ਅੰਮ੍ਰਿਤਸਰ, 9 ਜਨਵਰੀ (ਰੋਮਿਤ ਸ਼ਰਮਾ) – ਪੰਜਾਬੀ ਸਾਹਿਤ ਅਤੇ ਭਾਸ਼ਾ ਵਿੱਚ ਨਿਵੇਕਲਾ ਸਥਾਨ ਰੱਖਦੇ ਪੰਜਾਬੀ ਰਸਾਲੇ ‘ਹੁਣ’ ਦਾ ਇਸ ਵਰ੍ਹੇ ਦਾ ਪਲੇਠਾ ਅੰਕ ਸਥਾਨਕ ਵਿਰਸਾ ਵਿਹਾਰ ਵਿਖੇ ਲੋਕ ਅਰਪਿਤ ਕੀਤਾ ਗਿਆ।ਸੰਖੇਪ ਪਰ ਪ੍ਰਭਾਵਸ਼ਾਲੀ ਹੋਏ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ ‘ਹੁਣ’ ਦੇ ਸੰਪਾਦਕ ਸੁਸ਼ੀਲ ਦੋਸਾਂਝ ਨੇ ਬੋਲਦਿਆਂ ਮੈਗਜ਼ੀਨ ਦੇ ਇੱਕ ਦਹਾਕੇ ਦੇ ਸਫਰ ਦੀ ਗੱਲ ਕਰਦਿਆਂ ਕਿਹਾ ਕਿ ਸਾਹਿਤਕ ਰਸਾਲੇ ਦੀ ਪ੍ਰਤੀਬੱਧਤਾ ਪਾਠਕ ਨਾਲ ਬੱਝੀ ਸਦੀਵੀਂ ਸਾਂਝ ਕਰਕੇ ਹੁੰਦੀ ਹੈ।ਜਿਸ ਨੇ ਚੰਗੇ ਲੇਖਕਾਂ ਵੱਲੋਂ ਸਿਰਜੇ ਨਰੋਏ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਵਾਲੀ ਭੂਮਿਕਾ ਅਦਾ ਕਰਨੀ ਹੁੰਦੀ ਹੈ। ਮੰਚ ਸੰਚਾਲਨ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਸਾਹਿਤ ਸਮਾਜ ਅਤੇ ਸਿਰਜਣਾ ਨੂੰ ਅਜਿਹੇ ਸਾਹਿਤਕ ਮੈਗਜ਼ੀਨ ਇੱਕ ਤੰਦ ਵਿੱਚ ਪਰੋ ਕੇ ਰੱਖਦੇ ਹਨ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ‘ਹੁਣ’ ਵਿੱਚ ਛੱਪਦੀਆਂ ਮਿਆਰੀ ਰਚਨਾਵਾਂ ਦੇ ਹਵਾਲੇ ਨਾਲ ਇਸ ਮੈਗਜ਼ੀਨ ਨੂੰ ਵੱਖਰੀ ਨੁਹਾਰ ਵਾਲਾ ਮੈਗਜ਼ੀਨ ਦੱਸਿਆ। ਪ੍ਰੋ: ਊਧਮ ਸਿੰਘ ਸ਼ਾਹੀ ਨੇ ਬੋਲਦਿਆਂ ਕਿਹਾ ਕਿ ਅਜਿਹੇ ਸਾਹਿਤਕ ਰਸਾਲੇ ਲੇਖਕ ਹੀ ਪੈਦਾ ਨਹੀਂ ਕਰਦੇ, ਉਨ੍ਹਾਂ ਦੀਆਂ ਰਚਨਾਵਾਂ ਨੂੰ ਵੀ ਅੱਗੇ ਤੋਰਦੇ ਹਨ। ਸ੍ਰੀ ਪਰਮਿੰਦਰਜੀਤ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿੱਚ ਨਵੀਆਂ ਪੈੜਾਂ ਸਿਰਜਣ ਲਈ ਅਜਿਹੇ ਰਸਾਲਿਆਂ ਦਾ ਯੋਗਦਾਨ ਹੁੰਦਾ ਹੈ। ਅਤਿੰਦਰ ਸੰਧੂ, ਹਜ਼ਾਰਾ ਸਿੰਘ ਚੀਮਾ ਅਤੇ ਡਾ. ਭੁਪਿੰਦਰ ਸਿੰਘ ਮੱਟੂ ਨੇ ਸਾਂਝੇ ਤੌਰ ਤੇ ਕਿਹਾ ਕਿ ਚੰਗਾ ਲਿਖਣ ਲਈ ਚੰਗਾ ਸਾਹਿਤ ਪੜ੍ਹਣਾ ਬਹੁਤ ਜਰੂਰੀ ਹੈ। ਇਸ ਸਮੇਂ ਸ੍ਰੀ ਨਿਰਮਲ ਅਰਪਣ, ਮੋਹਨ ਸਿੰਘ ਰਾਹੀ, ਕਮਲ ਦੁਸਾਂਝ, ਤਰਲੋਚਨ ਸਿੰਘ ਤਰਨ ਤਾਰਨ, ਜਗਦੀਸ਼ ਸਚਦੇਵਾ, ਰਮੇਸ਼ ਯਾਦਵ, ਪ੍ਰੀਤ ਪਾਲ ਰੁਮਾਨੀ, ਸੁਮੀਤ ਸਿੰਘ, ਹਰਭਜਨ ਖੇਮਕਰਨੀ, ਗੁਰਿੰਦਰ ਮਕਨਾ, ਜਗਤਾਰ ਗਿੱਲ, ਧਰਵਿੰਦਰ ਔਲਖ, ਗੁਰਬਾਜ ਤੋਲਾ ਨੰਗਲ, ਇੰਦਰ ਮਾਨ, ਮਨਜੀਤ ਸਿੰਘ, ਹਰਭਜਨ ਗੁਲਾਟੀ, ਪੋ: ਮੋਹਨ ਸਿੰਘ, ਜਸਬੀਰ ਕੌਰ, ਹਰਮੀਤ ਆਰਟਿਸਟ ਅਤੇ ਤਜਿੰਦਰ ਬਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …