੱਕੀਆਂ ਬਾਰੇ ਜਾਗਰੂਕ ਹੋਣ ’ਚ ਮਦਦ ਕਰ ਸਕਦੀ ਹੈ।ਸੋਸਾਇਟੀ ਦੇ ਸਕੱਤਰ ਰੈਡੀ ਨਾਇਕ ਨੇ ਕਿਹਾ ਕਿ ਵੈਕਟਰ ਬੋਰਨ ਬਿਮਾਰੀਆਂ ਵਿਸ਼ਵ ਵਿਆਪੀ ਸਿਹਤ ਚੁਣੌਤੀ ਹਨ ਅਤੇ ਮਲੇਰੀਆ, ਡੇਂਗੂ ਬੁਖਾਰ, ਜ਼ੀਕਾ ਵਾਇਰਸ ਅਤੇ ਚਿਕਨਗੁਨੀਆ ਵੈਕਟਰ-ਬੋਰਨ ਬਿਮਾਰੀਆਂ ’ਚੋਂ ਕੁੱਝ , ਜੋ ਵਿਸ਼ਵ ਭਰ ’ਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚੇਅਰਮੈਨ ਆਦਰਸ਼ ਪਾਲ ਵਿਗ ਨੇ ਖੇਤੀਬਾੜੀ ’ਚ ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ ਦੇ ਮੌਜ਼ੂਦਾ ਦ੍ਰਿਸ਼ ਕਾਰਨ ਲਾਭਦਾਇਕ ਕੀੜਿਆਂ ਦੀ ਘੱਟ ਰਹੀ ਆਬਾਦੀ ’ਤੇ ਚਿੰਤਾ ਜ਼ਾਹਿਰ ਕੀਤੀ। ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੁਆਲੋਜੀ ਵਿਭਾਗ ਤੋਂ ਸਾਬਕਾ ਮੁਖੀ ਜਗਬੀਰ ਸਿੰਘ ਕੀਰਤੀ ਨੇ ਕਿਹਾ ਕਿ ਵੈਕਟਰ ਬੋਰਨ ਬਿਮਾਰੀਆਂ ਨਾਲ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਵਿਸ਼ਵਵਿਆਪੀ ਬੋਝ ਨੂੰ ਘਟਾਉਣ ਲਈ ਸਰਕਾਰਾਂ, ਖੋਜ਼ਕਰਤਾਵਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦਰਮਿਆਨ ਸਹਿਯੋਗੀ ਯਤਨ ਜ਼ਰੂਰੀ ਹੈ।
ਜੁਅਲੋਜੀ ਵਿਭਾਗ ਮੁਖੀ ਅਤੇ ਕਾਨਫਰੰਸ ਦੇ ਕਨਵੀਨਰ ਡਾ. ਜਸਵਿੰਦਰ ਸਿੰਘ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।ਕਾਨਫਰੰਸ ਦੇ ਜਥੇਬੰਦਕ ਸਕੱਤਰ ਡਾ: ਅਮਨਦੀਪ ਸਿੰਘ ਨੇ ਪ੍ਰਿੰ: ਡਾ. ਭਾਟੀਆ, ਸਮੂਹ ਭਾਗੀਦਾਰਾਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।ਸਮਾਪਤੀ ਸੈਸ਼ਨ ’ਚ ਸਰਬੋਤਮ ਪੋਸਟਰ ਅਤੇ ਮੌਖਿਕ ਪੈਂਟੇਸ਼ਨ ਨੂੰ ਸਰਟੀਫਿਕੇਟ, ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੁਅਲੋਜੀ ਵਿਭਾਗ ਦੇ ਫੈਕਲਟੀ ਮੈਂਬਰ ਡਾ. ਜ਼ੋਰਾਵਰ ਸਿੰਘ, ਪ੍ਰੋ: ਰਣਦੀਪ ਸਿੰਘ, ਡਾ: ਸਤਿੰਦਰ ਕੌਰ, ਡਾ: ਸੰਦੀਪ ਕੌਰ, ਡਾ: ਅੰਕਿਤਾ ਠਾਕੁਰ, ਡਾ: ਮੁਹੰਮਦ ਅਲੀ, ਆਬਿਦ ਅਮੀਨ, ਸਾਕਸ਼ੀ ਕੌਸ਼ਲ, ਕ੍ਰਿਤਿਕਾ ਕੌਸ਼ਲ, ਨਿਖਾਰ ਸ਼ਰਮਾ ਅਤੇ ਨਰੋਤਮ ਖਜ਼ੂਰੀਆ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …